ਸਿੱਖਿਆ ਵਿਭਾਗ ਵੱਲੋਂ ਕਰਮਚਾਰੀਆਂ ਨੂੰ ਸਨਮਾਨਿਤ ਕਰਨਾ ਸ਼ਲਾਘਾਯੋਗ

Education, Department, Employees

ਬਿੰਦਰ ਸਿੰਘ ਖੁੱਡੀ ਕਲਾਂ

ਸੂਬੇ ਦਾ ਸਿੱਖਿਆ ਵਿਭਾਗ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਨਿੱਤ ਨਵੇ ਦਿਸਹੱਦੇ ਸਿਰਜ ਰਿਹਾ ਹੈ।ਕਦੇ ਖਸਤਾ ਹਾਲ ਇਮਾਰਤਾਂ ਲਈ ਜਾਣੇ ਜਾਂਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅੱਜਕੱਲ ਨਿੱਜੀ ਸਕੂਲਾਂ ਦਾ ਭੁਲੇਖਾ ਪਾਉਣ ਲੱਗੀਆਂ ਹਨ।ਸਰਕਾਰੀ ਅਤੇ ਸਮਾਜਿਕ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਤਬਦੀਲ ਹੋਈ ਦਿੱਖ ਵੇਖਿਆਂ ਹੀ ਬਣਦੀ ਹੈ।ਸਰਕਾਰੀ ਸਕੂਲਾਂ ਦੀਆਂ ਗੁਣਾਤਮਕ ਪ੍ਰਾਪਤੀਆਂ ‘ਚ ਆਇਆ ਸੁਧਾਰ ਵੀ ਆਪਣੀ ਕਹਾਣੀ ਆਪ ਬਿਆਨ ਕਰ ਰਿਹਾ ਹੈ।ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੱਖ ਵੱਖ ਖੇਤਰਾਂ ‘ਚ ਮਹਿੰਗੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਟੱਕਰ ਦੇ ਰਹੇ ਹਨ।ਕਿਸੇ ਸਮੇਂ ਤਾਲਾਬੰਦੀ ਦੀ ਕਾਗਾਰ ‘ਤੇ ਪੁੱਜੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੇ ਦਾਖਲਿਆਂ ‘ਚ ਹੈਰਾਨੀਜਨਕ ਦਰ ਨਾਲ ਇਜ਼ਾਫਾ ਹੋਇਆ ਹੈ।ਸੂਬੇ ਦੇ ਸਿੱਖਿਆ ਵਿਭਾਗ ‘ਚ ਨਿੱਤ ਨਵੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ।ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸਖਸ਼ੀਅਤ ਦੇ ਸਰਵਪੱਖੀ ਵਿਕਾਸ ਲਈ ਨਿੱਤ ਨਵੇਂ ਪ੍ਰੋਗਰਾਮ ਉਲੀਕੇ ਜਾ ਰਹੇ ਹਨ।ਜੂਨ ਮਹੀਨੇ ਦੀਆਂ ਛੁੱਟੀਆਂ ਦੌਰਾਨ ਅਧਿਆਪਕਾਂ ਵੱਲੋਂ ਸਵੈ ਇੱਛਾ ਨਾਲ ਲਗਾਏ ਸਮਰ ਕੈਂਪਾਂ ਦੀ ਚੁਫੇਰੇ ਚਰਚਾ ਰਹੀ ਹੈ।ਸਰਕਾਰੀ ਸਕੂਲਾਂ ‘ਚ ਲਗਾਏ ਜਾਂਦੇ ਮੇਲਿਆਂ ਅਤੇ ਕੈਂਪਾਂ ਦੌਰਾਨ ਬਾਲ ਮਨਾਂ ਅੰਦਰ ਛੁਪੀਆਂ ਕਲਾਵਾਂ ਨੂੰ ਵਿਕਸਤ ਹੋਣ ਦਾ ਮੌਕਾ ਮਿਲਦਾ ਹੈ।

ਸਿੱਖਿਆ ਵਿਭਾਗ ਜਿੱਥੇ ਵਿਦਿਆਰਥੀਆਂ ਨੂੰ ਉੱਚ ਪਾਏ ਦੀ ਸਿੱਖਿਆ ਦੇਣ ਲਈ ਨਿੱਤ ਨਵੇਂ ਪ੍ਰੋਗਰਾਮ ਅਮਲ ਵਿੱਚ ਲਿਆ ਰਿਹਾ ਉੱਥੇ ਇਸ ਅਮਲ ਦਾ ਧੁਰਾ ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਮਾਣ ਸਨਮਾਨ ਦੇਣ ‘ਚ ਵੀ ਕਾਬਲੇ ਤਾਰੀਫ ਕਾਰਜ਼ ਕਰ ਰਿਹਾ ਹੈ।ਵਿਭਾਗ ਵੱਲੋਂ ਬਿਹਤਰ ਨਤੀਜੇ ਦੇਣ ਵਾਲੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਹਰ ਖੇਤਰ ‘ਚ ਵਿਲੱਖਣ ਕਾਰਜ ਕਰਨ ਵਾਲੇ ਅਧਿਆਪਕਾਂ ਨੂੰ ਸਿੱਖਿਆ ਸਕੱਤਰ ਵੱਲੋਂ ਖੁਦ ਸਨਮਾਨਿਤ ਕੀਤਾ ਜਾ ਰਿਹਾ ਹੈ।ਬਿਹਤਰ ਕਾਰਜ ਕਰਨ ਵਾਲੇ ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਹਰ ਮਹੀਨੇ ਸੇਵਾ ਮੁਕਤ ਹੋਣ ਵਾਲੇ ਅਧਿਕਾਰੀਆਂ ਅਤੇ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ।ਉੱਚ ਅਧਿਕਾਰੀਆਂ ਵੱਲੋਂ ਦਿੱਤਾ ਮਾਣ ਸਨਮਾਨ ਜਿੱਥੇ ਇੱਕ ਮੁਲਾਜ਼ਮ ਨੂੰ ਹੋਰ ਵਧੇਰੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ Àੁੱਥੇ ਸੇਵਾ ਮੁਕਤ ਹੋਣ ਵਾਲੇ ਮੁਲਾਜ਼ਮ ਨੂੰ ਦਿਲੀ ਸਕੂਨ ਦਿੰਦਾ ਹੈ।ਕਿਸੇ ਵੀ ਸਰਕਾਰੀ ਵਿਭਾਗ ‘ਚ ਨੌਕਰੀ ਕਰਨ ਵਾਲੇ ਅਧਿਕਾਰੀ ਅਤੇ ਕਰਮਚਾਰੀ ਨੇ ਨਿਸ਼ਚਤ ਉਮਰ ਸੀਮਾਂ ‘ਤੇ ਪੁੱਜ ਕੇ ਸੇਵਾ ਮੁਕਤ ਹੋਣਾ ਹੁੰਦਾ ਹੈ।ਹਰ ਵਿਭਾਗ ‘ਚੋਂ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਲਈ ਜਿੱਥੇ ਸਰਕਾਰ ਵੱਲੋਂ ਵਿੱਤੀ ਲਾਭਾਂ ਦੀ ਵਿਵਸਥਾ ਕੀਤੀ ਗਈ ਹੈ,ਉੱਥੇ ਹੀ ਸਹਿਕਰਮੀਆਂ ਵੱਲੋਂ ਸਨਮਾਨ ਦੀ ਸਮਾਜਿਕ ਵਿਵਸਥਾ ਕਾਇਮ ਕੀਤੀ ਗਈ ਹੈ।ਸਿੱਖਿਆ ਵਿਭਾਗ ‘ਚ ਵੀ ਸੇਵਾ ਮੁਕਤ ਹੋਣ ਵਾਲੇ ਅਧਿਕਾਰੀ ਅਤੇ ਅਧਿਆਪਕ ਨੂੰ ਉਸਦੇ ਵਿਦਿਆਰਥੀਆਂ ਅਤੇ ਸਹਿਕਰਮੀਆਂ ਵੱਲੋਂ ਮਾਣ ਸਤਿਕਾਰ ਦਿੱਤਾ ਜਾਂਦਾ ਹੈ।ਪਰ ਸਿੱਖਿਆ ਵਿਭਾਗ ਦੀ ਸਾਰਥਿਕ ਪਹਿਲ ਕਦਮੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਲਈ ਸੇਵਾ ਮੁਕਤੀ ਦੇ ਪਲ ਵਧੇਰੇ ਯਾਦਗਾਰੀ ਬਣਨ ਲੱਗੇ ਹਨ।ਆਪਣੀ ਜਿੰਦਗੀ ਦਾ ਕੀਮਤੀ ਸਮਾਂ ਵਿਦਿਆਰਥੀਆਂ ਦੇ ਲੇਖੇ ਲਗਾਉਣ ਵਾਲਾ ਇਨਸਾਨ ਵਾਕਯ ਹੀ ਸਨਮਾਨ ਦਾ ਹੱਕਦਾਰ ਹੁੰਦਾ ਹੈ।ਇੱਕ ਯੋਗ ਅਧਿਆਪਕ ਆਪਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਲਈ ਆਪਣੇ ਬੱਚਿਆਂ ਨਾਲੋਂ ਵੀ ਜਿਆਦਾ ਫਿਕਰਮੰਦ ਰਹਿੰਦਾ ਹੈ।ਕਈ ਵਾਰ ਤਾਂ ਅਜਿਹਾ ਵੀ ਹੁੰਦਾ ਹੈ ਕਿ ਇੱਕ ਅਧਿਆਪਕ ਨੂੰ ਆਪਣੇ ਬੱਚੇ ਦਾ ਫਿਕਰ ਭੁਲਾ ਕੇ ਵਿਦਿਆਰਥੀਆਂ ਲਈ ਜਿਆਦਾ ਫਿਕਰਮੰਦ ਹੋਣਾ ਪੈਂਦਾ ਹੈ।

ਜਿੰਦਗੀ ਦੇ ਕੀਮਤੀ ਵਰੇ ਵਿਦਿਆਰਥੀਆਂ ਦੇ ਲੇਖੇ ਲਗਾਉਣ ਵਾਲੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਵਿਭਾਗ ਵੱਲੋਂ ਜਿੱਥੇ ਸੇਵਾ ਦੌਰਾਨ ਤਨਖਾਹ ਦਿੱਤੀ ਜਾਂਦੀ ਹੈ ਉੱਥੇ ਹੀ ਸੇਵਾ ਨਵਿਰਤੀ ਉਪਰੰਤ ਪੈਨਸਨ ਵੀ ਦਿੱਤੀ ਜਾਂਦੀ ਹੈ।ਪਰ ਵਿਭਾਗੀ ਸਨਮਾਨ ਇਹਨਾਂ ਸਭ ਲਾਭਾਂ ਅਤੇ ਪ੍ਰਾਪਤੀਆਂ ਤੋਂ ਉੱਪਰ ਹੁੰਦਾ ਹੈ ਕਿਉਂਕਿ ਇਨਸਾਨ ਲਈ ਪੈਸਾ ਹੀ ਸਭ ਕੁੱਝ ਨਹੀਂ ਹੁੰਦਾ।ਵਧੀਆ ਜਿੰਦਗੀ ਜੀਣ ਲਈ ਇਨਸਾਨ ਪੈਸਾ ਕਮਾਉਣ ਦੇ ਨਾਲ ਨਾਲ ਇੱਜ਼ਤ ਅਤੇ ਮਾਣ ਸਤਿਕਾਰ ਕਮਾਉਣ ਲਈ ਵੀ ਯਤਨ ਕਰਦਾ ਹੈ।ਇੱਕ ਅਧਿਆਪਕ ਨੂੰ ਉਸ ਦੇ ਕੀਤੇ ਕਾਰਜ਼ ਲਈ ਉਸ ਦੇ ਵਿਦਿਆਰਥੀ ਸਾਰੀ ਉਮਰ ਇੱਜ਼ਤ ਅਤੇ ਮਾਣ ਸਤਿਕਾਰ ਬਖਸ਼ਦੇ ਹਨ।ਪਰ ਵਿਭਾਗ ਦੇ ਸਰਵ ਉੱਚ ਅਧਿਕਾਰੀ ਵੱਲੋਂ ਦਿੱਤਾ ਜਾਂਦਾ ਮਾਣ ਸਤਿਕਾਰ ਅਤੇ ਇੱਜ਼ਤ ਸੇਵਾ ਮੁਕਤ ਹੋਣ ਵਾਲੇ ਅਧਿਕਾਰੀ ਅਤੇ ਅਧਿਆਪਕ ਲਈ ਯਾਦਗਾਰੀ ਬਣ ਜਾਂਦਾ ਹੈ।ਸਨਮਾਨਿਤ ਹੋਣ ਵਾਲੇ ਅਧਿਕਾਰੀ ਅਤੇ ਅਧਿਆਪਕ ਲਈ ਵਿਭਾਗ ਵੱਲੋਂ ਦਿੱਤਾ ਕਾਗਜ਼ ਦਾ ਟੁਕੜਾ ਬੇਸ਼ੱਕ ਕੀਮਤੀ ਹੁੰਦਾ ਹੈ।ਸੇਵਾ ਮੁਕਤ ਹੋ ਕੇ ਘਰ ਬੈਠਾ ਕਰਮਚਾਰੀ ਜਦੋਂ ਵਿਭਾਗ ਵੱਲੋਂ ਬਖਸ਼ੇ ਇਸ ਕਾਗਜ਼ ਦੇ ਟੁਕੜੇ ਵੱਲ ਨਿਗਾਹ ਮਾਰਦਾ ਹੈ ਤਾਂ ਉਸ ਦਾ ਸੀਨਾ ਮਾਣ ਨਾਲ ਤਣ ਜਾਂਦਾ ਹੈ।ਵਿਭਾਗ ਵੱਲੋਂ ਦਿੱਤਾ ਇਹ ਕਾਗਜ਼ ਦਾ ਟੁਕੜਾ ਸੇਵਾ ਮੁਕਤ ਕਰਮਚਾਰੀ ਲਈ ਗੌਰਵ ਬਣ ਜਾਂਦਾ ਹੈ।ਸਿੱਖਿਆ ਵਿਭਾਗ ਵੱਲੋਂ ਸੇਵਾ ਮੁਕਤ ਹੋਣ ਵਾਲੇ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿੱਤਾ ਜਾ ਰਿਹਾ ਇਸ ਪ੍ਰਕਾਰ ਦਾ ਸਨਮਾਨ ਉਸ ਨੂੰ ਸਦਾ ਵਿਭਾਗ ਨਾਲ ਜੋੜੀ ਰੱਖਦਾ ਹੈ ਸਿੱਖਿਆਂ ਵਿਭਾਗ ਸੇਵਾ ਮੁਕਤ ਹੋਣ ਵਾਲੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਤਮਾਮ ਹੋਰ ਲਾਭਾਂ ਨਾਲ ਨਿਵਾਜ਼ਣ ਦੇ ਨਾਲ ਨਾਲ ਇਸ ਤਰਾ ਦਾ ਸਨਮਾਨ ਦੇਣ ਲਈ ਸਾਬਾਸ਼ ਦਾ ਹੱਕਦਾਰ ਹੈ।ਸਿੱਖਿਆ ਵਿਭਾਗ ‘ਚੋਂ ਸੇਵਾ ਮੁਕਤੀ ਪਾ ਕੇ ਸ਼ਾਨਾਮੱਤੇ ਤਰੀਕੇ ਨਾਲ ਸਨਮਾਨਿਤ ਹੋਣ ਵਾਲੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ।

ਗਲੀ ਨੰਬਰ 1, ਸ਼ਕਤੀ ਨਗਰ ,ਬਰਨਾਲਾ।  

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।