ਡਿਊਟੀ ‘ਚ ਅਣਗਹਿਲੀ ਦੇ ਦੋਸ਼ਾਂ ‘ਚ ਕਾਰਜਕਾਰੀ ਇੰਜੀਨੀਅਰ ਖਣਨ ਰੂਪਨਗਰ ਮੁਅੱਤਲ

ਚੰਡੀਗੜ੍ਹ| ਪੰਜਾਬ ਸਰਕਾਰ ਵੱਲੋਂ ਗ਼ੈਰ ਕਾਨੂੰਨੀ ਮਾਈਨਿੰਗ ਸਬੰਧੀ ਜ਼ੀਰੋ ਟੋਲਰੈਂਸ ਨੀਤੀ ਤਹਿਤ ਕਾਰਜਕਾਰੀ ਇੰਜੀਨੀਅਰ ਖਣਨ ਰੂਪਨਗਰ ਪੁਨੀਤ ਸ਼ਰਮਾ ਨੂੰ ਡਿਊਟੀ ਦੌਰਾਨ ਅਣਗਹਿਲੀ ਕਰਨ ਦੇ ਦੋਸ਼ਾਂ ਅਧੀਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਪੰਜਾਬ ਰਾਜ ਖਣਨ ਤੇ ਭੂ ਵਿਗਿਆਨ ਅਤੇ ਜਲ ਸਰੋਤ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੁਨੀਤ ਸ਼ਰਮਾ ਖਿਲਾਫ਼ ਉਸ ਅਧੀਨ ਆਉਂਦੇ ਖੇਤਰ ਵਿਚ ਲਗਾਤਾਰ ਗ਼ੈਰ ਕਾਨੂੰਨੀ ਮਾਈਨਿੰਗ ਦੀਆਂ ਸ਼ਿਕਾਇਤਾਂ ਅਤੇ ਰਿਪੋਰਟਾਂ ਮਿਲ ਰਹੀਆਂ ਸਨ ਜਿਸ ਨੂੰ ਦੇਖਦੇ ਹੋਏ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਬਰਸਾਤੀ ਮੌਸਮ ਵਿਚ ਮਾਈਨਿੰਗ ਕਰਨ ਦੀ ਮਨਾਹੀ ਦੇ ਬਾਵਜੂਦ ਰੂਪਨਗਰ ਜ਼ਿਲ੍ਹੇ ਦੇ ਖੇੜਾ ਕਲਮੋਟ ਅਤੇ ਹੋਰ ਖੇਤਰਾਂ ਵਿਚ ਰਾਤ ਦੇ ਸਮੇਂ ਮਾਈਨਿੰਗ ਦੀਆਂ ਸ਼ਿਕਾਇਤਾਂ ਮਿਲੀਆਂ ਸਨ।

ਪੁਨੀਤ ਸ਼ਰਮਾ ਕਾਰਜਕਾਰੀ ਇੰਜੀਨੀਅਰ , ਜਲ ਨਿਕਾਸ ਅਤੇ ਮਾਈਨਿੰਗ ਮੰਡਲ ਰੂਪਨਗਰ ਨੇ ਆਪਣੀ ਡਿਊਟੀ ਦੌਰਾਨ ਜ਼ਿਲ੍ਹੇ ਵਿੱਚ ਪੈਂਦੇ ਛੋਟੇ ਸਾਇਜ਼ ਵਾਲੇ ਕੰਡਿਆਂ, ਜੋ ਕਿ ਸਾਰੇ ਵਾਹਨਾਂ ਲਈ ਦਰੁਸਤ ਨਹੀਂ ਸੀ, ਨੂੰ ਸਮੇਂ ਸਿਰ ਨੋਟਿਸ ਨਹੀਂ ਭੇਜੇ । ਉਨ੍ਹਾਂ ਦੱਸਿਆ ਕਿ ਅਧਿਕਾਰੀ ਵੱਲੋਂ ਰੂਪਨਗਰ ਜ਼ਿਲ੍ਹੇ ਵਿਚ ਪ੍ਰਤੀ ਦਿਨ ਕੀਤੀ ਜਾਣ ਵਾਲੀ ਜਾਇਜ਼ ਮਾਈਨਿੰਗ ਦੇ ਟੀਚੇ ਨੂੰ ਪੂਰਾ ਕਰਨ ਲਈ ਵੀ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਸਰਕਾਰ ਦਾ ਵਿੱਤੀ ਨੁਕਸਾਨ ਹੋਇਆ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ।ਸ. ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਕਿਸੇ ਨੂੰ ਵੀ ਗ਼ੈਰ ਕਾਨੂੰਨੀ ਮਾਈਨਿੰਗ ਨਹੀਂ ਕਰਨ ਦੇਵੇਗੀ ਅਤੇ ਜਿਹੜਾ ਵੀ ਅਧਿਕਾਰੀ ਮਾਈਨਿੰਗ ਨਾਲ ਸਬੰਧਤ ਗ਼ਲਤ ਕਾਰਵਾਈ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ