ਪਰਿਵਰਤਨ ਦੀ ਹਨੇ੍ਹਰੀ ’ਚ ਖ਼ਤਮ ਹੋ ਰਿਹਾ ਰੁਜ਼ਗਾਰ

Employment problems | ਪਰਿਵਰਤਨ ਦੀ ਹਨੇ੍ਹਰੀ ’ਚ ਖ਼ਤਮ ਹੋ ਰਿਹਾ ਰੁਜ਼ਗਾਰ

ਕੌਮਾਂਤਰੀ ਮਜਦੂਰ ਜੱਥੇਬੰਦੀ (Employment problems) ਦੀ ਇੱਕ ਰਿਪੋਰਟ ਅਨੁਸਾਰ ਸਾਲ 2012 ਤੱਕ ਦੁਨੀਆਂ ਭਰ ਵਿੱਚ 19.7 ਕਰੋੜ ਮਜਦੂਰ ਵਰਗ ਕੰਮ ਤੋਂ ਵਾਂਝਾ ਸੀ। ਇਹ ਅੰਕੜੇ ਹਰ ਸਾਲ ਵਧ ਰਹੇ ਹਨ। ਭਾਰਤ ਵਿੱਚ ਵੀ ਬੇਰੁਜਗਾਰੀ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਕਹਿਣ ਨੂੰ ਤਾਂ ਭਾਰਤ ਦੀ ਕੁੱਲ ਕੌਮੀ ਵਿਕਾਸ ਦਰ ਪੌੜੀਆਂ ਚੜ੍ਹ ਰਹੀ ਹੈ ਪਰ ਆਰਗੇਨਾਈਜੇਸਨ ਆਫ ਇਕਨਾਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਨੇ ਹਿੰਦੋਸਤਾਨ ਦੀ ਸੰਨ 2017 ਦੇ ਆਰਥਿਕ ਸਰਵੇਖਣ ਦੀ ਜੋ ਰਿਪੋਰਟ ਜਾਰੀ ਕੀਤੀ ਹੈ, ਵਿੱਚ ਖੁਲਾਸੇ ਕੀਤੇ ਗਏ ਹਨ ਕਿ 15 ਤੋਂ 29 ਸਾਲ ਦੇ 30 ਪ੍ਰਤੀਸ਼ਤ ਨੌਜਵਾਨ ਬੇਕਾਰੀ ਦੀ ਮਾਰ ਝੱਲ ਰਹੇ ਹਨ। ਇਹ ਗਿਣਤੀ ਅੱਜ 4 ਕਰੋੜ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ।

ਮਸ਼ੀਨੀ ਤੇ ਆਧੁਨਿਕੀਕਰਨ ਤਰੱਕੀ ਜ਼ਰੂਰੀ ਹੈ ਪਰ ਇਸ ਦੌਰਾਨ ਵੱਡੀ ਅਬਾਦੀ ਦੇ ਰੁਜ਼ਗਾਰ (Employment problems) ਨੂੰ ਵੀ ਵੇਖਣਾ ਪਵੇਗਾ ਅੱਜ ਪੂਰੀ ਦੁਨੀਆਂ ਬਹੁਤ ਤੇਜੀ ਨਾਲ ਬਦਲ ਰਹੀ ਹੈ। ਪੁਰਾਣੇ ਸਮੇਂ ਨੂੰ ਯਾਦ ਕਰੋ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਜੰਗਲ-ਪਾਣੀ ਜਾਣ ਸਮੇਂ ਸੁਬ੍ਹਾ ਕਿੱਕਰ, ਟਾਹਲੀ ਜਾਂ ਨਿੰਮ ਦੀ ਦਾਤਣ ਤੋੜ ਕੇ ਕਰਦੇ ਸੀ। ਤੇ ਬੱਕਰੀਆਂ ਚਾਰਨ ਵਾਲੇ ਸ਼ਾਮ ਸਮੇਂ ਸ਼ਹਿਰਾਂ ਦੇ ਬਜਾਰਾਂ ਵਿੱਚ ਕਿੱਕਰ ਦੀਆਂ ਦਾਤਣਾਂ ਘੜ ਕੇ ਵੇਚਦੇ ਸਨ ਜੋ ਕਿ ਰੁਜਗਾਰ ਦੇ ਵਧੀਆ ਸਾਧਨ ਸਨ ਤੇ ਲੋਕਾਂ ਦੇ ਦੰਦ ਵੀ ਮਜਬੂਤ ਬਣੇ ਰਹਿੰਦੇ ਸਨ। ਜਮਾਨਾ ਬਦਲਿਆ ਅੱਜ ਵਿਰਲੇ ਸ਼ਹਿਰਾਂ ਵਿੱਚ ਦਾਤਣਾਂ ਵੇਚਣ ਵਾਲੇ ਮਿਲਦੇ ਹਨ ਤੇ ਪਿੰਡਾਂ ਵਿੱਚ ਵੀ ਪੁਰਾਣੇ ਬਜੁਰਗ ਹੀ ਦਾਤਣ ਭਾਲਦੇ ਹਨ। ਤਰ੍ਹਾਂ-ਤਰ੍ਹਾਂ ਦੀਆਂ ਟੁੱਥ ਪੇਸਟਾਂ ਨੇ ਸਾਡੀ ਦਾਤਣ ਖੋਹ ਕੇ ਦਾਤਣਾਂ ਦਾ ਰੁਜ਼ਗਾਰ ਖਤਮ ਕਰ ਦਿੱਤਾ ਹੈ

ਕਿਸੇ ਸਮੇਂ ਕਿਤਾਬਾਂ ਦੀਆਂ ਜਿਲਦਾਂ ਬੰਨ੍ਹਣ ਵਾਲਿਆਂ ਦਾ ਕਾਰੋਬਾਰ ਸਿਖਰ ’ਤੇ ਹੁੰਦਾ ਸੀ। ਇਕੱਲੀ ਕਿਤਾਬ ਦੀ ਜਿਲਦ ਬੰਨ੍ਹਣ ਦੀ ਕੋਈ ਵਿਰਲਾ ਹੀ ਹਾਮੀ ਭਰਦਾ ਸੀ। ਅੱਜ ਸਪਾਇਰਲ ਬਾਈਡਿੰਗ ਨੇ ਉਨ੍ਹਾਂ ਨੂੰ ਬੇਰੁਜਗਾਰੀ ਦੀ ਦਲਦਲ ਵੱਲ ਧੱਕ ਦਿੱਤਾ ਹੈ। ਭਾਵੇਂ ਜ਼ਮਾਨੇ ਨਾਲ ਉਨ੍ਹਾਂ ਨੇ ਕਾਰੋਬਾਰ ਬਦਲੇ ਹਨ ਪਰ ਇਹ ਸਾਈਡ ਬਿਜਨਸ ਸੀ। ਦੂਜੇ ਪਾਸੇ ਅਖਬਾਰ ਅਤੇ ਖਾਕੀ ਕਾਗਜ਼ ਦੇ ਲਿਫਾਫਿਆਂ ਦੇ ਰੁਜਗਾਰ ਨਾਲ ਦਿਨ ਸਮੇਂ ਔਰਤਾਂ ਆਪੋ-ਆਪਣੇ ਘਰਾਂ ਵਿੱਚ ਫਾਲਤੂ ਗੱਲਾਂ ਮਾਰਨ ਦੀ ਬਜਾਏ ਇਸ ਰੁਜਗਾਰ ਨਾਲ ਘਰ ਦਾ ਖਰਚਾ ਕੱਢ ਲੈਂਦੀਆਂ ਸਨ। ਕਾਰਪੋਰੇਟ ਘਰਾਣਿਆਂ ਦੇ ਪਲਾਸਟਿਕ ਲਿਫਾਫੇ ਨੇ ਇਸ ਰੁਜਗਾਰ ਨੂੰ ਵੱਡੀ ਸੱਟ ਮਾਰ ਕੇ ਖਤਮ ਕੀਤਾ ਹੈ। ਇਨ੍ਹਾਂ ਲਿਫਾਫਿਆਂ ਦਾ ਕੰਮ ਕਿਧਰੇ ਖੰਭ ਲਾ ਕੇ ਉੱਡ ਗਿਆ।

ਅੱਜ ਤੋਂ ਦੋ ਦਹਾਕੇ ਪਹਿਲਾਂ ਤੱਕ ਸੜਕਾਂ ਬਣਾਉਣ ਲਈ ਰਾਜਸਥਾਨ ਦੇ ਮਜਦੂਰ ਮਸ਼ਹੂਰ ਸਨ ਤੇ ਉਨ੍ਹਾਂ ਦੀਆਂ ਔਰਤਾਂ ਵੀ ਇਸ ਕੰਮ ਵਿੱਚ ਮਾਹਿਰ ਹੁੰਦੀਆਂ ਸਨ। ਅੱਜ ਮਸ਼ੀਨੀਕਰਨ ਉਨ੍ਹਾਂ ਦੀ ਕਿਰਤ ਨੂੰ ਦਿਉ ਵਾਂਗ ਨਿਗਲ ਗਿਆ ਹੈ। ਵੱਡੇ ਪ੍ਰਾਈਵੇਟ ਘਰਾਣਿਆਂ ਕੋਲ ਠੇਕੇ ਹਨ ਤੇ ਹਾਥੀ ਕੱਦ ਮਸ਼ੀਨਰੀ ਨੇ ਬੇਰੁਜ਼ਗਾਰੀ ਨੂੰ ਵੱਡੀ ਤਾਦਾਦ ਵਿੱਚ ਜਨਮ ਦਿੱਤਾ ਹੈ। ਜੇਕਰ ਕਿਧਰੇ ਟੈਲੀਫੋਨ ਵਾਲਿਆਂ ਨੇ ਤਾਰਾਂ ਪਾਉਣੀਆਂ ਹੁੰਦੀਆਂ ਸਨ, ਵਾਟਰ ਸਪਲਾਈ ਜਾਂ ਸੀਵਰੇਜ ਸਪਲਾਈ ਦੀ ਪਾਈਪ ਲਾਈਨ ਪਾਉਣੀ ਹੁੰਦੀ ਸੀ, ਬਹੁਗਿਣਤੀ ਮਜਦੂਰਾਂ ਦੀ ਲੋੜ ਪੈਂਦੀ ਸੀ। ਜਿਸ ਨਾਲ ਅਨੇਕਾਂ ਹਿੰਮਤੀ ਮਜਦੂਰਾਂ ਦੇ ਚੁੱਲ੍ਹੇ ਅੱਗ ਬਲਦੀ ਸੀ। ਜੇ. ਸੀ. ਬੀ. ਜਾਂ ਅੰਡਰ ਗਰਾਊਂਡ ਪਾਈਪ ਰਾਹੀਂ ਡਿ੍ਰਲ ਕਰਕੇ ਕੇਬਲ ਤਾਰਾਂ ਪਾਉਣ ਵਾਲੀ ਮਸ਼ੀਨਰੀ ਨੇ ਲੱਖਾਂ ਮਜ਼ਦੂਰਾਂ ਦੇ ਚੁੱਲ੍ਹਿਆਂ ਨੂੰ ਠੰਢਾ ਕੀਤਾ ਹੈ ਤੇ ਅੱਗੇ ਵੀ ਅਜਿਹਾ ਵਰਤਾਰਾ ਲਗਾਤਾਰ ਵਾਪਰ ਰਿਹਾ ਹੈ।

ਅਧਿਆਪਕ-ਵਿਦਿਆਰਥੀ ਦਾ ਰਿਸ਼ਤਾ ਸਭ ਤੋਂ ਅਹਿਮ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇੱਥੇ ਕਣਕ ਦੀ ਵਾਢੀ ਹੱਥੀਂ ਵੱਢਣ ਦਾ ਰਿਵਾਜ ਰੁਜ਼ਗਾਰ ਦਾ ਮੁੱਖ ਸਾਧਨ ਸੀ। ਜਿਸ ਨਾਲ ਕਿਰਤੀ ਵਰਗ ਸਾਰੇ ਸਾਲ ਦੀ ਰੋਟੀ ਲਈ ਕਣਕ ਜੋੜ ਲੈਂਦਾ ਸੀ। ਕੰਬਾਈਨ ਕਲਚਰ ਨੇ ਜਿੱਥੇ ਸਮੇਂ ਦੀ ਬੱਚਤ ਕੀਤੀ ਹੈ, ਉੱਥੇ ਇਨ੍ਹਾਂ ਕਿਰਤੀ ਕਾਮਿਆਂ ਦੀ ਰੋਟੀ ਵਿੱਚ ਵੀ ਲੱਤ ਮਾਰੀ ਹੈ। ਜਿਸ ਦੇ ਬੁਰੇ ਪ੍ਰਭਾਵ ਕਰਕੇ ਕਿਰਤੀ ਕਾਮਿਆਂ ਦੇ ਬੱਚੇ ਅੱਜ ਨਸ਼ੇ ਦੀ ਦਲਦਲ ਵਿੱਚ ਫਸੇ ਹਨ। ਦੁਨੀਆਂ ਨੂੰ ਪੈਸਾ ਬਹੁਤ ਤੇਜੀ ਨਾਲ ਘੁੰਮਾ ਰਿਹਾ ਹੈ। ਦੋ ਦਹਾਕੇ ਪਹਿਲਾਂ ਤੱਕ ਦੁਕਾਨਾਂ, ਫੈਕਟਰੀਆਂ ਤੇ ਹੋਰ ਕੰਮਾਂ ਦੀ ਮਸ਼ਹੂਰੀ ਲਈ ਚੰਗੇ ਪੇਂਟਰ ਲੱਭਦੇ ਹੀ ਨਹੀਂ ਸਨ। ਉਨ੍ਹਾਂ ਕੋਲ ਕੰਮ ਹੀ ਏਨਾ ਸੀ ਬਹੁਤੇ ਤਾਂ ਰਾਤਾਂ ਲਾ ਕੇ ਕੰਮ ਨਿਬੇੜਦੇ ਸਨ ਪਰੰਤੂ ਜਦੋਂ ਦੀਆਂ ਫਲੈਕਸ ਪਿ੍ਰੰਟਿੰਗ ਮਸ਼ੀਨਾਂ ਆਈਆਂ ਹਨ, ਉਦੋਂ ਤੋਂ ਪੇਂਟਰਾਂ ਨੂੰ ਰੋਟੀ ਦੇ ਲਾਲੇ ਪਏ ਹਨ।

ਇਸ ਦਾ ਹੀ ਸਮਕਾਲੀ ਰੁਜਗਾਰ ਦਾ ਵੱਡਾ ਸਾਧਨ ਐਸਟੀਡੀ, ਪੀਸੀਓ ਸੀ। ਹਰ ਗਲੀ, ਚੁਰਾਹੇ, ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਬਜਾਰਾਂ ਆਦਿ ਜਿੱਧਰ ਨਿਗ੍ਹਾ ਮਾਰੋ ਪੀਸੀਓ ਹੀ ਨਜ਼ਰੀਂ ਪੈਂਦੇ ਸਨ ਤੇ ਲੋਕ ਲਾਈਨਾਂ ’ਚ ਲੱਗ ਕੇ ਕਾਲ ਕਰਦੇ ਤੇ ਸੁਣਦੇ ਸਨ। ਜਿਸ ਨਾਲ ਲੱਖਾਂ-ਕਰੋੜਾਂ ਲੋਕ ਦੇਸ਼ ’ਚ ਇਸ ਰੁਜ਼ਗਾਰ ਨਾਲ ਆਪਣਾ ਪੇਟ ਪਾਲਦੇ ਸਨ। ਮੋਬਾਈਲ ਫੋਨ ਨੇ ਇਸ ਧੰਦੇ ਨੂੰ ਗਧੇ ਦੇ ਸਿੰਗਾਂ ਵਾਂਗੂ ਗਾਇਬ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਅਜਿਹੇ ਵਰਤਾਰੇ ਲਗਾਤਾਰ ਵਾਪਰਨ ਕਰਕੇ ਬੇਰੁਜਗਾਰੀ ਅੱਜ ਲਗਾਤਾਰ ਅਮਰਵੇਲ ਵਾਂਗ ਵਧਦੀ ਜਾ ਰਹੀ ਹੈ ਸੁਨੇਹੇ ਤੇ ਰਿਸ਼ਤੇਦਾਰਾਂ ਦੀ ਖੈਰ-ਸੁੱਖ ਦੇ ਕਾਰਡ, ਨੀਲੇ ਲਿਫਾਫੇ ਤੇ ਬਰੰਗ ਚਿੱਠੀਆਂ ਰਾਹੀਂ ਡਾਕੀਏ ਘਰ-ਘਰ ਵੰਡਦੇ ਸਤਿਕਾਰ ਦੇ ਪਾਤਰ ਸਨ। ਮੋਬਾਇਲ ਫੋਨ ਨੇ ਇਹ ਦੂਰੀਆਂ ਵੀ ਖਤਮ ਕਰਕੇ ਡਾਕੀਏ ਨੂੰ ਸਿਰਫ ਦਫਤਰੀ ਡਾਕ ਤੇ ਜਰੂਰੀ ਕਿਸਮ ਦੀਆਂ ਕਿਤਾਬਾਂ ਵੰਡਣ ਤੱਕ ਸੀਮਤ ਕਰ ਦਿੱਤਾ ਹੈ।

ਕਿਸੇ ਸਮੇਂ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨੇ ਬੋਲਦਿਆਂ ਕਿਹਾ ਸੀ ਕਿ ਸਾਡਾ ਦੇਸ ਵੱਧ ਮੈਨ ਪਾਵਰ ਵਾਲਾ ਦੇਸ਼ ਹੈ, ਇਸ ਲਈ ਮਸ਼ੀਨ ਨਾਲੋਂ ਵੱਧ ਮੈਨ ਪਾਵਰ ਵਰਤੀ ਜਾਵੇ ਪਰ ਇਹ ਚੀਜ਼ਾਂ ਲਾਗੂ ਨਹੀਂ ਹੋ ਸਕੀਆਂ ਮਸ਼ੀਨਾਂ ਦੇ ਹੁੰਦਿਆਂ ਮਸ਼ੀਨਾਂ ਤੋਂ ਕੰਮ ਨਾ ਲੈਣਾ ਬਹੁਤ ਮੁਸ਼ਕਲ ਹੈ ਅਸਲ ਵਿੱਚ ਪੈਸਾ ਦੇਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਘੱਟ ਖਰਚਾ ਕਰਕੇ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ ਸਰਕਾਰਾਂ ਨੂੰ ਅੱਜ ਦੇ ਮਸ਼ੀਨੀਕਰਨ ਯੁੱਗ ਵਿੱਚ ਨਵੇਂ ਜਮਾਨੇ ਮੁਤਾਬਿਕ ਹਰ ਵਿਅਕਤੀ ਨੂੰ ਰੁਜਗਾਰ ਦੇਣ ਲਈ ਵਚਨਬੱਧ ਹੋਣਾ ਪਵੇਗਾ। ਜਿਸ ਲਈ ਉਪਰਾਲੇ ਕੀਤੇ ਜਾਣ ਤੇ ਸਰਕਾਰਾਂ ਨੂੰ ਸਲਾਹਾਂ ਦੇਕੇ ਚਲਾਉਣ ਵਾਲਿਆਂ ਨੂੰ ਵੀ ਚਾਹੀਦਾ ਹੈ

ਮਸੀਨੀਕਰਨ ਤੇ ਆਧੁਨਿਕਤਾ ਦੀ ਹਨ੍ਹੇਰੀ ਵਿੱਚ ਨਵੇਂ ਰੁਜ਼ਗਾਰ ਵਸੀਲੇ ਲੱਭਣ ਕਿਉਂਕਿ ਮਨੁੱਖੀ ਸਰੀਰ ਨੂੰ ਚੱਲਦਾ ਰੱਖਣ ਲਈ ਭੋਜਨ ਦੀ ਜਰੂਰਤ ਹੈ, ਭੋਜਨ ਖਰੀਦਣ ਲਈ ਪੈਸਾ ਚਾਹੀਦਾ ਹੈ। ਪੈਸਾ ਕਮਾਉਣ ਲਈ ਰੁਜਗਾਰ ਦੀ ਜਰੂਰਤ ਹੈ। ਉਲਟਾ ਸਰਕਾਰਾਂ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਧੜਾਧੜ ਕਾਰਪੋਰੇਟ ਘਰਾਣਿਆਂ ਹੱਥ ਵੇਚ ਰਹੀਆਂ ਹਨ। ਚੀਨ ਵਾਂਗ ਸਰਕਾਰਾਂ ਹਰ ਵਿਅਕਤੀ ਲਈ ਘਰ-ਘਰ ਰੁਜਗਾਰ ਦੇ ਵਸੀਲੇ ਪੈਦਾ ਕਰਕੇ ਦੇਣ। ਬੇਰੁਜਗਾਰੀ ਕਾਰਨ ਬੱਚੇ ਸਟੱਡੀ ਵੀਜੇ ’ਤੇ ਵੀਹ-ਵੀਹ ਲੱਖ ਖਰਚਕੇ ਵਿਦੇਸਾਂ ਵੱਲ ਰੁਖ ਕਰ ਰਹੇ ਹਨ। ਆਉਣ ਵਾਲੇ 10 ਸਾਲਾਂ ਬਾਅਦ ਪੰਜਾਬ ਵਿੱਚ ਇਸ ਦੇ ਨਤੀਜੇ ਦੇਖਣ ਨੂੰ ਆਮ ਹੀ ਮਿਲਣਗੇ ਕਿੱਧਰੇ ਨੌਜਵਾਨ ਦਿਸੇਗਾ ਤਾਂ ਉਸ ਨੂੰ ਸਾਰੇ ਘੁੱਟ-ਘੁੱਟ ਕੇ ਮਿਲਣਗੇ।
ਕੋਟਕਪੂਰਾ
ਮੋ. 96462-00468
ਇੰਜ. ਜਗਜੀਤ ਸਿੰਘ ਕੰਡਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ