ਕਿਹਾ: ਸਕੂਲਾਂ ਦੀ ਮੁਰੰਮਤ ਲਈ ਲੱਗਭੱਗ 900 ਕਰੋੜ ਰੁਪਏ ਦਾ ਬਜਟ ਖਰਚ ਕੀਤਾ ਜਾ ਚੁੱਕਾ ਹੈ | Government School Baddowal
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਲੈਂਟਰ ਡਿੱਗਣ ਕਾਰਨ ਚਰਚਾ ’ਚ ਆਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ (ਲੁਧਿਆਣਾ) ਦਾ ਦੌਰਾ ਕਰਦਿਆਂ ਬਿਲਡਿੰਗ ਦਾ ਮੁਆਇਨਾ ਕੀਤਾ ਗਿਆ। ਇਸ ਦੌਰਾਨ ਮੰਤਰੀ ਬੈਂਸ ਨੇ ਜਿੱਥੇ ਲਾਗੇ ਹੀ ਇੱਕ ਗੁਰੂਘਰ ’ਚ ਪੜਾਈ ਕਰ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਉੱਥੇ ਹੀ ਲੈਂਟਰ ਹੇਠਾਂ ਆਉਣ ਕਾਰਨ ਮੌਤ ਦੇ ਮੂੰਹ ’ਚ ਜਾਣ ਵਾਲੀ ਅਧਿਆਪਕਾ ਦੇ ਘਰ ਪੁੱਜ ਕੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ। (Government School Baddowal)
ਸਿੱਖਿਆ ਮੰਤਰੀ ਨੇ ਮ੍ਰਿਤਕ ਅਧਿਆਪਿਕਾ ਦੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਪੁੱਜ ਕੇ ਕੀਤਾ ਦੁੱਖ ਸਾਂਝਾ
ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਰੇ ਸਕੂਲਾਂ ’ਚ ਨਵੇਂ ਬਾਥਰੂਮ, ਨਵੇਂ ਕਮਰੇ ਅਤੇ ਪੁਰਾਣੇ ਕਮਰਿਆਂ ਦੀ ਮੁਰੰਮਤ ਲਈ ਲੱਗਭੱਗ 900 ਕਰੋੜ ਰੁਪਏ ਦਾ ਬਜਟ ਖਰਚ ਕੀਤਾ ਜਾ ਚੁੱਕਾ ਹੈ ਤਾਂ ਜੋ ਪੰਜਾਬ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਬਣਾਏ ਜਾ ਸਕਣ। ਇਸੇ ਤਹਿਤ ਹੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਇਸ ਸਕੂਲ ਦੀ ਇਮਾਰਤ ਬਣਾਉਣ ਦਾ ਠੇਕਾ ਇੱਕ ਠੇਕੇਦਾਰ ਨੂੰ ਦਿੱਤਾ ਗਿਆ ਸੀ। ਉਨਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਦੂਸਰੀ ਮੰਜ਼ਿਲ ਉੱਪਰ ਜ਼ਿਆਦਾ ਭਾਰ ਹੋਣ ਕਰਕੇ ਇਹ ਮੰਦਭਾਗੀ ਘਟਨਾ ਵਾਪਰੀ ਹੈ। (Government School Baddowal)
ਇਸ ਘਟਨਾ ਨੂੰ ਮੱਦੇਨਜਰ ਰੱਖਦੇ ਹੋਏ ਸਾਰੇ ਸਕੂਲਾਂ ਵਿੱਚ ਦੁਬਾਰਾ ਸੇਫਟੀ ਚੈੱਕ ਕਰਵਾਇਆ ਗਿਆ ਹੈ ਜਿਹੜੇ ਵੀ ਸਕੂਲਾਂ ਵਿੱਚ ਉਸਾਰੀ ਅਧੀਨ ਕੰਮ ਹੋ ਰਿਹਾ ਹੈ ਅਤੇ ਉਨਾਂ ਲਈ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐੱਸ.ਓ.ਪੀਜ਼) ਤਿਆਰ ਕਰ ਦਿੱਤੀ ਗਈ ਹੈ ਜਿਸ ਵਿੱਚ ਕੋਈ ਵੀ ਬੱਚਾ, ਅਧਿਆਪਕ, ਮਿਡ ਡੇ ਮੀਲ ਵਰਕਰ ਉਸ ਜਗਾ ਦੇ ਕੋਲ ਨਹੀਂ ਜਾਣਗੇ। ਉਨਾਂ ਕਿਹਾ ਕਿ ਸਬੰਧਿਤ ਠੇਕੇਦਾਰ ਖਿਲਾਫ਼ ਐੱਫ.ਆਈ.ਆਰ ਦਰਜ ਹੋ ਗਈ ਹੈ। ਉਨਾਂ ਕਿਹਾ ਕਿ ਅਧਿਆਪਕਾਂ ਦਾ ਕੰਮ ਬੱਚਿਆਂ ਨੂੰ ਪੜਾਉਣ ਦਾ ਹੈ। ਇਸ ਵਾਪਰੀ ਮੰਦਭਾਗੀ ਘਟਨਾ ਵਿੱਚ ਅਧਿਆਪਕਾਂ ਦਾ ਕੋਈ ਕਸੂਰ ਨਹੀਂ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਈ ਸਿੱਖਿਆ ਸਭ ਤੋਂ ਅਹਿਮ ਹੈ, ਉਨਾਂ ਦਾ ਟੀਚਾ ਵਧੀਆ ਸਕੂਲ, ਵਧੀਆ ਇਮਾਰਤਾਂ ਅਤੇ ਵਧੀਆ ਸਿੱਖਿਆ ਮੁਹੱਈਆ ਕਰਵਾਉਣ ਦਾ ਹੈ।