ਕੇਂਦਰੀ ਚੋਣ ਕਮਿਸ਼ਨ ਕੀਤੀ ਰਿਪੋਰਟ ਤਲਬ, ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੀ ਸ਼ਿਕਾਇਤ
ਅਸੀਂ ਪੰਜਾਬ ਪੁਲਿਸ ਤੋਂ ਜੁਆਬ ਮੰਗਿਐ , ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ : ਚੋਣ ਕਮਿਸ਼ਨ
ਅਸ਼ਵਨੀ ਚਾਵਲਾ, ਚੰਡੀਗੜ੍ਹ
ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਨੇ ਪੰਜਾਬ ਪੁਲਿਸ ਤੋਂ ਜੁਆਬ ਮੰਗ ਲਿਆ ਹੈ। ਹੁਣ ਪੰਜਾਬ ਪੁਲਿਸ ਨੂੰ ਆਪਣੇ ਜੁਆਬ ਵਿੱਚ ਇਹ ਦੱਸਣਾ ਪਵੇਗਾ ਕਿ ਕੁੰਵਰ ਵਿਜੈ ਪ੍ਰਤਾਪ ਆਪਣੀ ਡਿਊਟੀ ਨਾ ਸਿਰਫ਼ ਇਮਾਨਦਾਰੀ ਨਾਲ ਨਿਭਾ ਰਹੇ ਹਨ, ਸਗੋਂ ਉਹ ਕਾਂਗਰਸ ਦੇ ਦਬਾਅ ਵਿੱਚ ਕੰਮ ਤਾਂ ਨਹੀਂ ਕਰ ਰਹੇ ਹਨ। ਪੰਜਾਬ ਪੁਲਿਸ ਵੱਲੋਂ ਜੁਆਬ ਆਉਣ ਤੋਂ ਬਾਅਦ ਹੀ ਚੋਣ ਕਮਿਸ਼ਨ ਇਸ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕਰੇਗਾ। ਚੋਣ ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਆਪਣਾ ਜੁਆਬ ਦੇਣ ਲਈ 24 ਘੰਟੇ ਦਾ ਸਮਾਂ ਦਿੱਤਾ ਹੈ। ਅੱਜ ਬੁੱਧਵਾਰ ਸ਼ਾਮ ਤੱਕ ਪੰਜਾਬ ਪੁਲਿਸ ਤੋਂ ਜੁਆਬ ਚੋਣ ਕਮਿਸ਼ਨ ਕੋਲ ਪੁੱਜ ਜਾਣ ਦੇ ਅਸਾਰ ਨਜ਼ਰ ਆ ਰਹੇ ਹਨ।
ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਵੱਲੋਂ ਕੇਂਦਰੀ ਚੋਣ ਕਮਿਸ਼ਨ ਦੇ ਦਫ਼ਤਰ ਦਿੱਲੀ ਵਿਖੇ ਸ਼ਿਕਾਇਤ ਕੀਤੀ ਗਈ ਸੀ ਕਿ ਆਈ. ਜੀ. ਕੁੰਵਰ ਪ੍ਰਤਾਪ ਸਿੰਘ ਇੱਕ ਧਿਰ ਬਣ ਕੇ ਪੰਜਾਬ ਵਿੱਚ ਕੰਮ ਕਰ ਰਿਹਾ ਹੈ ਅਤੇ ਸਿੱਧੇ-ਅਸਿੱਧੇ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਕਾਂਗਰਸ ਨੂੰ ਇਨ੍ਹਾਂ ਚੋਣਾਂ ਵਿੱਚ ਫਾਇਦਾ ਹੋ ਸਕੇ। ਨਰੇਸ਼ ਗੁਜਰਾਲ ਦੀ ਸ਼ਿਕਾਇਤ ‘ਤੇ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਸੂਬਾ ਚੋਣ ਅਧਿਕਾਰੀ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਸੂਬਾ ਚੋਣ ਅਧਿਕਾਰੀ ਕਰੁਣਾ ਐਸ ਰਾਜੂ ਵੱਲੋਂ ਕੁੰਵਰ ਵਿਜੈ ਪ੍ਰਤਾਪ ਬਾਰੇ ਪੰਜਾਬ ਪੁਲਿਸ ਤੋਂ ਜੁਆਬ ਤਲਬ ਕੀਤਾ ਗਿਆ ਹੈ ਜੁਆਬ ਆਉਣ ਤੋਂ ਬਾਅਦ ਰਿਪੋਰਟ ਬਣਾ ਕੇ ਕੇਂਦਰੀ ਚੋਣ ਕਮਿਸ਼ਨ ਨੂੰ ਭੇਜੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਲੋਕ ਸਭਾ ਚੋਣਾਂ ਤੱਕ ਪੰਜਾਬ ਤੋਂ ਬਾਹਰ ਭੇਜਿਆ ਜਾਵੇ ਤਾਂ ਕਿ ਉਹ ਆਪਣੇ ਅਹੁਦੇ ਦੀ ਵਰਤੋਂ ਕਰਕੇ ਕਿਸੇ ਪਾਰਟੀ ਨੂੰ ਫਾਇਦਾ ਜਾਂ ਫਿਰ ਨੁਕਸਾਨ ਨਾ ਪਹੁੰਚਾ ਸਕਣ। ਇਸ ਸਬੰਧੀ ਮੁੱਖ ਚੋਣ ਅਧਿਕਾਰੀ ਕਰੁਣਾ ਐਸ. ਰਾਜੂ ਨੇ ਦੱਸਿਆ ਕਿ ਦਿੱਲੀ ਕਮਿਸ਼ਨ ਦੇ ਦਫ਼ਤਰ ਤੋਂ ਪੱਤਰ ਆਉਣ ਤੋਂ ਬਾਅਦ ਉਨਾਂ ਨੇ ਇਸ ਸਬੰਧੀ ਪੰਜਾਬ ਪੁਲਿਸ ਤੋਂ ਜੁਆਬ ਮੰਗਿਆ ਹੈ। ਪੰਜਾਬ ਪੁਲਿਸ ਦੇ ਜੁਆਬ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।