ਭੈਣ-ਭਰਾ ਦੇ ਰਿਸ਼ਤੇ ਦੀ ਪਕਿਆਈ ਦਾ ਤਿਉਹਾਰ ਰੱਖੜੀ

Government of Punjab

ਭੈਣ-ਭਰਾ ਦੇ ਰਿਸ਼ਤੇ ਦੀ ਪਕਿਆਈ ਦਾ ਤਿਉਹਾਰ ਰੱਖੜੀ

ਰੱਖੜੀ ਦਾ ਤਿਉਹਾਰ ਦੇਸ਼ ਦੇ ਪ੍ਰਮੁੱਖ ਤਿਉਹਾਰਾਂ ਵਿਚ ਗਿਣਿਆ ਜਾਂਦਾ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਰੂਪੀ ਧਾਗਾ ਬੰਨ੍ਹ ਕੇ ਆਪਣੇ ਭਰਾ ਦੀ ਤੰਦਰੁਸਤੀ ਤੇ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ, ਤੇ ਭਰਾ ਉਸ ਦੇ ਬਦਲੇ ਆਪਣੀ ਭੈਣ ਦੀ ਹਰ ਤਰ੍ਹਾਂ ਰੱਖਿਆ ਕਰਨ ਦਾ ਭਰੋਸਾ ਦਿਵਾਉਂਦਾ ਹੈ। ਰੱਖੜੀ ਭੈਣ-ਭਰਾ ਦੇ ਪ੍ਰੇਮ ਦਾ ਪ੍ਰਤੀਕ ਅਜਿਹਾ ਤਿਉਹਾਰ ਹੈ, ਜੋ ਸਦੀਆਂ ਤੋਂ ਆਪਣੀ ਮਹਾਨਤਾ ਲੈ ਕੇ ਚੱਲਿਆ ਆ ਰਿਹਾ ਹੈ। ਸਮੇਂ-ਸਮੇਂ ’ਤੇ ਹਾਲਾਤ ਦੇ ਅਨੁਸਾਰ ਇਸ ਦੇ ਰੂਪ ਵਿਚ ਤਬਦੀਲੀਆਂ ਚਾਹੇ ਆ ਗਈਆਂ ਹੋਣ, ਪਰ ਇਹ ਇੱਕ ਅਜਿਹਾ ਬੰਧਨ ਹੈ ਜੋ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਬੰਨ੍ਹ ਕੇ ਰੱਖਦਾ ਹੈ। ਇਸ ਤਿਉਹਾਰ ਨੂੰ ਦਿਨ ਤੇ ਮਹੀਨਿਆਂ ਦੇ ਹਿਸਾਬ ਨਾਲ ਸਾਉਣ ਮਹੀਨੇ ਦੀ ਪੁੰਨਿਆ ਵਾਲੇ ਦਿਨ ਮਨਾਇਆ ਜਾਂਦਾ, ਇਸ ਲਈ ਤਾਂ ਇਸ ਨੂੰ ਰੱਖੜ ਪੁੰਨਿਆ ਵੀ ਆਖਿਆ ਜਾਂਦਾ।

ਇਸ ਤਿਉਹਾਰ ਦਾ ਆਰੰਭ ਕਦੋਂ ਹੋਇਆ, ਇਸ ਬਾਰੇ ਕਹਿਣਾ ਔਖਾ ਹੈ, ਪਰੰਤੂ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮੱਧਕਾਲੀ ਰਾਜਪੂਤ ਇਸਤਰੀਆਂ ਯੁੱਧ ਦੇ ਮੈਦਾਨ ਵਿਚ ਜਾ ਰਹੇ ਆਪਣੇ ਪਤੀਆਂ ਨੂੰ ਤਿਲਕ ਲਾ ਕੇ ਰੱਖਿਆ ਸੂਤਰ ਬੰਨਿ੍ਹਆ ਕਰਦੀਆਂ ਸਨ। ਲੇਕਿਨ ਅੱਜ-ਕੱਲ੍ਹ ਜ਼ਿਆਦਾ ਭੈਣਾਂ ਹੀ ਭਰਾਵਾਂ ਨੂੰ ਰੱਖਿਆ ਬੰਧਨ ਬੰਨ੍ਹਦੀਆਂ ਹਨ। ਇਹ ਤਿਉਹਾਰ ਬੇਸਹਾਰਿਆਂ ਦਾ ਸਹਾਰਾ ਤੇ ਸ਼ਕਤੀ ਦੇਣ ਵਾਲਾ ਰਿਹਾ ਹੈ। ਕਿਉਂਕਿ ਇਤਿਹਾਸ ਵਿਚ ਕਈ ਪੰਨੇ ਅਜਿਹੀਆਂ ਘਟਨਾਵਾਂ ਨਾਲ ਭਰੇ ਪਏ ਹਨ, ਜਿੱਥੇ ਸ਼ਕਤੀਸ਼ਾਲੀ ਸ਼ਾਸਕਾਂ ਨੇ ਰੱਖਿਆ ਸੂਤਰ ਬੰਨ੍ਹਾ ਕੇ ਨਿਰਬਲਾਂ ਦੀ ਰੱਖਿਆ ਕਰਨ ਦਾ ਮਹਾਨ ਕੰਮ ਕੀਤਾ। ਇਨ੍ਹਾਂ ਪੰਨਿਆਂ ਵਿਚ ਕਰਮਵਤੀ ਦੀ ਰੱਖੜੀ ਦੀ ਆਪਣੀ ਵਿਸ਼ੇਸ਼ ਅਹਿਮੀਅਤ ਹੈ। ਜਿਸ ਨੇ ਇੱਕ ਮੁਗਲ ਸ਼ਾਸਕ ਨੂੰ ਬੰਧਨ ਵਿਚ ਬੰਨ੍ਹ ਕੇ ਆਪਣੀ ਰੱਖਿਆ ਕਰਵਾਈ।

ਉਸ ਸਮੇਂ ਦਾ ਮੁਗਲ ਬਾਦਸ਼ਾਹ ਹੁਮਾਯੂੰ ਭਾਰਤੀ ਇਸਤਰੀਆਂ ਦੇ ਇਨ੍ਹਾਂ ਬੰਧਨਾਂ ਦਾ ਮੁੱਲ ਪਾਉਣਾ ਅਤੇ ਉਨ੍ਹਾਂ ਦੀ ਇੱਜਤ ਕਰਨਾ ਜਾਣਦਾ ਸੀ। ਉਸ ਨੇ ਆਪਣੇ ਪਿਤਾ ਦੇ ਦੁਸ਼ਮਣ ਰਾਣਾ ਸਾਂਗਾ ਦੀ ਪਤਨੀ ਕਰਮਵਤੀ ਕੋਲੋਂ ਰੱਖੜੀ ਬੰਨ੍ਹਵਾ ਕੇ ਉਸ ਨੂੰ ਭੈਣ ਬਣਾਇਆ। ਉਸ ਸਮੇਂ ਭਾਵੇਂ ਉਹ ਆਪਣੀਆਂ ਮੁਸੀਬਤਾਂ ਵਿਚ ਘਿਰਿਆ ਹੋਇਆ ਸੀ, ਪਰ ਇਨ੍ਹਾਂ ਮੁਸੀਬਤਾਂ ਦੀ ਪ੍ਰਵਾਹ ਨਾ ਕਰਦਿਆਂ ਉਹ ਆਪਣੀ ਮੂੰਹ ਬੋਲੀ ਭੈਣ ਦੀ ਇੱਜਤ ਬਚਾਉਣ ਲਈ ਚੱਲ ਪਿਆ।

ਇਸ ਕਰਤੱਵ ਪਾਲਣ ਵਿਚ ਉਹ ਆਪਣਾ ਰਾਜ ਵੀ ਗੁਆ ਬੈਠਾ। ਅਜਿਹੇ ਹੋਰ ਵੀ ਅਨੇਕਾਂ ਸਬੂਤ ਹਨ, ਜੋ ਇਸ ਤਿਉਹਾਰ ਦੇ ਮਹੱਤਵ ਨੂੰ ਵਧਾਉਂਦੇ ਹਨ। ਭਾਰਤ ਨੂੰ ਅੰਗਰੇਜਾਂ ਦੀ ਗੁਲਾਮੀ ਤੋਂ ਅਜਾਦ ਕਰਾਉਣ ਵੇਲੇ ਵੀ ਰੱਖੜੀ ਦਾ ਆਪਣਾ ਅਲੱਗ ਹੀ ਮਹੱਤਵ ਰਿਹਾ, ਕਿਉਂਕਿ ਦੇਸ਼ ਦੇ ਜਵਾਨਾਂ ਨੇ ਭਾਰਤ ਮਾਂ ਦੀ ਰੱਖਿਆ ਲਈ ਰੱਖਿਆ ਸੂਤਰ ਬਨ੍ਹਾਏ। ਭੈਣਾਂ ਨੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀ ਬੰਨ੍ਹ ਕੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਤੋਰਿਆ। ਇਸੇ ਲਈ ਤਾਂ ਰੱਖੜੀ ਜਾਂ ਰਾਖੀ ਦਾ ਅਸਲ ਭਾਵ ਹੀ ਕਿ ਵੀਰ ਭੈਣਾਂ ਦੀ ਰੱਖਿਆ ਕਰਨ ਜਾਂ ਕਿਸੇ ਔਕੜ ਸਮੇਂ ਰੱਖਿਆ ਕਰਨ ਲਈ ਵਚਨਬੱਧ ਹੋਣ। ਜਿਵੇਂ-ਜਿਵੇਂ ਸਮਾਂ ਬੀਤਦਾ ਰਿਹਾ, ਇਸ ਤਿਉਹਾਰ ਨਾਲ ਸਬੰਧਤ ਭਾਵ ਵੀ ਬਦਲ ਗਏ ਹਨ, ਤੇ ਹੁਣ ਇਹ ਇੱਕ ਭੈਣਾਂ ਦਾ ਤਿਉਹਾਰ ਬਣ ਕੇ ਰਹਿ ਗਿਆ ਹੈ।

ਇਸ ਤਿਉਹਾਰ ਦੀ ਮੁਗਲਾਂ ਦੇ ਹਮਲਿਆਂ ਤੋਂ ਬਾਅਦ ਹੀ ਜ਼ਿਆਦਾ ਮਹੱਤਤਾ ਵਧੀ, ਕਿਉਂਕਿ ਹਰ ਭੈਣ ਨੂੰ ਅਸਲ ਵਿਚ ਸੁਰੱਖਿਆ ਦੀ ਬੜੀ ਲੋੜ ਸੀ। ਇਸ ਦਾ ਵੱਡਾ ਕਾਰਨ ਇਹ ਰਿਹਾ ਕਿ ਬੀਤੇ ਸਮਿਆਂ ਵਿਚ ਪੰਜਾਬ ਅੰਦਰ ਹਮੇਸ਼ਾ ਉੁਤਰ ਵੱਲੋਂ ਹਮਲਾਵਰ ਆਉਂਦੇ ਰਹੇ, ਤੇ ਹਰ ਹਮਲਾਵਰ ਜਾਂਦੀ ਵਾਰੀ ਧੀਆਂ-ਭੈਣਾਂ ਨੂੰ ਫੜਕੇ ਲੈ ਜਾਂਦੇ ਰਹੇ, ਤੇ ਗੁਲਾਮ ਬਣਾ ਕੇ ਰੱਖਦੇ। ਅਜਿਹੇ ਮਾੜੇ ਵਕਤ ਵਿਚ ਭੈਣਾਂ ਨੇ ਵੀਰਾਂ ਨੂੰ ਵੰਗਾਰਨ ਵਾਸਤੇ ਇਸ ਰੱਖੜੀ ਦੀ ਰਸਮ ਨੂੰ ਅਪਣਾਇਆ। ਇਸ ਲਈ ਭੈਣਾਂ ਹਰ ਸਾਲ ਦੇ ਸਾਲ ਵੀਰਾਂ ਨੂੰ ਰਖ਼ਸ਼ਾ ਬੰਧਨ ਬੰਨ੍ਹ ਕੇ ਉਨ੍ਹਾਂ ਨੂੰ ਭੈਣਾਂ ਪ੍ਰਤੀ ਉਨ੍ਹਾਂ ਦਾ ਧਰਮ ਯਾਦ ਕਰਾਉਂਦੀਆਂ ਹਨ। ਇਹ ਤਿਉਹਾਰ ਭੈਣ ਭਰਾਵਾਂ ਦੇ ਮਿਲਣ ਦਾ ਵੀ ਸਬੱਬ ਬਣਦਾ।

ਰੱਖੜੀ ਬੰਨ੍ਹਣ ਦਾ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ, ਜੇ ਦੋਵੇਂ ਧਿਰਾਂ ਜਾਣੀ ਭੈਣ ਤੇ ਭਰਾ ਇੱਕ-ਦੂਜੇ ਨੂੰ ਦਿਲੋਂ ਇਮਾਨਦਾਰੀ ਨਾਲ ਪਿਆਰ ਤੇ ਸਤਿਕਾਰ ਦੇਣ, ਨਹੀਂ ਤਾਂ ਮਹਿੰਗੀਆਂ ਤੇ ਖੂਬਸੂਰਤ ਰੱਖੜੀਆਂ ਬੰਨ੍ਹਣ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਕਿਉਂਕਿ ਅੱਜ ਦੇ ਸਵਾਰਥੀ ਸਮੇਂ ਵਿਚ ਤਾਂ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਵਿਚ ਵੀ ਤਰੇੜਾਂ ਪੈਂਦੀਆਂ ਜਾ ਰਹੀਆਂ ਹਨ, ਭਰਾ ਦੇ ਸਾਹੀਂ ਜਿਉਣ ਵਾਲੀਆਂ ਭੈਣਾਂ ਜਦੋਂ ਆਪਣੇ ਘਰੇਲੂ ਕਾਰਜ, ਬੱਚਿਆਂ ਦੇ ਵਿਆਹਾਂ ਵਿਚ ਨਾਨਕੀ ਛੱਕਾਂ, ਸੱਸ-ਸਹੁਰੇ ਦੇ ਮਰਨੇ-ਪਰਨੇ ਭਰਾਵਾਂ ਕੋਲੋਂ ਪੂਰੇ ਕਰਵਾ ਲੈਣ ਤਾਂ ਕਈ ਵਾਰ ਉਸ ਤੋਂ ਬਾਅਦ ਉਹ ਭਰਾਵਾਂ ਨੂੰ ਬੇਲੋੜੀ ਚੀਜ਼ ਵਾਂਗ ਸਮਝਣ ਲੱਗ ਜਾਂਦੀਆਂ ਹਨ। ਇਸ ਲਈ ਅੱਜ ਰੱਖੜੀ ਦਾ ਮੁੱਲ ਮੋਹ-ਪਿਆਰ ਨਾਲ ਨਹੀਂ, ਕੱਪੜੇ-ਗਹਿਣੇ ਤੇ ਪੈਸੇ ਨਾਲ ਹੀ ਪਾਇਆ ਜਾਂਦਾ।

ਪਿਛਲੇ ਸਮਿਆਂ ਦੌਰਾਨ ਰੱਖੜੀ ਦਾ ਮੁੱਲ ਦਿਖਾਵੇ ਦੇ ਕੱਪੜੇ ਤੇ ਗਹਿਣਿਆਂ ਨਾਲ ਨਹੀਂ, ਸਗੋਂ ਮੋਹ-ਪਿਆਰ ਨਾਲ ਪੈਂਦਾ ਸੀ। ਪਰ ਜੇਕਰ ਦੂਸਰੇ ਪੱਖ ਦੀ ਗੱਲ ਕਰੀਏ ਤਾਂ ਸਾਰੀਆਂ ਭੈਣਾਂ ਸਵਾਰਥੀ ਨਹੀਂ ਹੁੰਦੀਆਂ, ਬਹੁਤ ਸਾਰੀਆਂ ਭੈਣਾਂ ਰੱਖੜੀ ਨੂੰ ਪੈਸੇ ਨਾਲ ਨਹੀਂ ਤੋਲਦੀਆਂ, ਅਜਿਹੇ ਸੰਸਕਾਰਾਂ ਵਾਲੀਆਂ ਭੈਣਾਂ ਤਾਂ ਭਰਾ ਦੇ ਘਰੋਂ ਫੋਕੇ ਪਾਣੀ ਦਾ ਗਲਾਸ ਪੀ ਕੇ ਵੀ ਅਸੀਸਾਂ ਦਿੰਦੀਆਂ ਹਨ। ਇਹ ਤਿਉਹਾਰ ਤਾਂ ਭੈਣ-ਭਰਾ ਦੇ ਪਾਕ-ਪਵਿੱਤਰ ਸਾਂਝ ਤੇ ਸਨੇਹ ਦਾ ਤਿਉਹਾਰ ਹੈ।

ਬਹੁਤ ਸਾਰੇ ਭਰਾ ਹੋਣਗੇ ਜਿਹੜੇ ਆਪਣੀਆਂ ਭੈਣਾਂ ਨੂੰ ਆਪਣੇ ਮਾਪਿਆਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦੇ, ਤੇ ਉਹ ਭੈਣਾਂ ਵੀ ਭਰਾਵਾਂ ਨੂੰ ਮਾਪਿਆਂ ਵਾਂਗ ਸਤਿਕਾਰਦੀਆਂ ਹਨ। ਰੱਖੜੀ ਦੀ ਅਸਲ ਕੀਮਤ ਤਾਂ ਉਨ੍ਹਾਂ ਭੈਣਾਂ ਤੋਂ ਪੁੱਛਣ ’ਤੇ ਪਤਾ ਲੱਗਦਾ ਜਿਨ੍ਹਾਂ ਭੈਣਾਂ ਦੇ ਕੋਈ ਵੀਰ ਨਹੀਂ, ਤਾਹੀਓਂ ਤਾਂ ਕਲੀਆਂ ਦੇ ਬਾਦਸ਼ਾਹ ਸਵ: ਕੁਲਦੀਪ ਮਾਣਕ ਦੀ ਇੱਕ ਕਲੀ ਦੇ ਬੋਲ ਹਨ, ਜੋ ਅਕਸਰ ਹੀ ਭੈਣਾਂ ਅਕਾਲਾਪੁਰਖ ਅੱਗੇ ਕਹਿੰਦੀਆਂ, ‘ਇੱਕ ਵੀਰ ਦੇਈਂ ਵੇ ਰੱਬਾ, ਸਹੁੰ ਖਾਣ ਨੂੰ ਬੜਾ ਹੀ ਚਿੱਤ ਕਰਦਾ, ਅੱਗੇ ਫਿਰ ਕਲੀ ਦੀ ਦੂਸਰੀ ਲਾਈਨ ਹੈ ‘ਭਾਈਆਂ ਬਾਝੋਂ ਭੈਣ ਸੱਖਣੀ, ਬੈਠੀ ਰੱਖੜੀ ਵਾਲੇ ਵੇ ਦਿਨ ਰੋਵੇ।’

ਜਦੋਂ ਕਿਸੇ ਭੈਣ ਦੇ ਆਪਣਾ ਭਰਾ ਨਾ ਹੋਵੇ ਤੇ ਜਾਂ ਕਿਸ ਦੇ ਆਪਣੀ ਸਕੀ ਭੈਣ ਨਾ ਹੋਵੇ ਤਾਂ ਉਹ ਸਮਾਜ ਵਿਚ ਧਰਮ ਦਾ ਭਰਾ ਜਾਂ ਧਰਮ ਦੀ ਭੈਣ ਦਾ ਰਿਸ਼ਤਾ ਅਖਤਿਆਰ ਕਰ ਲੈਂਦੇ ਹਨ, ਪਰੰਤੂ ਸਾਡਾ ਸਮਾਜ ਉਸ ਨੂੰ ਜਲਦੀ ਸਵੀਕਾਰ ਨਹੀਂ ਕਰਦਾ। ਕਿਉਂਕਿ ਮੂੰਹ ਬੋਲੇ ਰਿਸ਼ਤੇ ਦੀ ਤਸਵੀਰ ਦੇ ਦੋ ਪਾਸੇ ਹਨ, ਇਸ ਲਈ ਅਜਿਹੇ ਰਿਸ਼ਤੇ ਵੀ ਡੂੰਘੀ ਸੋਚ-ਵਿਚਾਰ ਕਰਨ ਤੋਂ ਬਾਅਦ ਹੀ ਬਣਾਉਣੇ ਚਾਹੀਦੇ ਹਨ, ਤਾਂ ਜੋ ਰੱਖੜੀ ਦੀ ਮੋਹ ਭਰੀ ਸੁੱਚੀ ਡੋਰ ਮੈਲ਼ੀ ਨਾ ਹੋਵੇ।

ਬੇਸ਼ੱਕ ਅੱਜ ਦੇ ਸਮੇਂ ਅੰਦਰ ਰਿਸ਼ਤਿਆਂ ਵਿਚ ਪਹਿਲਾਂ ਵਾਲੀ ਨਿੱਘ ਤਾਂ ਨਹੀਂ ਰਹੀ, ਪਰੰਤੂ ਅਜੇ ਵੀ ਕੁੁਝ ਲੋਕ ਮੋਹ ਭਰਿਆ ਦਿਲ ਰੱਖਦੇ ਹਨ। ਜੇਕਰ ਅੱਜ-ਕੱਲ੍ਹ ਚੱਲ ਰਹੇ ਸਮੇਂ ਤੇ ਹਾਲਾਤਾਂ ’ਤੇ ਪੈਨੀ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਰੱਖੜੀ ਦਾ ਤਿਉਹਾਰ ਵੀ ਅੱਜ-ਕੱਲ੍ਹ ਦੂਸਰੇ ਤਿਉਹਾਰਾਂ ਵਾਂਗ ਵਪਾਰੀਆਂ ਲਈ ਮੁਨਾਫੇ ਦਾ ਸਾਧਨ ਬਣ ਕੇ ਰਹਿ ਗਿਆ ਹੈ। ਬਜਾਰ ਵਿਚ ਹਰ ਪਾਸੇ ਰੱਖੜੀਆਂ, ਮਠਿਆਈਆਂ ਤੇ ਕੱਪੜੇ ਦੀਆਂ ਦੁਕਾਨਾਂ ’ਤੇ ਰੱਖੜੀ ਵਾਲੇ ਦਿਨ ਬੜੀ ਭਾਰੀ ਭੀੜ ਨਜ਼ਰ ਆਉਂਦੀ ਹੈ। ਕਈ ਭੈਣਾਂ ਤਾਂ ਆਪਣੇ ਭਰਾਵਾਂ ਨੂੰ ਚਾਂਦੀ ਜਾਂ ਸੋਨੇ ਦੀ ਰੱਖੜੀ ਵੀ ਬੰਨ੍ਹਦੀਆਂ ਹਨ, ਤੇ ਭਰਾ ਵੱਲੋਂ ਵੀ ਬਦਲੇ ਵਿਚ ਭੈਣਾਂ ਨੂੰ ਮਹਿੰਗੇ-ਮਹਿੰਗੇ ਤੋਹਫੇ ਦਿੱਤੇ ਜਾਂਦੇ ਹਨ।

ਇਸੇ ਲਈ ਤਾਂ ਰੱਖੜੀ ਦਾ ਤਿਉਹਾਰ ਅੱਜ ਦੇ ਸਮੇਂ ਵਿਚ ਇੱਕ ਫੈਸ਼ਨ ਜਿਹਾ ਬਣ ਰਹਿ ਗਿਆ ਹੈ, ਸੋਨੇ ਜਾਂ ਚਾਂਦੀ ਦੀਆਂ ਰੱਖੜੀਆਂ ਬੰਨ੍ਹ ਕੇ ਇਸ ਦੀ ਚਮਕ-ਦਮਕ ਵਧਾਈ ਜਰੂਰ ਜਾ ਰਹੀ ਹੈ, ਪਰ ਤਿਉਹਾਰ ਵਾਲੇ ਤੱਤ ਇਸ ਵਿਚੋਂ ਖੁੱਸਦੇ ਜਾ ਰਹੇ ਹਨ। ਪਰ ਦੂਸਰੇ ਪਾਸੇ ਆਪਣੀ ਹੈਸੀਅਤ ਅਨੁਸਾਰ ਪਿਆਰ ਨਾਲ ਖਰੀਦੀ ਹੋਈ 10 ਰੁਪਏ ਦੀ ਰੱਖੜੀ ਵੀ ਸੋਨੇ ਦੀ ਰੱਖੜੀ ਨਾਲੋਂ ਕਈ ਗੁਣਾ ਵੱਧ ਕੀਮਤੀ ਹੁੰਦੀ ਹੈ। ਕਿਉਂਕਿ ਭੈਣ-ਭਰਾ ਦੇ ਰਿਸ਼ਤੇ ਅੱਗੇ ਇਨ੍ਹਾਂ ਚੀਜਾਂ ਦੀ ਕੋਈ ਕੀਮਤ ਨਹੀਂ ਹੈ। ਕਿਉਂਕਿ ਭੈਣ-ਭਰਾ ਦਾ ਰਿਸ਼ਤਾ ਸੱਚਾ-ਸੁੱਚਾ, ਪਵਿੱਤਰ ਤੇ ਕਦੇ ਵੀ ਨਾ ਟੁੱਟਣ ਵਾਲਾ ਅਨਮੋਲ ਰਿਸ਼ਤਾ ਹੁੰਦਾ ਹੈ।
ਬਲਾਕ ਲੰਬੀ/ਮਲੋਟ, ਸ੍ਰੀ ਮੁਕਤਸਰ ਸਾਹਿਬ
ਮੋ. 98726-00923

ਮੇਵਾ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ