Health Insurance: ਅੱਜ ਤੋਂ ਮਿਲੇਗਾ ਇਲਾਜ ਦਾ ਫਾਇਦਾ, ਨਾ ਕੋਈ ਉਮਰ ਦੀ ਹੱਦ ਨਾ ਹੀ ਸਾਲਾਨਾ ਕਮਾਈ ਦਾ ਡਰ
- ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਿਲੇਗਾ 10 ਲੱਖ ਤੱਕ ਦੀ ਬੀਮਾ ਸਕੀਮ ਦਾ ਲਾਭ
- ਸਿਰਫ਼ ਅਧਾਰ ਕਾਰਡ ਅਤੇ ਵੋਟਰ ਕਾਰਡ ਹੀ ਕਾਫ਼ੀ, 2 ਮਿੰਟਾਂ ਵਿੱਚ ਬਣੇਗਾ ਸਿਹਤ ਬੀਮਾ ਕਾਰਡ
Health Insurance: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇਸ਼ ਦਾ ਪਹਿਲਾ ਉਹ ਸੂਬਾ ਬਣ ਗਿਆ ਹੈ, ਜਿੱਥੇ ਹਰ ਪੰਜਾਬੀ ਨੂੰ 10 ਲੱਖ ਰੁਪਏ ਤੱਕ ਦੇ ਇਲਾਜ ਲਈ ਫਿਕਰਮੰਦ ਨਹੀਂ ਹੋਣਾ ਪਵੇਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀਰਵਾਰ ਤੋਂ ਪੰਜਾਬ ਭਰ ਦੇ ਤਿੰਨ ਕਰੋੜ ਤੋਂ ਜ਼ਿਆਦਾ ਪੰਜਾਬੀਆਂ ਦਾ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਸ਼ੁਰੂ ਕਰ ਦਿੱਤਾ ਗਿਆ ਹੈ।
ਹੁਣ ਪੰਜਾਬੀਆਂ ਨੂੰ ਬੱਸ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ ਜਾਂ ਫਿਰ ਸਰਕਾਰੀ ਹਸਪਤਾਲ ਤੇ ਡਿਸਪੈਂਸਰੀ ਵਿੱਚ ਜਾ ਕੇ ਆਪਣਾ ਆਧਾਰ ਕਾਰਡ ਦਿਖਾਉਂਦੇ ਹੋਏ ਖੁਦ ਨੂੰ ਰਜਿਸਟਰਡ ਕਰਨਾ ਹੋਵੇਗਾ। ਜਿਸ ਤੋਂ ਬਾਅਦ ਉਹਨਾਂ ਨੂੰ ਕਿਸੇ ਵੀ ਸਿਹਤ ਕਾਰਡ ਦੇ ਆਉਣ ਦਾ ਵੀ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ, ਸਗੋਂ ਰਜਿਸਟਰ ਕਰਦੇ ਹੀ ਉਹ 10 ਲੱਖ ਰੁਪਏ ਦੀ ਸਿਹਤ ਬੀਮਾ ਸਕੀਮ ਦੇ ਹੱਕਦਾਰ ਹੋ ਜਾਣਗੇ ਅਤੇ ਆਪਣੇ ਤੇ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਇਲਾਜ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਅੱਜ ਤੋਂ ਹੀ ਕਰਵਾਇਆ ਜਾ ਸਕੇਗਾ।
Health Insurance
ਪੰਜਾਬ ਦੇ ਮੁਹਾਲੀ ਵਿਖੇ ਸਥਿਤ ਵਿਕਾਸ ਭਵਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਇਸ ਸਕੀਮ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਇਸ ਸਕੀਮ ਵਿੱਚ ਖਾਸ ਗੱਲ ਇਹ ਹੈ ਕਿ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਲੈਣ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਅੜਿੱਕਾ ਨਹੀਂ ਹੈ, ਨਾ ਹੀ ਉਮਰ ਦੀ ਕੋਈ ਹੱਦ ਹੈ ਅਤੇ ਨਾ ਹੀ ਸਾਲਾਨਾ ਇਨਕਮ ਦੀ ਕੋਈ ਹੱਦ ਹੈ, ਜਿਸ ਤੋਂ ਸਾਫ ਹੈ ਕਿ ਕੋਈ ਗਰੀਬ ਘਰ ਦਾ ਮੈਂਬਰ ਹੋਵੇ ਜਾਂ ਫਿਰ ਕੋਈ ਕਰੋੜਪਤੀ ਕਿਉਂ ਨਾ ਹੋਵੇ ਹਰ ਕਿਸੇ ਨੂੰ ਇਸ ਸਿਹਤ ਬੀਮਾ ਸਕੀਮ ਦਾ ਲਾਹਾ ਮਿਲੇਗਾ।
Read Also : ਫੌਜ ਦੀ ਗੱਡੀ 200 ਫੁੱਟ ਖੱਡ ’ਚ ਡਿੱਗੀ, 10 ਜਵਾਨਾਂ ਦੀ ਮੌਤ
ਦੇਸ਼ ਵਿੱਚ ਹੁਣ ਤੱਕ ਕਿਸੇ ਵੀ ਸੂਬੇ ਵਿੱਚ ਸਾਰੇ ਵਸਨੀਕਾਂ ਨੂੰ ਸਿਹਤ ਬੀਮਾ ਕਿਸੇ ਵੀ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਅਤੇ ਪੰਜਾਬ ਹੀ ਇਹੋ ਜਿਹਾ ਪਹਿਲਾ ਸੂਬਾ ਹੈ, ਜਿੱਥੇ ਕਿ ਸਿਰਫ ਪੰਜਾਬ ਦਾ ਆਧਾਰ ਕਾਰਡ ਜਾਂ ਵੋਟਰ ਕਾਰਡ ਹੋਣਾ ਚਾਹੀਦਾ ਹੈ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਪਰੂਫ ਹੋਣਾ ਚਾਹੀਦਾ ਹੈ ਤਾਂ ਉਹ ਪੰਜਾਬੀ ਇਸ ਸਿਹਤ ਬੀਮਾ ਸਕੀਮ ਦਾ ਲਾਭ ਲੈ ਸਕਦਾ ਹੈ। ਆਧਾਰ ਕਾਰਡ ਦਿਖਾਉਂਦੇ ਹੋਏ ਹਸਪਤਾਲਾਂ ਵਿੱਚ ਇਲਾਜ ਸ਼ੁਰੂ ਕਰਵਾਇਆ ਜਾ ਸਕਦਾ ਹੈ ਅਤੇ ਸਿਹਤ ਬੀਮਾ ਦਾ ਸਮਾਰਟ ਕਾਰਡ ਵਿੱਚ ਬਾਅਦ ਵਿੱਚ ਆਉਂਦਾ ਰਹੇਗਾ।
ਹੁਣ ਬਿਨ ਇਲਾਜ ਨਹੀਂ ਮਰੇਗਾ ਕੋਈ ਪੰਜਾਬੀ : ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਹਾਲੀ ਵਿਖੇ ਇਸ 10 ਲੱਖ ਸਿਹਤ ਬੀਮਾ ਸਕੀਮ ਦਾ ਆਗਾਜ਼ ਹੋਣ ਮੌਕੇ ਕਿਹਾ ਕਿ ਪੰਜਾਬ ਵਿੱਚ ਹੁਣ ਤੋਂ ਬਾਅਦ ਕੋਈ ਵੀ ਵਿਅਕਤੀ ਕਿਸੇ ਵੀ ਬਿਮਾਰੀ ਕਾਰਨ ਬਿਨਾਂ ਇਲਾਜ ਤੋਂ ਨਹੀਂ ਮਰੇਗਾ। ਪੰਜਾਬ ਦੇ ਹਰ ਵਸਨੀਕ ਨੂੰ ਸਰਕਾਰੀ ਜਾਂ ਫਿਰ ਪ੍ਰਾਈਵੇਟ ਹਸਪਤਾਲ ਵਿੱਚ ਬਰਾਬਰੀ ਦਾ ਇਲਾਜ ਲੈਣ ਦਾ ਹੱਕਦਾਰ ਬਣਾ ਦਿੱਤਾ ਗਿਆ ਹੈ ਅਤੇ ਇਲਾਜ ਦੇ ਮਾਮਲੇ ਵਿੱਚ ਛੋਟਾ ਵੱਡਾ ਨਹੀਂ ਹੋਵੇਗਾ। ਪੰਜਾਬ ਵਿੱਚ ਹਰ ਪੰਜਾਬੀ ਨੂੰ ਚੰਗੇ ਤੋਂ ਚੰਗਾ ਇਲਾਜ ਚੰਗੀ ਤੋਂ ਚੰਗੀ ਥਾਂ ’ਤੇ ਮਿਲੇਗਾ ਅਤੇ ਇਸ ਦਾ ਸਾਰਾ ਖਰਚਾ ਵੀ ਪੰਜਾਬ ਸਰਕਾਰ ਕਰੇਗੀ
ਕੋਈ ਨਹੀਂ ਹੋਏਗੀ ਸ਼ਰਤ, ਮਿਲੇਗਾ ਮੁਫਤ ਇਲਾਜ: ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਸਕੀਮ ਨੂੰ ਸ਼ੁਰੂ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹੋ ਜਿਹੀ ਸਕੀਮ ਅੱਜ ਤੋਂ ਸ਼ੁਰੂ ਕੀਤੀ ਹੈ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਰਤ ਹੀ ਨਹੀਂ ਹੈ, ਜਦੋਂ ਕਿ ਹੁਣ ਤੱਕ ਭਾਵੇਂ ਕੇਂਦਰ ਸਰਕਾਰ ਦੀ ਕੋਈ ਸਕੀਮ ਆਈ ਹੋਵੇ ਜਾਂ ਫਿਰ ਕਿਸੇ ਵੀ ਹੋਰ ਸੂਬੇ ਦੀ ਕੋਈ ਸਕੀਮ ਆਈ ਹੋਵੇ, ਹਰੇਕ ਵਿੱਚ ਆਮਦਨ ਤੋਂ ਲੈ ਕੇ ਉਮਰ ਹੱਦ ਤੱਕ ਦੀਆਂ ਸ਼ਰਤਾਂ ਲੱਗੀਆਂ ਹੁੰਦੀਆਂ ਸਨ, ਪਰ ਪੰਜਾਬ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਸ਼ਰਤ ਨਹੀਂ ਲਾਈ ਹੈ, ਸਗੋਂ ਹਰ ਪੰਜਾਬੀ ਨੂੰ ਇਲਾਜ ਲਈ ਪੂਰਾ ਅਧਿਕਾਰ ਦਿੱਤਾ ਹੈ। ਇਸ ਲਈ ਹੁਣ ਤੋਂ ਬਾਅਦ ਪੰਜਾਬ ਦੇ ਕਿਸੇ ਵੀ ਵਸਨੀਕ ਨੂੰ ਇਲਾਜ ਦੇ ਮਾਮਲੇ ਵਿੱਚ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਉਹਨਾਂ ਦਾ ਇਲਾਜ ਕਰਨ ਲਈ ਪੰਜਾਬ ਸਰਕਾਰ ਦਿਨ ਰਾਤ ਖੜ੍ਹੀ ਹੈ।














