ਸਿੱਖਿਆ ਮੰਤਰੀ ਵੱਲੋਂ 74 ਅਧਿਆਪਕਾਂ ਦਾ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨ

54 ਅਧਿਆਪਕਾਂ ਨੂੰ ਸਟੇਟ ਐਵਾਰਡ, 10 ਅਧਿਆਪਕਾਂ ਨੂੰ ਯੁਵਾ ਪੁਰਸਕਾਰ ਤੇ 10 ਨੂੰ ਵਧੀਆ ਪ੍ਰਬੰਧਕ ਪੁਰਸਕਾਰ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਅਧਿਆਪਕ ਦਿਵਸ ਮੌਕੇ ਰਾਜ ਦੇ 74 ਅਧਿਆਪਕਾਂ ਨੂੰ ਮਾਣ ਮੱਤੀਆਂ ਸੇਵਾਵਾਂ ਬਦਲੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਵਿਜੈ ਇੰਦਰ ਸਿੰਗਲਾ ਨੇ ਪਟਿਆਲਾ ਵਿਖੇ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਆਡੀਟੋਰੀਅਮ ਵਿਖੇ ਹੋਏ ਸਮਾਗਮ ਦੌਰਾਨ ਵੈਬੀਨਾਰ ਰਾਹੀਂ ਰਾਜ ਭਰ ਦੇ ਪੁਰਸਕਾਰਾਂ ਲਈ ਚੁਣੇ ਗਏ ਮਾਣਮੱਤੇ 54 ਅਧਿਆਪਕਾਂ ਨੂੰ ਸਟੇਟ ਐਵਾਰਡ, 10 ਅਧਿਆਪਕਾਂ ਨੂੰ ਯੁਵਾ ਪੁਰਸਕਾਰ ਤੇ 10 ਸਕੂਲ ਮੁਖੀਆਂ/ਅਧਿਕਾਰੀਆਂ ਨੂੰ ਕੁਸ਼ਲ ਪ੍ਰਬੰਧਕ ਪੁਰਸਕਾਰ ਪ੍ਰਦਾਨ ਕੀਤੇ।

ਕੈਬਨਿਟ ਮੰਤਰੀ ਨੇ ਪਟਿਆਲਾ ਦੇ ਚਾਰ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਨਿੱਜੀ ਤੌਰ ‘ਤੇ ਸਨਮਾਨਤ ਕੀਤਾ ਜਦੋਂਕਿ ਬਾਕੀ ਦੇ 70 ਅਧਿਆਪਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਰਾਜ ਦੇ ਬਾਕੀ ਜ਼ਿਲ੍ਹਾ ਮੁੱਖ ਦਫ਼ਤਰਾਂ ਵਿਖੇ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਕੋਵਿਡ-19 ਦੇ ਮੱਦੇਨਜ਼ਰ ਸਮਾਜਿਕ ਦੂਰੀ ਨਿਯਮ ਦੀ ਪਾਲਣਾ ਕਰਦਿਆਂ ਸਾਦੇ ਰੂਪ ‘ਚ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਦਫ਼ਤਰ ਵਿਖੇ ਕਰਵਾਇਆ ਗਿਆ।

ਇਸ ਮੌਕੇ ਵਿਜੈ ਇੰਦਰ ਸਿੰਗਲਾ ਨੇ ਦੇਸ਼ ਦੇ ਮਰਹੂਮ ਰਾਸ਼ਟਰਪਤੀ, ਵਿਦਵਾਨ, ਦਾਰਸ਼ਨਿਕ ਅਤੇ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ, ਜਿਨ੍ਹਾਂ ਦਾ ਜਨਮ ਅੱਜ ਦੇ ਦਿਨ 1888 ਨੂੰ ਹੋਇਆ ਸੀ, ਨੂੰ ਆਪਣੀ ਸ਼ਰਧਾ ਤੇ ਸਤਿਕਾਰ ਵੀ ਭੇਂਟ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਰਾਜ ਭਰ ਦੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਉਹ ਕਿਸਮਤ ਵਾਲੇ ਹਨ ਕਿ ਉਹ ਕੌਮ ਦੀ ਨਿਰਮਾਤਾ ਅਧਿਆਪਕ ਜਮਾਤ ਦਾ ਹਿੱਸਾ ਬਣੇ ਹਨ।

ਉਨ੍ਹਾਂ ਕਿਹਾ ਕਿ ਰਾਜ ਦੇ ਸਰਕਾਰੀ ਸਕੂਲਾਂ ਨੇ ਜੋ ਤਰੱਕੀ ਕੀਤੀ ਹੈ ਉਸ ਲਈ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਜਿਸ ਤਹਿਤ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਸਮਰਪਿਤ ਭਾਵਨਾ ਕਰਕੇ ਰਾਜ ਅੰਦਰ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੇ ਦਾਖਲਿਆਂ ‘ਚ 15 ਫ਼ੀਸਦੀ ਇਜ਼ਾਫ਼ਾ ਹੋਇਆ ਹੈ

ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜ ਦੇ ਸਕੂਲ ਕਿੰਨੀ ਤਰੱਕੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ‘ਚ ਕਿਸੇ ਵੀ ਰਾਜ ਦੇ ਸਰਕਾਰੀ ਸਕੂਲਾਂ ‘ਚ ਇੰਨੀ ਵੱਡੀ ਗਿਣਤੀ ‘ਚ ਕਦੇ ਵੀ ਦਾਖਲਾ ਨਹੀਂ ਵਧਿਆ। ਇਸ ਤੋਂ ਬਿਨ੍ਹਾਂ ਇਸ ਵਰ੍ਹੇ ਸਰਕਾਰੀ ਸਕੂਲਾਂ ਦੇ ਨਤੀਜਿਆਂ ਨੇ ਨਿੱਜੀ ਸਕੂਲਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਇਹ ਸਭ ਅਧਿਆਪਕਾਂ ਦੀ ਮਿਹਨਤ ਦਾ ਹੀ ਨਤੀਜਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਇਸ ਵਾਰ ਅਧਿਆਪਕਾਂ ਨੂੰ ਦਿੱਤੇ ਜਾਂਦੇ ਸਟੇਟ ਐਵਾਰਡਾਂ ‘ਚ ਵਾਧਾ ਕਰਦਿਆਂ ਯੁਵਾ ਅਧਿਆਪਕਾਂ, ਸਕੂਲ ਮੁਖੀਆਂ ਤੇ ਅਧਿਕਾਰੀਆਂ ਲਈ ਪੁਰਸਕਾਰ ਆਰੰਭ ਕੀਤੇ ਹਨ ਤਾਂ ਕਿ ਨੌਜਵਾਨ ਅਧਿਆਪਕਾਂ ਦੇ ਉਤਸ਼ਾਹ ਦਾ ਵੀ ਲਾਭ ਲਿਆ ਜਾਵੇ। ਉਨ੍ਹਾਂ ਕਿਹਾ ਕਿ ਤਜਰਬੇ ਦੀ ਬਜਾਇ ਕਾਬਲੀਅਤ ਨੂੰ ਮੁੱਖ ਰੱਖਕੇ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਹੋਏ ਸਮਾਗਮ ਦੌਰਾਨ ਵਿਜੈ ਇੰਦਰ ਸਿੰਗਲਾ ਨੇ ਪਟਿਆਲਾ ਜਿਲ੍ਹੇ ਦੇ ਤਿੰਨ ਅਧਿਆਪਕਾਂ ਦਿਨੇਸ਼ ਕੁਮਾਰ ਵਿਕਟੋਰੀਆ ਸਕੂਲ, ਬੇਅੰਤ ਸਿੰਘ ਹਾਮਝੇੜੀ, ਸ੍ਰੀਮਤੀ ਮਨੀਸ਼ਾ ਫੀਲਖਾਨਾ ਸਕੂਲ ਤੇ ਬੀ.ਪੀ.ਈ.ਓ. ਨੀਰੂ ਬਾਲਾ ਭੁੱਨਰਹੇੜੀ ਨੂੰ ਮੌਕੇ ‘ਤੇ ਹੀ ਰਾਜ ਪੁਰਸਕਾਰ ਪ੍ਰਦਾਨ ਕੀਤੇ।

ਇਸ ਮੌਕੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਰਕਾਰ ਦੇ ਯਤਨਾਂ ਤੇ ਅਧਿਆਪਕਾਂ ਦੇ ਉੱਦਮ ਸਦਕਾ ਕੋਰੋਨਾ ਵਰਗੀ ਮਹਾਂਮਾਰੀ ਦੌਰਾਨ ਵੀ ਰਾਜ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਆਨਲਾਈਨ ਵਿੱਦਿਆ, ਮੁਫਤ ਕਿਤਾਬਾਂ ਤੇ ਦੁਪਹਿਰ ਦੇ ਖਾਣੇ ਲਈ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਅਧਿਆਪਕਾਂ ਸਦਕਾ ਸਰਕਾਰੀ ਸਕੂਲਾਂ ਦੀ ਸਿੱਖਿਆ ‘ਚ ਗੁਣਵੱਤਾ ਆਈ ਹੈ ਅਤੇ ਸਵੈਇੱਛਾ ਨਾਲ ਸਮਾਰਟ ਸਕੂਲ ਮੁਹਿੰਮ ਲਈ ਅਧਿਆਪਕ ਮੋਹਰੀ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਪਹਿਲਾ ਡੀ.ਜੀ.ਐਸ.ਸੀ. ਮੁਹੰਮਦ ਤਇਅਬ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਡੀ.ਪੀ.ਆਈ. (ਐਲੀ.) ਲਲਿਤ ਕਿਸ਼ੋਰ ਘਈ ਨੇ ਸਭ ਦਾ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.