
ਵਿਧਾਇਕ ਡਾ. ਜਮੀਲ ਉਰ ਰਹਿਮਾਨ ਦਾ ਚੇਅਰਪਰਸਨ ਚੁਣੇ ਜਾਣਾ ਲਗਭਗ ਤੈਅ
Election Punjab Waqf Board: ਮਾਲੇਰਕੋਟਲਾ, (ਗੁਰਤੇਜ ਸਿੰਘ)। ਲੰਘੀਆਂ ਦਿਲੀ ਵਿਧਾਨ ਸਭਾ ਚੋਣਾਂ ‘ਚ ਨਮੋਸ਼ੀ ਭਰੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਅੰਦਰ ‘ਆਪਣਾ ਘਰ ਸੰਭਾਲਣ’ ਦੀ ਕਵਾਇਦ ਦੇ ਮੱਦੇਨਜ਼ਰ ਆਪਣੇ ਮੰਜੇ ਥੱਲੇ ਸੋਟੀ ਫੇਰਨ ਵਾਲੀ ਕਹਾਵਤ ਸ਼ੁਰੂ ਕਰ ਦਿੱਤੀ ਹੈ। ਬੀਤੇ ਦੋ ਦਿਨ ਪਹਿਲਾਂ ਦਿੱਲੀ ਵਿਖੇ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਲੰਬੇ ਸਮੇਂ ਤੋਂ ਅਧਵਾਟੇ ਲਟਕ ਰਹੇ ਅਹਿਮ ਮਾਮਲਿਆਂ ਨੂੰ ਜਲਦੀ ਤੋਂ ਜਲਦੀ ਨਿਪਟਾਉਣ ਦਾ ਫ਼ੈਸਲਾ ਕਰ ਲਿਆ ਗਿਆ ਹੈ।
ਇਨ੍ਹਾਂ ਮਾਮਲਿਆਂ ਵਿਚ ਐਸ.ਸੀ. ਤੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਕਈ ਬੋਰਡਾਂ, ਕਮਿਸ਼ਨਾਂ ਤੇ ਕਾਰਪੋਰੇਸ਼ਨਾਂ ਦਾ ਗਠਿਨ ਵੀ ਸ਼ਾਮਿਲ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਪੰਜਾਬ ਅੰਦਰ ਮੁਸਲਿਮ ਭਾਈਚਾਰੇ ਦੇ ਧਾਰਮਿਕ, ਸਮਾਜਿਕ, ਵਿੱਦਿਅਕ ਤੇ ਸਿਆਸੀ ਸਰੋਕਾਰਾਂ ਨਾਲ ਸਬੰਧਿਤ ਅਹਿਮ ਅਦਾਰੇ ਪੰਜਾਬ ਵਕਫ਼ ਬੋਰਡ ਦੇ ਚੇਅਰਪਰਸਨ ਦੀ ਚੋਣ ਸੂਬਾ ਸਰਕਾਰ ਦੇ ਅਹਿਮ ਏਜੰਡੇ ਵਿਚ ਸ਼ਾਮਿਲ ਹੈ ਜਿਹੜੀ ਪਿਛਲੇ ਕਰੀਬ ਇਕ ਸਾਲ ਤੋਂ ਅੱਧ ਵਿਚਾਲੇ ਲਟਕੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਵਰ੍ਹੇ 16 ਮਾਰਚ 2024 ਨੂੰ ਉਸ ਵੇਲੇ 10 ਮੈਂਬਰੀ ਪੰਜਾਬ ਵਕਫ਼ ਬੋਰਡ ਦਾ ਗਠਿਨ ਕੀਤਾ ਸੀ ਜਿਸ ਵਕਤ ਭਾਰਤੀ ਚੋਣ ਕਮਿਸ਼ਨ ਦੇਸ਼ ਅੰਦਰ ਲੋਕ ਸਭਾ ਚੋਣਾਂ ਕਰਵਾਉਣ ਦਾ ਐਲਾਨ ਕਰ ਰਿਹਾ ਸੀ।
ਇਹ ਵੀ ਪੜ੍ਹੋ: Shambhu Border News: ਸ਼ੰਭੂ ਬਾਰਡਰ ’ਤੇ ਕਿਸਾਨਾਂ ਦਾ ਵੱਡਾ ਇਕੱਠ, ਸਰਵਣ ਸਿੰਘ ਪੰਧੇਰ ਨੇ ਕੀਤਾ ਵੱਡਾ ਐਲਾਨ
ਨਵੇਂ ਗਠਿਤ ਬੋਰਡ ਵਿਚ ਹਲਕਾ ਮਲੇਰਕੋਟਲਾ ਤੋਂ ਵਿਧਾਇਕ ਡਾ. ਜਮੀਲ ਉਰ ਰਹਿਮਾਨ, ਐਡਵੋਕੇਟ ਅਬਦੁਲ ਕਾਦਰ ਲੁਧਿਆਣਾ, ਐਡਵੋਕੇਟ ਨੋਸ਼ੀਨ ਅਖ਼ਤਰ ਮਲੇਰਕੋਟਲਾ, ਮੁਹੰਮਦ ਉਵੈਸ ਸਟਾਰ ਇੰਪੈਕਟ ਮਲੇਰਕੋਟਲਾ, ਮੁਹੰਮਦ ਹਾਸ਼ਮ ਅਹਿਮਦਗੜ੍ਹ, ਸਫੀਆ ਪਰਵੀਨ ਮਲੇਰਕੋਟਲਾ, ਜਨਾਬ ਸ਼ੌਕਤ ਅਹਿਮਦ ਪਾਰੇ ਆਈ.ਏ.ਐਸ., ਡਾ. ਅਨਵਰ ਖਾਨ ਭਸੌੜ, ਬਹਾਦਰ ਸ਼ਾਹ ਨਨਹੇੜਾ ਅਤੇ ਮੁਹੰਮਦ ਸਹਿਬਾਜ਼ ਰਾਣਾ ਮਲੇਰਕੋਟਲਾ ਨੂੰ ਮੈਂਬਰਾਂ ਵਜੋਂ ਸ਼ਾਮਿਲ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਬੋਰਡ ਵਿਚ ਨਵੇਂ ਮੈਂਬਰ ਸ਼ਾਮਿਲ ਕਰਨ ਵਾਸਤੇ ਮਲੇਰਕੋਟਲਾ ਨਾਲ ਸਬੰਧਿਤ ਇਕ ਮਹਿਲਾ ਸਮੇਤ ਤਿੰਨ ਮੁਸਲਿਮ ਆਗੂਆਂ ਦੀ ਪੁਲਿਸ ਵੈਰੀਫਿਕੇਸ਼ਨ ਵੀ ਮੁਕੰਮਲ ਕਰਵਾ ਲਈ ਹੈ। Election Punjab Waqf Board
ਬੋਰਡ ਗਠਿਨ ਦੇ ਗਿਆਰ੍ਹਾਂ ਮਹੀਨਿਆਂ ਬਾਅਦ ਵੀ ਚੇਅਰਪਰਸਨ ਦੀ ਚੋਣ ਲਈ ਅੱਜ ਤੱਕ ਕੋਈ ਮੀਟਿੰਗ ਵੀ ਨਹੀਂ ਹੋ ਸਕੀ। ਵਕਫ਼ ਬੋਰਡ ਦੇ ਸੂਤਰਾਂ ਮੁਤਾਬਿਕ ਹੁਣ ਗ੍ਰਹਿ ਵਿਭਾਗ ਵੱਲੋਂ ਬੋਰਡ ਚੇਅਰਪਰਸਨ ਦੀ ਚੋਣ ਲਈ ਦਿੱਤੇ ਜਾ ਰਹੇ ਸੰਕੇਤਾਂ ਪਿੱਛੋਂ ਬੋਰਡ ਮੁਖੀ ਦੀ ਕੁਰਸੀ ਲਈ ਭੱਜ ਦੌੜ ਸ਼ੁਰੂ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਬੋਰਡ ਚੇਅਰਪਰਸਨ ਲਈ ਸਭ ਤੋਂ ਵੱਡੇ ਦਾਅਵੇਦਾਰ ਵਜੋਂ ਹਲਕਾ ਮਲੇਰਕੋਟਲਾ ਤੋਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦਾ ਨਾਂਅ ਸਭ ਤੋਂ ਉੱਪਰ ਆ ਰਿਹਾ ਹੈ। ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੂੰ ਜੇਕਰ ਮੰਤਰੀ ਨਹੀਂ ਬਣਾਇਆ ਜਾਂਦਾ ਤਾਂ ਪੰਜਾਬ ਵਕਫ਼ ਬੋਰਡ ਦਾ ਚੇਅਰਪਰਸਨ ਬਣਾਇਆ ਜਾਣਾ ਲਗਭਗ ਤੈਅ ਹੈ। ਜ਼ਿਕਰਯੋਗ ਹੈ ਕਿ ਇਸ ਵੇਲੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਜਨਾਬ ਸ਼ੋਖਤ ਅਹਿਮਦ ਪਰੇ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਵਜੋਂ ਸੇਵਾ ਨਿਭਾਅ ਰਹੇ ਹਨ।