ਮੁਲਾਜ਼ਮਾਂ ਨੇ ਪਾਵਰਕੌਮ ਤੇ ਪੰਜਾਬ ਖਿਲਾਫ਼ ਆਪਣੀਆਂ ਮੰਗਾਂ ਸਬੰਧੀ ਕੀਤਾ ਰੋਸ ਪ੍ਰਗਟ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ‘ਤੇ ਅੱਜ ਪੰਜਾਬ ਦੇ ਵੱਡੀ ਗਿਣਤੀ ਬਿਜਲੀ ਕਰਮਚਾਰੀਆਂ ਨੇ ਤੇਜ਼ ਧੁੱਪ ‘ਚ ਪਾਵਰਕੌਮ ਤੇ ਟਰਾਂਸਕੋ ਦੇ ਮੁੱਖ ਦਫਤਰ ਦੇ ਤਿੰਨੋਂ ਗੇਟਾਂ ਅੱਗੇ ਕਾਲੇ ਝੰਡਿਆਂ ਨਾਲ ਭਾਰੀ ਰੋਸ ਵਿਖਾਵਾ ਕਰਕੇ ਨਾਅਰੇਬਾਜ਼ੀ ਕੀਤੀ।ਇਸ ਦੌਰਾਨ ਮੁਲਾਜ਼ਮਾਂ ਵੱਲੋਂ ਪਾਵਰਕੌਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਖਿਲਾਫ਼ ਆਪਣੀਆਂ ਮੰਗਾਂ ਲਈ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਫਲਜੀਤ ਸਿੰਘ ਨੇ ਕਿਹਾ ਕਿ ਇਹ ਵਿਖਾਵਾ ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ ਵੱਲੋਂ ਪੰਜਾਬ ਸਰਕਾਰ।
ਨਿਗਮ ਮੈਨੇਜ਼ਮੈਂਟ ਅਤੇ ਜੱਥੇਬੰਦੀਆਂ ਦਰਮਿਆਨ ਹੋਏ ਤਿੰਨ ਧਿਰੀ ਸਮਝੌਤੇ ਦੀ ਉਲੰਘਣਾ ਤੇ ਜੱਥੇਬੰਦੀਆਂ ਨਾਲ ਹੋਏ ਸਮਝੌਤੇ ਅਨੁਸਾਰ ਮੰਨੀਆਂ ਮੰਗਾਂ ਲਾਗੂ ਨਾ ਕਰਨ ਖਿਲਾਫ਼ ਕੀਤਾ ਗਿਆ। ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ ਨੇ ਪਾਵਰਕੌਮ/ਟਰਾਂਸਕੋ ਦੀ ਮੈਨੇਜ਼ਮੈਂਟ ਉੱਪਰ ਇਹ ਵੀ ਦੋਸ਼ ਲਾਇਆ ਹੈ ਕਿ ਉਹ ਮਸਲੇ ਹੱਲ ਕਰਨ ਦੀ ਥਾਂ ਬਿਜਲੀ ਕਰਮਚਾਰੀਆਂ ਨਾਲ ਸਬੰਧਤ ਮਸਲੇ ਗੱਲਬਾਤ ਰਾਹੀਂ ਨਜਿੱਠਣ ਨੂੰ ਵੀ ਤਿਆਰ ਨਹੀ ਅਤੇ ਗੈਰ ਉਚਿਤ ਤੇ ਅੜੀਅਲ ਵਤੀਰੇ ਨਾਲ ਪੰਜਾਬ ਅੰਦਰ ਬਿਜਲੀ ਸਨਅਤ ਦੇ ਮਾਹੌਲ ਨੂੰ ਖਰਾਬ ਕਰ ਰਹੀ ਹੈ।ਟ ਫੋਰਮ ਦੇ ਆਗੂਆਂ ਜੈਲ ਸਿੰਘ, ਸੁਖਦੇਵ ਸਿੰਘ ਰੋਪੜ, ਕਾਰਜਵਿੰਦਰ ਸਿੰਘ, ਕਮਲ ਸ਼ਰਮਾ, ਬਲਵਿੰਦਰ ਸਿੰਘ ਸੰਧੂ, ਰਣਬੀਰ ਪਾਤੜਾਂ, ਸਿਕੰਦਰ ਨਾਥ, ਕਮਲਜੀਤ ਸਿੰਘ।
ਹਰਜਿੰਦਰ ਸਿੰਘ ਦੁਧਾਲਾ, ਜਗਜੀਤ ਸਿੰਘ ਕੋਟਲੀ, ਅਵਤਾਰ ਸਿੰਘ ਕੈਂਥ ਆਦਿ ਨੇ ਦੱਸਿਆ ਕਿ ਜੇਕਰ ਮੈਨੇਜ਼ਮੈਂਟ ਨੇ ਮਸਲਿਆਂ ਨੂੰ ਗੱਲਬਾਤ ਰਾਹੀਂ ਤੁਰੰਤ ਹੱਲ ਨਾ ਕੀਤਾ ਤਾਂ ਇਨ੍ਹਾਂ ਮੰਗਾਂ ਨੂੰ ਲੈ ਕੇ 4 ਸਤੰਬਰ ਤੱਕ ਬਿਜਲੀ ਮੰਤਰੀ, ਵਿੱਤ ਮੰਤਰੀ ਤੇ ਦੋਵੇ ਮੈਨੇਜ਼ਮੈਂਟਾਂ ਦੇ ਚੇਅਰਮੈਨ ਸਮੇਤ ਡਾਇਰੈਕਟਰਜ਼ ਦੇ ਫੀਲਡ ਵਿੱਚ ਜਾਣ ‘ਤੇ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕੀਤੇ ਜਾਣਗੇ, ਬਿਜਲੀ ਕਾਮੇ ਵਰਕ ਟੂ ਰੂਲ ਅਨੁਸਾਰ 8 ਘੰਟੇ ਹੀ ਡਿਊਟੀ ਕਰਨਗੇ, 14 ਅਗਸਤ ਤੋਂ 26 ਅਗਸਤ ਤੱਕ ਸਰਕਲ ਪੱਧਰ ਦੀਆਂ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ, 27 ਅਗਸਤ ਤੋਂ 3 ਸਤੰਬਰ ਤੱਕ ਡਵੀਜ਼ਨ/ ਸਬ ਡਵੀਜ਼ਨ ਪੱਧਰ ਤੇ ਮੈਨੇਜ਼ਮੈਟ/ ਸਰਕਾਰ ਦੀਆਂ ਅਰਥੀ ਫੂਕ ਰੈਲੀਆਂ ਕੀਤੀਆਂ ਜਾਣਗੀਆਂ ਤੇ ਬਿਜਲੀ ਕਰਮਚਾਰੀਆਂ ਵੱਲੋਂ 4 ਸਤੰਬਰ ਨੂੰ ਇੱਕ ਰੋਜ਼ਾ ਹੜਤਾਲ ਕੀਤੀ ਜਾਵੇਗੀ ਤੇ ਦੋਵੇਂ ਕਾਰਪੋਰੇਸ਼ਨਾਂ ਦਾ ਕੰਮ ਮੁਕੰਮਲ ਰੂਪ ‘ਚ ਠੱਪ ਕੀਤਾ ਜਾਵੇਗਾ।
ਇਹ ਜਥੇਬੰਦੀਆਂ ਸਨ ਰੋਸ ਪ੍ਰਦਰਸ਼ਨ ‘ਚ ਸ਼ਾਮਲ
ਟੈਕਨੀਕਲ ਸਰਵਿਸ ਯੂਨੀਅਨ, ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ, ਇੰਪਲਾਈਜ਼ ਫੈਡਰੇਸ਼ਨ ਪੀਐੱਸਈਬੀ, ਪੀਐੱਸਈਬੀ ਕਰਮਚਾਰੀ ਦਲ, ਮਨਿਸਟ੍ਰੀਅਲ ਸਰਵਿਸ ਯੂਨੀਅਨ, ਵਰਕਰਜ਼ ਫੈਡਰੇਸ਼ਨ ਇੰਟਕ, ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਬਿਜਲੀ ਮਜ਼ਦੂਰ ਸੰਘ, ਹੈੱਡ ਆਫਿਸ ਇੰਪਲਾਈਜ਼ ਫੈਡਰੇਸ਼ਨ ਆਦਿ।