ਧੀਆਂ ਦੇ ਦੁਆਲੇ ਘੁੰਮਦੈ ਹਰ ਦੁਨਿਆਵੀ ਰਿਸ਼ਤਾ
ਧੀਆਂ ਦਾ ਪਰਿਵਾਰ ਲਈ ਪਿਆਰ ਅਸੀਮਤ ਹੁੰਦਾ ਹੈ। ਇਸਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਮੁਸ਼ਕਲ ਹੀ ਨਹੀਂ ਅਤਿ ਕਠਿਨ ਵੀ ਹੈ ਇਹ ਦਿਲ ਵਿੱਚ ਅੰਤਾਂ ਦਾ ਮੋਹ, ਮੁਹੱਬਤ ਤੇ ਸਨੇਹ ਲੈ ਕੇ ਜਨਮ ਲੈਂਦੀਆਂ ਹਨ ਧੀਆਂ ਹੀ ਹੁੰਦੀਆਂ ਹਨ ਜੋ ਆਪਣੇ ਖੂਨ ਨਾਲ ਰਿਸ਼ਤਿਆਂ ਨੂੰ ਸਿੰਝਦੀਆਂ ਹਨ ਇਹ ਪਰਿਵਾਰ ਦੀ ਸਲਾਮਤੀ ਤੇ ਖੁਸ਼ਹਾਲੀ ਲਈ ਅੱਤ ਦੇ ਦਰਦਾਂ ਨੂੰ ਵੀ ਲਕੋ ਲੈਂਦੀਆਂ ਹਨ ਹਜ਼ਾਰਾਂ ਇੱਛਾਵਾਂ ਤੇ ਉਮੀਦਾਂ ਦੀਆਂ ਤਰੰਗਾਂ ਦਿਲ ਵਿੱਚ ਉੱਠਣ ’ਤੇ ਵੀ ਕੁੱਝ ਨਾ ਮੰਗਣਾ ਤੇ ਨਾ ਕਹਿਣਾ ਇਨ੍ਹਾਂ ਦਾ ਕੁਦਰਤੀ ਸੁਭਾਅ ਹੈ ਇਹ ਬਾਪੂ ਦੀ ਟੌਰੇ ਆਲੀ ਪੱਗ ਨੂੰ ਮੈਲੀ ਹੋਣ ਤੋਂ ਬਚਾਉਣ ਤੇ ਭਰਾਵਾਂ ਦੀ ਦੀ ਸਰਦਾਰੀ ਨੂੰ ਕਾਇਮ ਰੱਖਣ ਲਈ ਕਈ ਅਰਮਾਨਾਂ ਨੂੰ ਕਾਲਜੇ ਵਿੱਚ ਹੀ ਦਫਨ ਕਰ ਲੈਂਦੀਆਂ ਹਨ
ਬੇਟੀ ਨੂੰ ਮਿੱਟੀ ਤੇ ਪਰਾਇਆ ਧਨ ਕਹਿ ਜੰਮਣ ’ਤੇ ਖੁਸ਼ੀ ਨਾ ਮਨਾਉਣ ਵਾਲਾ ਸਮਾਜ ਕੁੜੀਆਂ ਬਿਨਾਂ ਅਧੂਰਾ ਹੈ ਪਰ ਇਹ ਧੀਆਂ ਹੀ ਹਨ ਜੋ ਇਨ੍ਹਾਂ ਸਭ ਕੁਰੀਤੀਆਂ ਤੋਂ ਪਾਰ ਸਮਾਜ ਦੀ ਹਰ ਰੀਤ ਤੇ ਰਸਮ ਨੂੰ ਖਿੜੇ ਮੱਥੇ ਪ੍ਰਵਾਨ ਹੀ ਨਹੀਂ ਕਰਦੀਆਂ ਬਲਕਿ ਇਸ ਦੀ ਝੋਲੀ ਵੰਸ਼ਾਂ ਨੂੰ ਚਲਾਉਣ ਵਾਲੇ ਪੁੱਤਰਾਂ ਦੀ ਸੌਗਾਤ ਨਾਲ ਭਰ ਦਿੰਦੀਆਂ ਹਨ ਬੇਟੀ ਦੇ ਜਨਮ ’ਤੇ ਔਖ ਦਿਖਾਉਣ ਵਾਲੇ ਨਹੀਂ ਜਾਣਦੇ ਕਿ ਇਹ ਉਹ ਖੁਸ਼ੀਆਂ ਦੇ ਬੰਦ ਦਰਵਾਜੇ ਖੋਲ੍ਹਦੀਆਂ ਹਨ ਜੋ ਨਸੀਬਾਂ ਵਾਲਿਆਂ ਦੇ ਹਿੱਸੇ ਆਉਂਦੇ ਹਨ ਮੇਰੇ ਇੱਕ ਜਾਣਕਾਰ ਦੇ ਘਰ ਪੋਤੀ ਨੇ ਜਨਮ ਲਿਆ ਤਾਂ ਪੂਰਾ ਪਰਿਵਾਰ ਗਹਿਰੀ ਘੁਟਨ ਤੇ ਤਕਲੀਫ ਵਿੱਚ ਦਿਖਾਈ ਦਿੱਤਾ ਜਨਮ ’ਤੇ ਸ਼ਗਨਾਂ ਦੇ ਗੀਤ ਗਾਉਣੇ ਭੁੱਲ ਭਰੇ ਮਨ ਨਾਲ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਦੀ ਵਧਾਈ ਨੂੰ ਕਬੂਲਿਆ
ਕੁੱਝ ਸਮੇਂ ਬਾਅਦ ਕਈ ਸਾਲਾਂ ਦੀ ਉਡੀਕ ’ਚ ਤੜਫ ਰਹੇ ਮਾਤਾ-ਪਿਤਾ ਦੀ ਸਰਕਾਰੀ ਨੌਕਰੀ ਲੱਗ ਗਈ ਖੁਸ਼ੀਆਂ ਛਾ ਗਈਆਂ ਪਾਠ ਰੱਖੇ ਗਏ ਭੋਗ ’ਤੇ ਪਹੁੰਚੇ ਸਾਰੇ ਸਕੇ-ਸਬੰਧੀਆਂ ਨੇ ਨਿੱਕੀ ਬਾਲੜੀ ਨੂੰ ਭਾਗਾਂ ਵਾਲੀ ਐਲਾਨ ਪਰਿਵਾਰ ਨੂੰ ਵਧਾਈ ਦਿੱਤੀ ਖੁਸ਼ ਕਿਸਮਤ ਹਨ ਉਹ ਕੁੜੀਆਂ ਜਿਨ੍ਹਾਂ ਦੇ ਮਾਪੇ ਧੀਆਂ ਦੇ ਜਨਮ ’ਤੇ ਤੀਆਂ ਵਰਗਾ ਮਾਹੌਲ ਸਿਰਜ ਦਿੰਦੇ ਹਨ।
ਕਈ ਸਾਲ ਪਹਿਲਾਂ ਘਰੇ ਪਪੀਤੇ ਦਾ ਬੂਟਾ ਬੜੇ ਚਾਅ ਨਾਲ ਲਾਇਆ ਮਹਿੰਗੇ ਭਾਅ ਦਾ ਹੋਣ ਕਰਕੇ ਪੂਰੀ ਦੇਖ-ਰੇਖ ਕੀਤੀ ਮੱਚਦਾ ਜਾਣ ਵਾਰ-ਵਾਰ ਰੇਹ ਪਾਈ ਉਚੇਚੇ ਤੌਰ ’ਤੇ ਮਾਲੀ ਨੂੰ ਬੁਲਾਇਆ ਪਰ ਮਿਹਨਤ ਰੰਗ ਨਾ ਲਿਆ ਸਕੀ ਦੂਜੇ ਬੰਨੇ ਇੱਕ ਕੋਨੇ ’ਚ ਆਪਣੇ-ਆਪ ਉੱਗੀ ਜਾਮਣ ਦਿਨਾਂ ਵਿੱਚ ਹੀ ਘਰ ਦੀਆਂ ਕੰਧਾਂ ਨੂੰ ਪਛਾੜ ਨਿੱਸਰ ਗਈ ਪੂਰੇ ਵਿਹੜੇ ਵਿੱਚ ਫੈਲੀ ਹੋਣ ਕਾਰਨ ਹੁਣ ਇਹ ਘਰ ਦੀ ਰੌਣਕ ਬਣ ਗਈ ਠੰਢੀ ਤੇ ਨਿੱਘੀ ਛਾਂ ਤੇ ਮਿੱਠੀਆਂ ਜਾਮਣਾਂ ਸਦਕਾ ਇਹ ਅੰਤਾਂ ਦਾ ਮੋਹ ਲੈਂਦੀ ਹੈ।
ਕਦੇ-ਕਦੇ ਮੈਨੂੰ ਲੱਗਦਾ ਜਿਵੇਂ ਧੀਆਂ ਵੀ ਜਾਮਣ ਵਾਂਗ ਆਪੇ ਉੱਗ ਪੈਂਦੀਆਂ ਹਨ, ਉਂਝ ਬੀਜ ਤਾਂ ਸਦਾ ਪੁੱਤਾਂ ਦੇ ਹੀ ਬੀਜੇ ਜਾਂਦੇ ਹਨ ਸ਼ਾਇਦ ਇਸੇ ਕਰਕੇ ਧੀਆਂ ਪੁੱਤਾਂ ਤੋਂ ਪਹਿਲਾਂ ਜੰਮਦੀਆਂ ਹਨ ਕਿਉਂ ਜੋ ਬਾਅਦ ’ਚ ਆਧੁਨਿਕ ਸਮਾਜ ਕੁੱਖ ਨੂੰ ਕਬਰ ਵਿੱਚ ਬਦਲਣ ’ਚ ਜਰਾ ਵੀ ਚੀਸ ਨਹੀਂ ਮੰਨਦਾ
ਧੀਆਂ ਦੀ ਹਾਜ਼ਰੀ ਘਰ ਨੂੰ ਪਰਿਵਾਰ ਵਿੱਚ ਬਦਲ ਦਿੰਦੀ ਹੈ ਧੀ ਦੇ ਜਨਮ ਨਾਲ ਹੀ ਜਵਾਈ ਵਾਲਾ ਕਹਿਣਾ ਆਦਮੀ ਅੰਦਰ ਜਿੰਮੇਵਾਰੀ ਦਾ ਅਹਿਸਾਸ ਭਰਦਾ ਹੈ ਬੇਟੀ ਦੀ ਮੌਜੂਦਗੀ ਹੀ ਸੰਜਮ ਨਾਲ ਖਾਣ-ਪੀਣ, ਸੋਚ-ਸਮਝ ਕੇ ਬੋਲਣ ਤੇ ਸਮਾਜਿਕ ਮਰਿਆਦਾ ਅਨੁਸਾਰ ਪਹਿਨਣ ਦੀ ਸੂਝ ਦਿੰਦੀ ਹੈ ਕੁੜੀਆਂ ਵਾਲੇ ਘਰਾਂ ਦੀ ਭਾਸ਼ਾ ਜ਼ਿਆਦਾ ਸੱਭਿਅਕ, ਮਿੱਠੀ ਤੇ ਗਾਲੀ-ਗਲੋਚ ਤੋਂ ਮੁਕਤ ਹੁੰਦੀ ਹੈ ਧੀਆਂ ਦੇ ਮਾਪੇ ਅਕਸਰ ਜ਼ਿਆਦਾ ਸਮਝ ਵਾਲੇ, ਸੁਲਝੇ ਹੋਏ, ਨਰਮ ਦਿਲ ਤੇ ਸਬਰ-ਸੰਤੋਖ ਨਾਲ ਲਬਰੇਜ ਹੁੰਦੇ ਹਨ ਮਾਪਿਆਂ ਦੇ ਅਥਾਹ ਫਿਕਰ ਤੇ ਚਿੰਤਾ ਵਿੱਚ ਜਿਉਂਦੀਆਂ ਨੇ ਧੀਆਂ। ਇਹ ਹਰ ਆਉਂਦੇ-ਜਾਂਦੇ ਸਾਹ ਨਾਲ ਮਾਂ-ਬਾਪ ਲਈ ਦੁਆਵਾਂ ਕਰਨਾ ਆਪਣਾ ਫਰਜ ਸਮਝਦੀਆਂ ਹਨ ਬੇਟੀ ਨੂੰ ਸ਼ੇਰ ਪੁੱਤ ਕਹਿ ਵਡਿਆਉਣਾ ਤੇ ਜਨਮ ਤੋਂ ਮਰਨ ਤੱਕ ਹਮੇਸ਼ਾ ਧੀ ਦੇ ਹੱਕ ਵਿੱਚ ਖੜ੍ਹਨ ਸਦਕਾ ਹਰੇਕ ਕੁੜੀ ਨੂੰ ਆਪਣੇ ਬਾਬਲ ਤੋਂ ਵੱਡਾ ਕੋਈ ਦਰਵੇਸ਼ ਨਜ਼ਰੀਂ ਨਹੀਂ ਪੈਂਦਾ ਤੇ ਇਹੀ ਕਾਰਨ ਹੈ
ਜਿਸ ਕਰਕੇ ਬਿਰਧ ਆਸ਼ਰਮਾਂ ਵਿੱਚੋਂ ਮਾਂ-ਪਿਉ ਨੂੰ ਘਰ ਵਾਪਸ ਲੈ ਆਉਣ ਵਿੱਚ ਧੀਆਂ ਸਭ ਤੋਂ ਵੱਧ ਮੋਹਰੀ ਹਨ ਇਹ ਬਾਪੂ ਲਈ ਜਾਨ ਦੀ ਬਾਜੀ ਲਾਉਣ ਤੋਂ ਵੀ ਗੁਰੇਜ ਨਹੀਂ ਕਰਦੀਆਂ ਕੋਵਿਡ ਮਹਾਂਮਾਰੀ ਦੀ ਸ਼ੁਰੂਆਤ ਦੌਰਾਨ ਹੀ ਮੇਰੇ ਸ਼ਹਿਰ ਦੇ ਇੱਕ ਵਿਅਕਤੀ ਨੂੰ ਕੋਰੋਨਾ ਹੋ ਗਿਆ ਬਜ਼ੁਰਗ ਅਵਸਥਾ, ਦਵਾਈਆਂ ਦੀ ਅਣਹੋਂਦ, ਜਾਣਕਾਰੀ ਦੀ ਕਮੀ ਤੇ ਮੈਡੀਕਲ ਉਪਚਾਰ ਦੀ ਘਾਟ ਕਰਕੇ ਬਿਮਾਰੀ ਖਤਰਨਾਕ ਸਥਿਤੀ ਵਿੱਚ ਪ੍ਰਵੇਸ਼ ਕਰ ਗਈ।
ਸਕੇ-ਸਬੰਧੀਆਂ ਤੇ ਆਂਢ-ਗੁਆਂਢ ਨੇ ਹੌਂਸਲੇ ਛੱਡੇ ਤਾਂ ਬਜੁਰਗ ਦੀਆਂ ਇਕਲੌਤੀਆਂ ਧੀਆਂ ਨੇ ਮੋਰਚਾ ਸਾਂਭਿਆ ਇਕਾਂਤਵਾਸ ਤੇ ਜਾਨ ਦੀ ਪ੍ਰਵਾਹ ਤਿਆਗ ਬਾਪ ਦੀ ਦਿਨ-ਰਾਤ ਸੇਵਾ ਕੀਤੀ ਹੱਸਦੇ ਚਿਹਰਿਆਂ ਤੇ ਚੜ੍ਹਦੀ ਕਲਾ ਦੀਆਂ ਗੱਲਾਂ ਨਾਲ ਹਿੰਮਤ ਬੰਨ੍ਹੀ ਰੱਖੀ ਰਿਪੋਰਟ ਨੈਗੇਟਿਵ ਆਈ ਤਾਂ ਦੋਵਾਂ ਧੀਆਂ ਨੇ ਪਿਉ ਦੇ ਗਲ਼ ਨਾਲ ਲਿਪਟ ਰੱਜ ਕੇ ਹੰਝੂ ਵਹਾਏ ਇਹ ਹਾਰ ਨੂੰ ਜਿੱਤ ਵਿੱਚ ਬਦਲਣ ਦੀ ਕਲਾ ਜਾਣਦੀਆਂ ਹਨ ਮਾਂ ਤੇ ਧੀ ਦੇ ਰਿਸ਼ਤੇ ਵਿੱਚ ਸਭ ਕੁਝ ਬੇਪਰਦ ਹੁੰਦਾ ਹੈ ਮਾਂ ਦੇ ਧੁਰ ਅੰਦਰ ਦੱਬੇ ਹੋਏ ਜ਼ਜ਼ਬਾਤਾਂ ਤੱਕ ਧੀਆਂ ਦੀ ਸਿੱਧੀ ਪਹੁੰਚ ਹੁੰਦੀ ਹੈ ਰਿਸ਼ਤਿਆਂ ਦੀਆਂ ਬਾਰੀਕ ਤੰਦਾਂ ਨੂੰ ਸਮਝਣ ਤੇ ਸੰਭਾਲਣ ਦਾ ਵੱਡਾ ਜਿੰਮਾਂ ਵੀ ਮਾਂ-ਧੀ ਦੇ ਰਿਸ਼ਤੇ ਦੀ ਪਕਿਆਈ ਨੂੰ ਦਰਸਾਉਂਦਾ ਹੈ
ਕੂੰਜਾਂ ਵਾਂਗ ਧੀਆਂ ਦੇ ਹਿੱਸੇ ਵੀ ਪਰਦੇਸ ਲਿਖੇ ਹੋਏ ਹਨ ਆਪਣੀ ਲਾਡੋ ਦੇ ਵਿਆਹ ਹੋਣ ਤੇ ਵਿੱਛੜਣ ਦੀ ਪੀੜਾ ਹੀ ਮਾਂ ਦੇ ਹਾਉਂਕੇ ਬਣਦੇ ਹਨ ਤੇ ਫਿਰ ਉਹ ਇਹ ਕਮੀ ਆਪਣੀ ਨੂੰਹ ’ਚ ਪੂਰਨਾ ਲੋਚਦੀ ਹੈ ਜੋ ਬੜੇ ਸਬੱਬ ਨਾਲ ਹੀ ਸਹੀ ਬੈਠਦੀ ਹੈ ਦੂਰ ਬੈਠ ਵੀ ਮਾਂ ਦੇ ਨਾਲ ਜੁੜੇ ਰਹਿਣਾ ਤੇ ਮਾਂ ਦੇ ਦੁੱਖਾਂ ਤੇ ਦਰਦਾਂ ਦੀ ਚਿੰਤਾ ਕਰਨਾ ਧੀ ਲਈ ਨਿੱਤਨੇਮ ਹੁੰਦਾ ਹੈ ਪੇਕਿਆਂ ਦੀ ਸੁੱਖ-ਸਾਂਦ ਦੀ ਖਬਰ ਲੈਣ ਵਕਤ ਮਾਂ ਤੋਂ ਸ਼ੁਰੂ ਕਰਦੀਆਂ ਹਨ ਕੁੜੀਆਂ ਵੱਡੀ ਭੈਣ ਹਰ ਵਾਰ ਫੋਨ ’ਤੇ ਗੱਲ ਕਰਨ ਸਮੇਂ ਜਦੋਂ ‘ਬੀਬੀ ਠੀਕ ਹੈ?’ ਜੇਹਾ ਭਾਵਨਾਤਮਕ ਪ੍ਰਸ਼ਨ ਵਾਰ-ਵਾਰ ਪੁੱਛਦੀ ਤਾਂ ਦਿਲ ਵਿੱਚ ਉਸ ਲਈ ਸਤਿਕਾਰ ਆਪ-ਮੁਹਾਰਾ ਵਧ ਜਾਂਦਾ ਹੈ
ਭੈਣ-ਭਰਾ ਦਾ ਰਿਸ਼ਤਾ ਦੁਨੀਆਂ ਦੇ ਤਮਾਮ ਰਿਸ਼ਤਿਆਂ ਤੋਂ ਪਾਕ-ਪਵਿੱਤਰ ਤੇ ਹੁਸੀਨ ਹੁੰਦਾ ਹੈ ਨਿੱਕੀ ਉਮਰੇ ਹਰ ਛੋਟੀ-ਵੱਡੀ ਗੱਲ ’ਤੇ ਆਪਸ ਵਿੱਚ ਖਹਿਣ ਤੇ ਝਗੜਣ ਦਾ ਦਸਤੂਰ ਵੱਡੇ ਹੋਣ ’ਤੇ ਰਿਸ਼ਤੇ ਦੀ ਮਜਬੂਤੀ ਵਿੱਚ ਬਦਲ ਜਾਂਦਾ ਹੈ ਭੈਣਾਂ ਸਿਰਫ ਰੱਖੜੀ ’ਤੇ ਹੀ ਨਹੀਂ ਬਲਕਿ ਹਰ ਪਲ ਭਰਾਵਾਂ ਦੀ ਲੰਮੀ ਉਮਰ ਲਈ ਦੁਆਵਾਂ ਕਰਦੀਆਂ ਹਨ ਇਨ੍ਹਾਂ ਵਿੱਚ ਛੋਟੇ ਭਰਾਵਾਂ ਦੀ ਉਂਗਲੀ ਫੜ ਨੰਨ੍ਹੀਆਂ ਪੈੜਾਂ ਨੂੰ ਵੱਡੇ ਕਦਮਾਂ ਵਿੱਚ ਬਦਲ ਦੇਣ ਦਾ ਗੁਣ ਸਦੀਵੀਂ ਹੈ ਪ੍ਰੋਫੈਸਰ ਕਾਲੋਨੀ, ਤਲਵੰਡੀ ਸਾਬੋ
ਮੋ. 94641-97487
ਕੇ ਮਨੀਵਿਨਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ