ਬੈਂਕ ਕੈਸ਼ੀਅਰ ਵੱਲੋਂ ਦਿੱਤੇ ਗਏ ਸਨ ਤਿੰਨ ਲੱਖ ਰੁਪਏ ਦੀ ਬਜਾਏ ਪੰਜ ਲੱਖ ਰੁਪਏ
- ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਸਦਕਾ ਹੀ ਹੋਇਆ : ਅਮਨਦੀਪ
ਨਿਹਾਲ ਸਿੰਘ ਵਾਲਾ, (ਪੱਪੂ ਗਰਗ/ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਦਿੱਤੀ ਗਈ ਅਪਣੀ ਦਸਾਂ ਨਹੁੰਆਂ ਦੀ ਕਿਰਤ ਕਰਕੇ ਜੀਵਨ ਬਸਰ ਕਰਨ ਦੀ ਪਵਿੱਤਰ ਸਿੱਖਿਆ ‘ਤੇ ਚੱਲਦੇ ਹੋਏ ਅੱਜ ਕਰੋੜਾਂ ਡੇਰਾ ਸ਼ਰਧਾਲੂ ਇਮਾਨਦਾਰੀ ਦੀ ਜਿੰਦਗੀ ਜਿਉਂਦੇ ਹੋਏ ਸਮਾਜ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ, ਜਿਨ੍ਹਾਂ ਦੇ ਕਿੱਸੇ ਅਕਸਰ ਹੀ ਖਬਰਾਂ ਦਾ ਸ਼ਿੰਗਾਰ ਬਣਦੇ ਹਨ। ਅਜਿਹਾ ਹੀ ਨੇਕੀ ਦਾ ਕਾਰਜ ਕੀਤਾ ਹੈ।
ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ਦੇ ਡੇਰਾ ਸ਼ਰਧਾਲੂ ਅਮਨਦੀਪ ਸ਼ਰਮਾ ਇੰਸਾਂ ਪੁੱਤਰ ਗੁਰਚਰਨ ਦਾਸ ਇੰਸਾਂ ਨੇ, ਜਿਸਨੇ ਬੈਂਕ ਕੈਸ਼ੀਅਰ ਵੱਲੋਂ ਗਲਤ ਨਾਲ ਵੱਧ ਆਏ ਦੋ ਲੱਖ ਰੁਪਏ ਵਾਪਸ ਕਰਕੇ ਇਮਾਨਦਾਰੀ ਦੀ ਵੱਡੀ ਮਿਸਾਲ ਪੈਦਾ ਕੀਤੀ, ਜੋ ਅੱਜ ਦੇ ਪਦਾਰਥਵਾਦੀ ਯੁੱਗ ਅੰਦਰ ਬਹੁਤ ਹੀ ਵਿਰਲੇ ਲੋਕਾਂ ਦੇ ਹਿੱਸੇ ਆਉਂਦੀ ਹੈ। ਅਮਨਦੀਪ ਇੰਸਾਂ ਦੇ ਭਰਾ ਜੀਵਨਦੀਪ ਇੰਸਾਂ ਨੇ ਦੱਸਿਆ ਕਿ ਡੇਰਾ ਸ਼ਰਧਾਲੂ ਅਮਨਦੀਪ ਇੰਸਾਂ ਨੇ ਪਿਛਲੇ ਦਿਨੀਂ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਬਿਲਾਸਪੁਰ ਵਿੱਚੋਂ ਅਪਣੇ ਖਾਤੇ ਵਿੱਚੋਂ ਤਿੰਨ ਲੱਖ ਰੁਪਏ ਕਢਵਾਉਣ ਲਈ ਵਾਊਚਰ ਭਰ ਕੇ ਦਿੱਤਾ ਪਰੰਤੂ ਕੈਸ਼ੀਅਰ ਮੰਜੂ ਰਾਣੀ ਨੇ ਗਲਤੀ ਨਾਲ ਤਿੰਨ ਲੱਖ ਦੇਣ ਦੀ ਪੰਜ ਲੱਖ ਰੁਪਏ ਅਮਨਦੀਪ ਸ਼ਰਮਾ ਨੂੰ ਦੇ ਦਿੱਤੇ।
ਜਦੋਂ ਬੈਂਕ ਵਿੱਚ ਬਾਹਰ ਆ ਕੇ ਅਮਨਦੀਪ ਨੇ ਵੇਖਿਆ ਕਿ ਉਹਨਾ ਦੇ ਪੈਸਿਆਂ ਵਿੱਚ 2-2000 ਦੇ ਨੋਟਾਂ ਦਾ ਇੱਕ ਬੰਡਲ ਵੱਧ ਆ ਗਿਆ ਹੈ ਤਾਂ ਉਸਨੇ ਤੁਰੰਤ ਬੈਂਕ ਮੈਨੇਜਰ ਸੰਦੀਪ ਚੌਧਰੀ ਦੀ ਹਾਜ਼ਰੀ ਵਿੱਚ ਦੋ ਲੱਖ ਰੁਪਏ ਕੈਸ਼ੀਅਰ ਮੰਜੂ ਰਾਣੀ ਨੂੰ ਵਾਪਸ ਕਰ ਦਿੱਤੇ । ਬੈਂਕ ਮੈਨੇਜਰ ਅਤੇ ਕੈਸ਼ੀਅਰ ਨੇ ਡੇਰਾ ਸ਼ਰਧਾਲੂ ਅਮਨਦੀਪ ਸ਼ਰਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਬੰਧੀ ਗੱਲਬਾਤ ਕਰਦਿਆਂ ਡੇਰਾ ਸ਼ਰਧਾਲੂ ਅਮਨਦੀਪ ਇੰਸਾਂ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਕਾਰਨ ਹੀ ਹੋਇਆ ਹੈ।