ਅਨੰਦ ਨਾਲ ਮਾਣੋ ਰਿਸ਼ਤਿਆਂ ਨੂੰ

Enjoy, Relationships

ਜੁਗਰਾਜ ਸਿੰਘ

ਮਨੁੱਖੀ ਜ਼ਿੰਦਗੀ ਦਾ ਵਰਤਾਰਾ ਅਜਿਹਾ ਹੈ ਕਿ ਇਹ ਆਪਣਿਆਂ ਬਿਨਾ ਸਹੀ ਨਹੀ ਚੱਲ ਸਕਦੀ। ਉਂਜ ਭਾਵੇਂ ਕੋਈ ਕਹੀ ਜਾਵੇ ਕਿ ਮੈਂ ਤੁਹਾਡੇ ਬਿਨਾ ਸਾਰ ਲਵਾਂਗਾ। ਇਹ ਠੀਕ ਹੈ ਕਿ ਕਿਸੇ ਦੇ ਬਿਨਾ ਜ਼ਿੰਦਗੀ ਰੁਕਦੀ ਵੀ ਨਹੀਂ, ਪਰ ਆਪਣਿਆਂ ਬਿਨਾਂ ਜ਼ਿੰਦਗੀ ਜਿਊਣ ਦਾ ਸਵਾਦ ਫਿੱਕੀ ਜਿਹੀ ਚਾਹ ਵਰਗਾ ਹੀ ਰਹਿੰਦਾ ਹੈ। ਆਪਣੇ ਤਾਂ ਖੁਸ਼ੀ-ਗਮੀ ਦੇ ਮੌਕਿਆਂ ‘ਤੇ ਹੀ ਬੇਹੱਦ ਯਾਦ ਆਉਂਦੇ ਹਨ। ਕਈ ਆਪਣਿਆਂ ਨੂੰ ਯਾਦ ਕਰਕੇ, ਰੋਂਦੇ ਵੀ ਦੇਖੇ ਜਾਂਦੇ ਹਨ। ਜਿੰਦਗੀ ‘ਚ ਹਰੇਕ ਕਦਮ ਸੋਚ-ਸਮਝਕੇ ਹੀ ਰੱਖਣਾ ਚਾਹੀਦਾ ਹੈ। ਬਹੁਤੇ ਰਿਸ਼ਤੇ ਪੈਸੇ ਦੇ ਲਾਲਚ ‘ਚ, ਨੀਵਾਂ ਨਾ ਹੋਣ ਦੀ ਵਜ੍ਹਾ ਕਰਕੇ, ਦੂਜੇ ਨੂੰ ਗਲਤ ਦੱਸ ਕੇ, ਬਿਨਾ ਕਾਰਨ ਸ਼ੱਕ ਆਦਿ ਕਰਕੇ ਖਰਾਬ ਹੋ ਜਾਂਦੇ ਹਨ। ਆਪਣਿਆਂ ਨਾਲ ਹੀ ਸੁਖਦ ਜ਼ਿੰਦਗੀ ਬਣਦੀ ਹੈ। ਇਕੱਲੇਪਣ ‘ਚ ਤਾਂ ਪਾਣੀ ਵੀ ਖੜ੍ਹਾ-ਖੜ੍ਹਾ ਮੁਸ਼ਕ ਜਾਂਦਾ ਹੈ, ਬਦਬੂ ਮਾਰਨ ਲੱਗ ਪੈਂਦਾ ਹੈ। ਮਨੁੱਖੀ ਮਨੋ-ਦਸ਼ਾ ਹੀ ਅਜਿਹੀ ਹੈ, ਜੋ ਸਮੇਂ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ। ਸਾਡਾ ਮਨੋਭਾਵ ਚਿੱਟੀ ਚਾਦਰ ਵਾਂਗ ਹੈ, ਜਿਸ ਮਰਜੀ ਰੰਗ ‘ਚ ਲੈ ਜਾਈਏ, ਉਸ ਵਰਗਾ ਬਣ ਜਾਵੇਗਾ। ਰਿਸ਼ਤਿਆਂ ‘ਚ ਆਪਣੇ-ਆਪ ਨੂੰ ਇੰਨਾ ਖੁਸ਼ਹਾਲ ਦਿਲ ਬਣਾਓ ਕਿ ਕੋਈ  ਦੁਸ਼ਮਣੀ ਰੱਖਣ ਵਾਲੇ ਦੇ ਚਿਹਰੇ ‘ਤੇ ਵੀ ਤੁਹਾਨੂੰ ਦੇਖ ਕੇ ਇੱਕਦਮ ਪੂਰੀ ਚਮਕ ਆ ਜਾਵੇ। ਦੇਖੋ ਇਹ ਕੋਈ ਕੁਦਰਤੀ ਗੱਲ ਤਾਂ ਜ਼ਰੂਰ ਹੈ ਕਿ ਤੂਫਾਨ ਆਉਣ ‘ਤੇ ਰੁੱਖਾਂ ‘ਤੇ ਲੱਗੇ ਜਾਨਵਰਾਂ ਦੇ ਆਲ੍ਹਣਿਆਂ ਵਿੱਚ ਆਂਡੇ ਤੇ ਜਾਨਵਰਾਂ ਨੂੰ ਰੁੱਖ ਹੀ ਸੁਰੱਖਿਅਤ ਰੱਖਦੇ ਹਨ। ਜਿਨ੍ਹਾਂ ਦਾ ਵੀ ਇੱਕ ਤਰ੍ਹਾਂ ਆਪਸ ਵਿੱਚ ਰਿਸ਼ਤਾ ਹੀ ਬਣ ਜਾਂਦਾ ਹੈ। ਜਿਹੜੇ ਇਨਸਾਨੀ ਰਿਸ਼ਤੇ ਕਾਇਮ ਹੁੰਦੇ ਹਨ, ਇਨ੍ਹਾਂ ਵਿਚ ਕੁਦਰਤੀ ਵਰਤਾਰਾ ਵੀ ਹੁੰਦਾ ਹੈ। ਹਰੇਕ ਦੇ ਦਿਲ ਵਿੱਚ ਇਹ ਜਰੂਰ ਹੋਵੇ ਕਿ ਅਸੀਂ ਕਿਸੇ ਨੂੰ ਆਪਣਾ ਬਣਾ ਕੇ, ਉਸ ਨਾਲ ਕਦੇ ਧੋਖਾ ਨਹੀਂ ਕਰਨਾ ਹੈ। ਪਾਣੀ ਦੀ ਬੂੰਦ, ਜੇਕਰ ਗਰਮ ਜਗ੍ਹਾ ‘ਤੇ ਡਿੱਗ ਜਾਵੇ ਤਾਂ ਉਹ ਸੜ ਜਾਂਦੀ ਹੈ, ਪਰ ਜੇ ਕੋਈ ਬੂੰਦ ਕਦੀ ਕਮਲ ਦੇ ਫੁੱਲ ‘ਤੇ ਡਿੱਗ ਪਵੇ ਤਾਂ ਉਹ ਮੋਤੀ ਵਾਂਗ ਚਮਕਦੀ ਹੈ, ਜੇ ਉਹ ਬੂੰਦ ਕਦੀ ਸਿੱਪੀ ਵਿੱਚ ਜਾ ਵੱਸੇ ਤਾਂ ਉਹ ਖੁਦ ਮੋਤੀ ਬਣ ਜਾਂਦੀ ਹੈ। ਦੇਖੋ! ਪਾਣੀ ਦੀ ਬੂੰਦ ਤਾਂ ਉਹੀ ਹੈ, ਜਦੋਂ ਉਹ ਆਪਣੇ ਅਸਲ ਰਿਸ਼ਤੇ ‘ਚ ਜਾਂਦੀ ਹੈ ਤਾਂ ਉਸ ਦੀ ਹੋਂਦ ‘ਚ ਫਰਕ ਪੈ ਜਾਂਦਾ ਹੈ। ਸਾਰੇ ਰਿਸ਼ਤਿਆਂ ਨੂੰ ਕੁਦਰਤ ਨੇ ਹੀਰਿਆਂ ਵਾਂਗ ਸਜਾ ਕੇ, ਜਿੰਦਗੀ ਵਿਚ ਪੇਸ਼ ਕੀਤਾ ਹੈ। ਚਮਕਦਾ ਉਹੀ ਹੈ ਜੋ ਹੀਰੇ ਵਾਂਗ ਤਰਾਸ਼ਣ ਦੀਆਂ ਹੱਦਾਂ ਵਿਚ ਦੀ ਲੰਘ ਜਾਂਦਾ ਹੈ। ਗਲਤੀ ਹੋਣ ‘ਤੇ ਤੁਹਾਡਾ ਸਾਥ ਛੱਡਣ ਵਾਲੇ ਅਨੇਕਾ ਮਿਲ ਜਾਣਗੇ, ਸਮਝਾ ਕੇ ਨਾਲ ਚੱਲਣ ਵਾਲੇ ਬਹੁਤ ਘੱਟ ਮਿਲਣਗੇ। ਰਿਸ਼ਤੇ ਨਿਭਾਉਣ ਲਈ ਸਾਨੂੰ ਆਪਣੀਆਂ ਅੱਖਾਂ ਤੋਂ ਹੀ ਸਿੱਖਿਆ ਲੈਣੀ ਚਾਹੀਦੀ ਹੈ। ਇਹ ਆਪਣੇ ਨਾਲ ਹੀ ਸੌਂਦੀਆਂ ਹਨ, ਨਾਲ ਹੀ ਜਾਗਦੀਆਂ ਹਨ, ਨਾਲ ਹੀ ਹੱਸਦੀਆਂ ਹਨ, ਫਿਰ ਅੰਤ ਸਮੇਂ ਵੀ ਇੱਕ ਦਿਨ ਸਦਾ ਲਈ ਸਾਡੇ ਨਾਲ ਹੀ ਬੰਦ ਹੋ ਜਾਂਦੀਆਂ ਹਨ। ਰਿਸ਼ਤੇ ਆਪਸੀ ਪ੍ਰੇਮ-ਭਾਵ ਨਾਲ, ਮਿਲ-ਵਰਤਣ ਨਾਲ ਹੀ ਕਾਇਮ ਰਹਿੰਦੇ ਹਨ। ਹਰ ਕੋਈ ਬਾਖੂਬੀ ਜਾਣਦਾ ਹੁੰਦਾ ਹੈ ਕਿ ਮੈਂ ਆਪਣਾ ਕਿਹੜਾ ਰਿਸ਼ਤਾ ਕਿਵੇਂ ਨਿਭਾਉਣਾ ਹੈ। ਬੱਸ ਰਿਸ਼ਤੇ ਵਿਚ ਗਰਜ ਨਹੀਂ ਛੁਪੀ ਹੋਣੀ ਚਾਹੀਦੀ। ਗਰਜ ‘ਤੇ ਟਿਕੇ ਰਿਸ਼ਤੇ ਦੀ ਉਮਰ ਬਹੁਤੀ ਲੰਮੇਰੀ ਨਹੀਂ ਹੁੰਦੀ ਇਨਸਾਨ ਰਿਸ਼ਤਿਆਂ ਬਿਨਾ ਅਧੂਰਾ ਹੈ ਰਿਸ਼ਤੇ ਸਾਨੂੰ ਸਮਾਜ ਵਿਚ ਰਹਿਣ, ਵਿਚਰਨ, ਵਿਵਹਾਰ ਕਰਨ ਦੀ ਪ੍ਰੇਰਨਾ ਦਿੰਦੇ ਹਨ ਰਿਸ਼ਤਿਆਂ ਵਿਚ ਦੀ ਹੁੰਦਾ ਹੋਇਆ ਇਨਸਾਨ ਆਪਣੀਆਂ ਜਿੰਮੇਵਾਰੀਆਂ, ਫਰਜ਼ਾਂ, ਅਧਿਕਾਰਾਂ ਪ੍ਰਤੀ ਜਾਗਰੂਕ ਹੁੰਦਾ ਹੈ ਰਿਸ਼ਤਿਆਂ ਨੂੰ ਜਿਊਣ ਵਾਲਾ ਹੀ ਰਿਸ਼ਤਿਆਂ ਦੀ ਕਦਰ ਕਰਨ ਜਾਣਦਾ ਹੈ ਸੋ ਹਮੇਸ਼ਾ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਰਿਸ਼ਤਿਆਂ ਵਿਚ ਦਰਾਰ ਦਾ ਕਾਰਨ ਸਾਡੇ ਵੱਲੋਂ ਪੈਦਾ ਨਹੀਂ ਹੋਣਾ ਚਾਹੀਦਾ।

ਰਿਸ਼ਤੇ ਬਚਾਓ,
ਆਕੜ ਦਿਲੋਂ ਭਜਾਓ,
ਪਿਆਰ ਹੀ ਵਧਾਓ,
ਜ਼ਿੰਦਗੀ ਸੁੱਖ ਦੀ ਬਤੀਤ ਕਰੋ-ਕਰਾਓ

ਸੰਗਰੂਰ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।