ਬੱਸਾਂ, ਖੁੰਢਾਂ ਤੇ ਸੱਥਾਂ ‘ਚ ਚੱਲੇ ਚੋਣਾਂ ਦੇ ਚਰਚੇ

ਹਰ ਕੋਈ ਆਪੋ-ਆਪਣੀ ਪਾਰਟੀ ਦੇ ਹੱਕ ‘ਚ ਦੇ ਰਿਹੈ ਦਲੀਲਾਂ

ਬਠਿੰਡਾ (ਸੁਖਜੀਤ ਮਾਨ)। ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਤਿਉਂ-ਤਿਉਂ ਚੋਣਾਂ ਸਬੰਧੀ ਭਾਂਤ-ਭਾਂਤ ਦੀ ਚਰਚਾ ਤੇਜ਼ ਹੋ ਗਈ ਹੈ ‘ਪਿੰਡ ਦੀ ਪਾਰਲੀਮੈਂਟ’ ਸੱਥ ਤੋਂ ਲੈ ਕੇ ਖੁੰਢਾਂ ਤੇ ਬੱਸਾਂ ‘ਚ ਲੋਕ ਚੋਣਾਂ ਦਾ ਜ਼ਿਕਰ ਕਰਦੇ ਸੁਣਾਈ ਦਿੰਦੇ ਹਨ ਇਨ੍ਹਾਂ ਥਾਵਾਂ ‘ਤੇ ਹੋਣ ਵਾਲੀ ਚਰਚਾ ‘ਚ ਹਰ ਪਾਰਟੀ ਦੇ ਲੋਕ ਸ਼ਾਮਲ ਹੁੰਦੇ ਹਨ ਜੋ ਆਪੋ-ਆਪਣੀ ਪਾਰਟੀ ਦੇ ਹੱਕ ‘ਚ ਦਲੀਲਾਂ ਦਿੰਦੇ ਹਨ।

ਵੱਡੀ ਗਿਣਤੀ ਪਿੰਡਾਂ ਵਿੱਚ ਅਜਿਹਾ ਮਹੌਲ ਬਣਿਆ ਹੋਇਆ ਹੈ ਕਿ ਪਿੰਡਾਂ ਦੀਆਂ ਫਿਰਨੀਆਂ ‘ਤੇ ਪੈਂਦੇ ਘਰਾਂ ਦੀਆਂ ਕੰਧਾਂ ਵੀ ਸਿਆਸੀ ਰੰਗ ‘ਚ ਰੰਗੀਆਂ ਗਈਆਂ ਘਰਾਂ ਦੀਆਂ ਕੰਧਾਂ ‘ਤੇ ਲੋਕਾਂ ਨੇ ਆਪੋ-ਆਪਣੀ ਪਸੰਦ ਦੇ ਆਗੂਆਂ ਦੀਆਂ ਤਸਵੀਰਾਂ ਵਾਲੇ ਪੋਸਟਰ ਲਾਏ ਹੋਏ ਹਨ ਖੇਤਾਂ ਵਿਚਲੇ ਟਿਊਬਵੈੱਲਾਂ ਵਾਲੇ ਕੋਠੇ ਵੀ ਵੋਟਾਂ ਦੀ ਖੇਡ ਤੋਂ ਵਾਂਝੇ ਨਹੀਂ ਰਹੇ।

ਅਕਾਲੀ-ਭਾਜਪਾ ਸਰਕਾਰ ਦੇ ਰਾਜ ਦੌਰਾਨ ਟਿਊਬਵੈੱਲ ਕੁਨੈਕਸ਼ਨ ਹਾਸਲ ਕਰਨ ਵਾਲੇ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੇਤਾਂ ਨੂੰ ਅਕਸਰ ਹੀ ਨਹਿਰੀ ਪਾਣੀ ਦੀ ਘਾਟ ਰਹਿੰਦੀ ਸੀ ਤੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਫਸਲ ਦੀ ਵੱਟਤ ਘੱਟ ਹੀ ਪੱਲੇ ਪੈਂਦੀ ਸੀ ਪਰ ਅਕਾਲੀ ਰਾਜ ਦੌਰਾਨ ਲੱਗੇ ਟਿਊਬਵੈੱਲ ਨੇ  ਵਾਰੇ-ਨਿਆਰੇ ਕਰ ਦਿੱਤੇ ਹਨ ਇਸ ਲਈ ਪਾਰਟੀ ਦਾ ਝੰਡਾ ਖੇਤ ਵਾਲੇ ਕੋਠੇ ‘ਤੇ ਮਾਣ ਨਾਲ ਲਾਇਆ ਹੈ ਪਿੰਡ ਭਾਈ ਬਖਤੌਰ ਕੋਲ  ਖੇਤਾਂ ‘ਚ ਬਣੀ ਇੱਕ ਕੋਠੀ ਦੀ ਚਾਰ ਦੀਵਾਰੀ ਕਾਂਗਰਸੀ ਰੰਗ ‘ਚ ਰੰਗੀ ਹੋਈ ਹੈ ਕੋਠੀ ਦੇ ਚਾਰੇ ਪਾਸੇ ‘ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ’ ਵਾਲੇ ਨਾਅਰੇ ਲਿਖੇ ਹੋਏ ਹਨ।

ਝੰਡੀ ਪਿੱਛੇ ਕਿਸੇ ਨੂੰ ਕਿਉਂ ਨਰਾਜ਼ ਕਰੀਏ

ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਮਾਨਸਾ ‘ਚ ਪੈਂਦੇ ਪਿੰਡ ਕੱਲ੍ਹੋ ਦੀ  ਫਿਰਨੀ ‘ਤੇ ਦੂਹਰੇ ਰੰਗ ਵਿਖਾਈ ਦਿੰਦੇ ਹਨ ਇਸ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੇ ਆਪਣੇ ਘਰਾਂ ਦੇ ਮੁੱਖ ਦਰਵਾਜੇ ਵਾਲੇ ਕੌਲਿਆਂ ‘ਤੇ ਸ੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀਆਂ ਝੰਡੀਆਂ ਲਾਈਆਂ ਹੋਈਆਂ ਹਨ ਪੁੱਛੇ ਜਾਣ ‘ਤੇ ਇੱਥੋਂ ਦੇ ਦੋ ਵਿਅਕਤੀਆਂ ਨੇ ਤਰਕ ਦਿੱਤਾ ਕਿ ਝੰਡੀ ਪਿੱਛੇ ਕਿਸੇ ਨੂੰ ਕਿਉਂ ਨਰਾਜ਼ ਕਰੀਏ ਜਿਹੜੀ ਵੀ ਪਾਰਟੀ ਦਾ ਬੰਦਾ ਝੰਡੀ ਲਾਉਂਦਾ ਹੈ ਉਸ ਨੂੰ ਮਨ੍ਹਾ ਨਹੀਂ ਕਰਦੇ।

ਉਂਜ ਪਿੰਡ ਦੀਆਂ ਕੰਧਾਂ ਕਾਂਗਰਸ ਦੇ ਪੋਸਟਰਾਂ ਤੋਂ ਬਚੀਆਂ ਹੋਈਆਂ ਹਨ ਕਿਉਂਕਿ ਕਾਂਗਰਸ ਵੱਲੋਂ ਅਜੇ ਤੱਕ ਇਸ ਹਲਕੇ ‘ਚ ਵੀ ਉਮੀਦਵਾਰ ਨਹੀਂ ਉਤਾਰਿਆ ਗਿਆ ਜਦੋਂ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਜਗਦੀਪ ਸਿੰਘ ਨਕਈ ਤੇ ਆਮ ਆਦਮੀ ਪਾਰਟੀ ਵੱਲੋਂ ਨਾਜ਼ਰ ਸਿੰਘ ਮਾਨਸ਼ਾਹੀਆ ਉਮੀਦਵਾਰ ਹਨ।

ਇਸ ਪਿੰਡ ਤੋਂ ਮੌੜ ਮੰਡੀ ਨੂੰ ਜਾਣ ਵਾਲੀ ਸੜਕ ਦੇ ਕਿਨਾਰੇ ਲੱਗੇ ਵੱਡੇ ਬੋਹੜ ਕੋਲ ਬਣਿਆ ‘ਚੌਂਤਰਾ’ ਵੀ ਕਿਸੇ ਸਿਆਸੀ ਪਾਰਟੀ ਦੀ ਰੈਲੀ ਵਾਲੀ ਸਟੇਜ ਦਾ ਭੁਲੇਖਾ ਪਾਉਂਦਾ ਹੈ ਚੌਂਤਰੇ ‘ਤੇ ਪਾਏ ਸ਼ੈੱਡ ‘ਤੇ ਵੀ ਅਕਾਲੀ ਦਲ ਤੇ ਆਮ ਆਦਮੀ ਪਾਰਟੀਆਂ ਦੀਆਂ ਝੰਡੀਆਂ ਲੱਗੀਆਂ ਹੋਈਆਂ ਹਨ ਜਦੋਂ ਕਿ ਕੋਲ ਖੜ੍ਹੇ ਇੱਕ ਹੋਰ ਦਰੱਖਤ ਦੀ ਟੀਸੀ ‘ਤੇ ਚੜ੍ਹ ਕੇ ਉੱਥੇ ਵੀ ਆਮ ਆਦਮੀ ਪਾਰਟੀ ਦੀ ਝੰਡੀ ਬੰਨ੍ਹੀ ਗਈ।

ਬੱਸਾਂ ‘ਚ ਵੱਖੋ-ਵੱਖ ਹਲਕਿਆਂ ਦੇ ਲੋਕ ਇਕੱਠੇ ਹੋਣ ਕਰਕੇ ਆਪੋ-ਆਪਣੇ ਹਲਕੇ ਦਾ ਸਿਆਸੀ ਮਾਹਿਰਾਂ ਵਾਂਗ ਵਿਸ਼ਲੇਸ਼ਣ ਕਰਦੇ ਹੋਏ ਸਫਰ ਪੂਰਾ ਕਰਦੇ ਹਨ ਭਾਵੇਂ ਕਿ ਇਹ ਵੋਟਾਂ ਦੇ ਨਤੀਜਿਆਂ ਵਾਲੇ ਦਿਨ ਹੀ ਪਤਾ ਲੱਗੇਗਾ ਕਿ ਸਰਕਾਰ ਕਿਸ ਪਾਰਟੀ ਦੀ ਬਣਨ ਜਾ ਰਹੀ ਹੈ ਪਰ ਆਰਬਿਟ ਬੱਸ ਦੇ ਕਡੰਕਟਰਾਂ ਆਦਿ ਨੂੰ ਸਰਕਾਰੀ ਬੱਸਾਂ ਸਮੇਤ ਹੋਰ ਨਿੱਜੀ ਕੰਪਨੀਆਂ ਦੀਆਂ ਬੱਸਾਂ ਦੇ ਡਰਾਈਵਰ-ਕਡੰਕਟਰ ਸਿਆਸੀ ਟਿੱਚਰਾਂ ਕਰਦੇ ਆਮ ਹੀ ਸੁਣਾਈ ਦੇਣ ਲੱਗੇ ਹਨ।

ਲੋਕ ਭਾਈਚਾਰਕ ਸਾਂਝ ਤੋਂ ਨਾ ਥਿੜਕਣ : ਨਰੂਲਾ

ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਾਕੇਸ਼ ਨਰੂਲਾ ਦਾ ਕਹਿਣਾ ਹੈ ਕਿ ਲੋਕ ਆਪਣੀ ਵੋਟ ਦੀ ਵਰਤੋਂ ਜਰੂਰ ਕਰਨ ਪਰ ਆਪਸੀ ਭਾਈਚਾਰੇ ‘ਚ ਤਰੇੜਾਂ ਨਾ ਪਾਉਣ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਚ ‘ਨਾ ਨਸ਼ੇ ਸੇ, ਨਾ ਨੋਟ ਸੇ, ਦੇਸ਼ ਬਦਲੇਗਾ ਵੋਟ ਸੇ’ ਨਾਅਰੇ ਤਹਿਤ ਲੋਕਾਂ ਨੂੰ ਵੋਟਾਂ ਲਈ ਜਾਗਰੂਕ ਕਰੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ