ਸਸਤਾ ਰਾਸ਼ਨ ਨਾ ਮਿਲਣ ਦੇ ਰੋਸ ‘ਚ ਖੜਕਾਏ ਖਾਲੀ ਭਾਂਡੇ

Empty, Utensils, Knocked, Cheaper, Ration, punjab Govt.

ਸਸਤਾ ਰਾਸ਼ਨ ਜਲਦੀ ਦੇਣ ਦੀ ਕੀਤੀ ਮੰਗ

ਸੁਰੇਸ਼ ਕੁਮਾਰ, ਭੁੱਚੋ ਮੰਡੀ:ਹਲਕਾ ਭੁੱਚੋ ਮੰਡੀ ਦੇ ਪਿੰਡ ਤੁੰਗਵਾਲੀ ਵਿਖੇ ਬੀ.ਪੀ.ਐਲ. ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਸਤੇ ਰਾਸ਼ਨ ਦੀਆਂ ਬਰੇਕਾਂ ਲੱਗਣ ਕਾਰਨ ਲੋਕਾਂ ਨੇ ਖਾਲੀ ਭਾਂਡੇ ਖੜਕਾ ਕੇ ਰੋਸ ਪ੍ਰਦਰਸ਼ਨ ਕਰਦਿਆਂ ਸਸਤਾ ਰਾਸ਼ਨ ਜਲਦੀ ਦੇਣ ਦੀ ਮੰਗ ਕੀਤੀ

ਜ਼ਿਲ੍ਹਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ ਮਿੱਠੂ ਸਿੰਘ ਘੁੱਦਾ ਅਤੇ ਪੇਂਡੂ ਇਕਾਈ ਦੇ ਪ੍ਰਧਾਨ ਮੇਜਰ ਸਿੰਘ ਤੁੰਗਵਾਲੀ ਦੀ ਅਗਵਾਈ ਹੇਠ ਇੱਕਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਦੇ ਲੋਕਾਂ ਨੂੰ ਸਸਤੇ ਭਾਅ ਦਿੱਤੀ ਜਾਣ ਵਾਲੀ ਕਣਕ ਅਤੇ ਦਾਲ ਪਿਛਲੇ 6 ਮਹੀਨਿਆਂ ਤੋਂ ਨਸੀਬ ਨਹੀਂ ਹੋਈ ਜਦੋਂ ਕਿ ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਲੋਕਾਂ ਨੂੰ ਸਸਤੀ ਕਣਕ ਤੇ ਦਾਲ ਦੇ ਨਾਲ ਚਾਹ ਪੱਤੀ ਅਤੇ ਖੰਡ ਦੇਣ ਦਾ ਵਾਆਦਾ ਕੀਤਾ ਸੀ ਪਰ ਸਰਕਾਰ ਨੇ ਇਸ ਸਕੀਮ ਨੂੰ ਜਾਂਚ ਕਰਨ ਦੇ ਬਹਾਨੇ ਰੋਕ ਰੱਖਿਆ ਹੈ ਜਿਸ ਕਾਰਨ ਗਰੀਬ ਵਰਗ ਦੇ ਲੋਕਾਂ ਨੂੰ ਮਹਿੰਗੇ ਭਾਅ ਦਾ ਰਾਸ਼ਨ ਖਰੀਦ ਕੇ ਡੰਗ ਟਪਾਉਣਾ ਪੈ ਰਿਹਾ ਹੈ

ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਪਰਿਵਾਰਾਂ ਨੂੰ ਸਸਤਾ ਰਾਸ਼ਨ ਜਲਦੀ ਜਾਰੀ ਕੀਤਾ ਜਾਵੇ ਅਤੇ ਜੇਕਰ ਸਰਕਾਰ ਨੇ ਜਲਦੀ ਰਾਸ਼ਨ ਨਾ ਦਿੱਤਾ ਤਾਂ ਸੰਘਰਸ਼ ਤੇਜ ਕਰ ਦਿੱਤਾ ਜਾਵੇਗਾ ਇਸ ਮੌਕੇ ਜੈਬ ਸਿੰਘ, ਬਿੱਲੂ ਸਿੰਘ, ਗੁਰਨਾਮ ਸਿੰਘ, ਬਲਦੇਵ ਸਿੰਘ, ਗੁਰਜੰਟ ਸਿੰਘ, ਸੀਤਲ ਸਿੰਘ, ਦਰਸ਼ਨਾ ਕੌਰ, ਸੁਰਜੀਤ ਕੌਰ, ਮੁਖਤਿਆਰ ਕੌਰ , ਗੁਰਮੀਤ ਕੌਰ, ਜਮੇਰ ਕੌਰ, ਹਰਜੀਤ ਕੌਰ, ਜਸਮੇਲ ਕੌਰ, ਬਲਵੀਰ ਕੌਰ ਅਤੇ ਨਸੀਬ ਕੌਰ ਆਦਿ ਹਾਜ਼ਰ ਸਨ

ਇਸ ਸਬੰਧੀ ਸਬੰਧਤ ਇੰਸਪੈਕਟਰ ਸੰਦੀਪ ਕੁਮਾਰ ਨੇ ਕਿਹਾ ਕਿ ਦਸੰਬਰ 2016 ਤੋਂ 31 ਮਾਰਚ 2017 ਤੱਕ ਦਾ ਰਾਸ਼ਨ ਦਸੰਬਰ 2016 ਵਿਚ ਵੰਡ ਦਿੱਤਾ ਸੀ ਜਦੋਂ ਕਿ 1 ਅਪਰੈਲ ਤੋਂ ਬਾਅਦ ਦਾ ਲੋਕਾਂ ਦਾ ਰਾਸ਼ਨ ਬਕਾਇਆ ਹੈ ਅਤੇ ਸਰਕਾਰ ਦੇ ਹੁਕਮ ਆਉਣ ਤੋਂ ਬਾਅਦ ਇਹ ਰਾਸ਼ਨ ਵੰਡ ਦਿੱਤਾ ਜਾਵੇਗਾ