ਉਦਯੋਗਪਤੀ ਕਰਨਗੇ ਸਰਕਾਰ ਨਾਲ ਵਿਚਾਰ-ਵਟਾਂਦਰਾ

Entrepreneurs , Discussions , Government

ਮੁਹਾਲੀ ‘ਚ ਇਨਵੈਸਟ ਪੰਜਾਬ ਸੁਮਿਟ ਅੱਜ

ਅਸ਼ਵਨੀ ਚਾਵਲਾ ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਭਲਕੇ ਵੀਰਵਾਰ ਨੂੰ ਮੁਹਾਲੀ ਵਿਖੇ ਇਨਵੈਸਟ ਪੰਜਾਬ ਸੁਮਿਟ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਦੇਸ਼ ਦੇ ਉੱਘੇ ਉਦਯੋਗਪਤੀ ਪੰਜਾਬ ‘ਚ ਨਿਵੇਸ਼ ਕਰਨ ਸਬੰਧੀ ਵਿਚਾਰ-ਵਟਾਂਦਰਾ ਕਰਨਗੇ ਇਸ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪੰਜਾਬ ਇਨਵੈਸਟ ਸਮਿਟ ਦੇ ਅਧਿਕਾਰੀ ਇਸ ਵਾਰ ਸਮਝੌਤੇ ਨਾ ਕਰਨ ਨੂੰ ਆਪਣਾ ਪਲਾਨ ਦੱਸ ਰਹੇ ਹਨ ਇਹ ਗੱਲ ਵੀ ਜਿਕਰਯੋਗ ਹੈ ਕਿ ਪਿਛਲੇ ਸਾਲਾਂ?’ਚ ਵੀ ਅਜਿਹੇ ਸੰਮੇਲਨਾਂ ‘ਚ ਕੀਤੇ ਗਏ ਐਲਾਨਾਂ ਦੇ ਮੁਕਾਬਲੇ ਬਹੁਤ ਘੱਟ ਨਿਵੇਸ਼ ਹੋਇਆ ਸੀ।

ਪਿਛਲੀ ਅਕਾਲੀ-ਭਾਜਪਾ ਸਰਕਾਰ ਅਤੇ ਹੁਣ ਕਾਂਗਰਸ ਸਰਕਾਰ ਵੱਲੋਂ ਵੀ ਇੰਡਸਟਰੀਜ਼ ਨੂੰ ਪੰਜਾਬ ਵਿੱਚ ਲਿਆਉਣ ਲਈ ਇਨਵੈਸਟ ਪੰਜਾਬ ਤਹਿਤ ਸੁਮਿਟ ਕਰਵਾਈਆਂ ਜਾਂ ਰਹੀਆਂ ਹਨ। ਅਕਾਲੀ-ਭਾਜਪਾ ਸਰਕਾਰ ਦੌਰਾਨ 2013 ਵਿੱਚ 67 ਹਜ਼ਾਰ ਕਰੋੜ ਰੁਪਏ ਦੇ 128 ਸਮਝੌਤੇ ਕੀਤੇ ਗਏ ਸਨ, ਜਦੋਂ ਇਨ੍ਹਾਂ ਵਿੱਚੋਂ ਸਿਰਫ਼ 62 ਇੰਡਸਟਰੀਜ਼ ਮਾਲਕਾ ਵਲੋਂ ਹੀ ਦਿਲਚਸਪੀ ਦਿਖਾਉਂਦੇ ਹੋਏ ਪੰਜਾਬ ਵਿੱਚ ਉਦਯੋਗ ਲਾਏ ਗਏ ਸਨ। ਇਸੇ ਤਰ੍ਹਾਂ 2015 ਵਿੱਚ 1 ਲੱਖ 13 ਹਜ਼ਾਰ ਕਰੋੜ ਰੁਪਏ ਦੇ 391 ਸਮਝੌਤੇ ਕੀਤੇ ਗਏ ਸਨ, ਜਿਸ ਵਿੱਚੋਂ ਸਿਰਫ਼ 16 ਫੀਸਦੀ ਨਾਲ 63 ਸਮਝੌਤੇ ਹੀ ਸਿਰੇ ਚੜ੍ਹ ਸਕੇ ਹਨ ਅਤੇ ਜ਼ਿਆਦਾਤਰ ਇੰਡਸਟਰੀਜ਼ ਅਜੇ ਵੀ ਚਾਲੂ ਸਥਿਤੀ ਵਿੱਚ ਨਹੀਂ ਆਈ ਹੈ।

ਸਾਲ 2015 ਵਿੱਚ ਹੋਏ ਸਮਝੌਤੇ ਵਿੱਚ ਸਿਰਫ਼ 16 ਫੀਸਦੀ ਸਫ਼ਲਤਾ ਮਿਲਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਜਦੋਂ ਸਮਝੌਤੇ ਕਰਨ ਤੋਂ ਬਆਦ ਵੀ ਇੰਡਸਟਰੀਜ਼ ਨਹੀਂ ਲਾਈ ਜਾਂਦੀ ਤਾਂ ਅਧਿਕਾਰੀਆਂ ਦੇ ਵਾਰ-ਵਾਰ ਫੋਨ ਆਉਣ ਤੋਂ ਬਾਅਦ ਕੁਝ ਨਾ ਕੁਝ ਉਦਯੋਗ ਲਗਾਉਣ ਲਈ ਕਾਰਪੋਰੇਟ ਮਜ਼ਬੂਰ ਵੀ ਹੋ ਜਾਂਦੇ ਹਨ ਪਰ ਹੁਣ ਸਵਾਲ ਇਹ ਹੈ ਕਿ ਕੀ ਬਿਨਾਂ ਸਮਝੌਤੇ ਤੋਂ ਕੋਈ ਕੰਪਨੀ ਪੰਜਾਬ ਵਿੱਚ ਆ ਕੇ ਨਿਵੇਸ਼ ਕਰੇਗੀ।

25 ਕਰੋੜ ਖਰਚੇ ਜਾਣਗੇ ਸਮਾਗਮ ‘ਤੇ

ਸਰਕਾਰ ਵੱਲੋਂ ਕਰਵਾਏ ਜਾ ਰਹੇ ਪੰਜਾਬ ਇਨਵੈਸਟ ਸਮਿਟ ਦੇ ਪ੍ਰਬੰਧਾਂ ‘ਤੇ 25 ਕਰੋੜ ਰੁਪਏ ਖਰਚ ਕੀਤੇ ਜਾਣ ਦਾ ਅਨੁਮਾਨ ਹੈ ਪੁਲਿਸ ਸੁਰੱਖਿਆ ਪ੍ਰਬੰਧਾਂ ‘ਤੇ ਵੀ ਭਾਰੀ ਖਰਚਾ ਆਵੇਗਾ 20 ਡੀਐੱਸਪੀ, 40 ਇੰਸਪੈਕਟਰ ਤੇ 200 ਸਬ ਇੰਸਪੈਕਟਰਾਂ ਨੂੰ ਸੁਰੱਖਿਆ ਦਾ ਜਿੰਮਾ ਦਿੱਤਾ ਗਿਆ ਹੈ ਪੀਸੀਐਸ ਪੱਧਰ ਦੇ 82 ਅਫ਼ਸਰਾਂ ਦੀ ਵਿਸ਼ੇਸ਼ ਤੌਰ ‘ਤੇ ਡਿਊਟੀ ਲਾਈ ਗਈ ਹੈ ਸੰਮੇਲਨ ਵਾਲੀ ਥਾਂ ਦੇ ਨਾਲ-ਨਾਲ  ਸ਼ਹਿਰ ਨੂੰ ਵੀ ਸੁੰਦਰ ਬਣਾਇਆ ਗਿਆ ਹੈ।

ਨਹੀਂ ਹੋਵੇਗਾ ਕਿਸੇ ਸਮਝੌਤੇ ਦਾ ਐਲਾਨ

ਭਾਵੇਂ ਸਰਕਾਰ ਵੱਲੋਂ ਇਸ ਸਮਾਰੋਹ ‘ਚ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸੱਦਿਆ ਗਿਆ ਹੈ ਪਰ ਇਸ ਵਾਰ ਵੱਖਰੀ ਗੱਲ ਇਹ ਹੈ ਕਿ ਸੰਮੇਲਨ ‘ਚ ਕਿਸੇ ਸਮਝੌਤੇ ਦਾ ਐਲਾਨ ਨਹੀਂ ਕੀਤਾ ਜਾਵੇਗਾ ਅਧਿਕਾਰੀਆਂ ਨੇ ਇਸ ਨੂੰ ਇੰਟਰੈਕਸ਼ਨ (ਵਿਚਾਰ-ਵਟਾਂਦਰੇ) ਦਾ ਨਾਂਅ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।