3300 ਗੋਲੀਆਂ ਵਾਪਸ ਭੇਜੀਆਂ ਕੋਰੀਅਰ ਰਾਹੀਂ
ਮਾਮਲਾ ਕਾਂਗਰਸੀ ਵਿਧਾਇਕਾਂ ਵੱਲੋਂ ਪੁਲਿਸ ‘ਤੇ ਲਾਏ ਦੋਸ਼ਾਂ ਦਾ
ਪਟਿਆਲਾ(ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿਧਾਇਕਾਂ ਵੱਲੋਂ ਪੁਲਿਸ ਅਧਿਕਾਰੀਆਂ ‘ਤੇ ਗੋਲੀਆਂ ਦੇ ਮਾਮਲੇ ਵਿੱਚ ਕਾਰਵਾਈ ਨਾ ਕਰਨ ਸਮੇਤ ਫੋਨ ਟਾਇਪ ਕਰਨ ਦੇ ਲਾਏ ਦੋਸ਼ਾਂ ਤੋਂ ਬਾਅਦ ਹੁਣ ਤੱਕ ਦੀ ਕੀਤੀ ਜਾਂਚ ਦੌਰਾਨ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ। ਫੋਨ ਟੈਪਿੰਗ ਦੀ ਥਾਂ ਕਾਲ ਰਿਕਾਰਡ ਹੋਣ ਦੀ ਗੱਲ ਸਾਹਮਣੇ ਆਈ ਹੈ ਜੋ ਕਿ ਆਮ ਹੀ ਮੁਬਾਇਲਾਂ ਵਿੱਚ ਹੋ ਜਾਂਦੀ ਹੈ। ਪਟਿਆਲਾ ਦੇ ਐਸਐਸਪੀ ਦਾ ਕਹਿਣਾ ਹੈ ਕਿ ਫੋਨ ਟੈਪਿੰਗ ਲਈ ਤਾਂ ਹੋਮ ਸੈਕਟਰੀ ਤੋਂ ਮਨਜੂਰੀ ਲੈਣੀ ਪੈਂਦੀ ਹੈ ਅਤੇ ਉਸ ਤੋਂ ਬਾਅਦ ਹੀ ਅਜਿਹਾ ਕੀਤਾ ਜਾ ਸਕਦਾ ਹੈ। ਵਿਧਾਇਕਾਂ ਵੱਲੋਂ ਪਟਿਆਲਾ ਪਲਿਸ ‘ਤੇ ਲਾਏ ਦੋਸ਼ਾਂ ਤੋਂ ਬਾਅਦ ਇਸ ਮਾਮਲੇ ਨੇ ਵੱਡਾ ਤੂਲ ਫੜਿਆ ਹੋਇਆ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਸੀਆਈਏ ਰਾਜਪੁਰਾ ‘ਤੇ ਨਸ਼ੀਲੀਆਂ ਗੋਲੀਆਂ ਸਬੰਧੀ ਵਿਅਕਤੀ ਨੂੰ ਫੜਨ ਤੋਂ ਬਾਅਦ ਪੈਸੇ ਲੈ ਕੇ ਛੱਡਣ ਦਾ ਮੁੱਦਾ ਉਠਾਇਆ ਗਿਆ ਸੀ ਜਦਕਿ ਸਮਾਣਾ ਦੇ ਵਿਧਾਇਕ ਕਾਕਾ ਰਜਿੰਦਰ ਸਿੰਘ ਵੱਲੋਂ ਸੀਆਈਏ ਸਮਾਣਾ ਦੇ ਇੰਚਾਰਜ਼ ‘ਤੇ ਫੋਨ ਟੈਪਿੰਗ ਦੇ ਦੋਸ਼ ਲਾਏ ਗਏ ਸਨ। ਇਨ੍ਹਾਂ ਮਾਮਲਿਆਂ ਸਬੰਧੀ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਐਸਪੀਡੀ ਹਰਮੀਤ ਸਿੰਘ ਅਤੇ ਰਾਜਪੁਰਾ ਦੇ ਡੀਐਸਪੀ ਦੇ ਅਧਾਰਤ ਇੱਕ ਕਮੇਟੀ ਬਣਾਈ ਸੀ, ਜਿਸਨੇ ਕਿ ਮਾਮਲੇ ਦੀ ਜਾਂਚ ਕਰਨੀ ਸੀ। ਜਾਂਚ ਕਮੇਟੀ ਵੱਲੋਂ ਪਾਇਆ ਗਿਆ ਕਿ ਰਾਜਪੁਰਾ ਦੇ ਇੱਕ ਮੈਡੀਕਲ ਸਟੋਰ ‘ਤੇ 3300 ਗੋਲੀਆਂ ਆਈਆਂ ਸਨ, ਪਰ ਦੋਵਾਂ ਦੁਕਾਨਦਾਰਾਂ ਦਾ ਆਪਸ ਵਿੱਚ ਤਕਰਾਰਬਾਜੀ ਹੋਣ ਕਾਰਨ ਉਕਤ ਕੋਰੀਅਰ ਵਾਪਸ ਭੇਜ ਦਿੱਤਾ ਗਿਆ। ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਪ੍ਰਕਾਰ ਦੇ ਪੈਸੇ ਲੈ ਕੇ ਛੱਡਣ ਦੀ ਗੱਲ ਸਾਹਮਣੇ ਨਹੀਂ ਆਈ। ਉਨ੍ਹਾਂ ਪੁਸ਼ਟੀ ਕਰਦਿਆਂ ਕਿਹਾ ਕਿ ਕਿ ਗੋਲੀਆਂ ਆਈਆਂ ਜ਼ਰੂਰ ਸਨ, ਪਰ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਅੱਗੇ ਜਾਰੀ ਹੈ, ਜੇਕਰ ਫੇਰ ਵੀ ਕਿਸੇ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਦੀ ਇੰਚ ਵੀ ਸਮੂਲੀਅਤ ਸਾਹਮਣੇ ਆਈ ਤਾਂ ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਸਮਾਣਾ ਦੇ ਵਿਧਾਇਕ ਵੱਲੋਂ ਲਾਏ ਫੋਨ ਟੈਪਿੰਗ ਦੇ ਦੋਸ਼ਾਂ ਨੂੰ ਵੀ ਐਸਐਸਪੀ ਵੱਲੋਂ ਨਕਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਪੀਏ ਦਾ ਫੋਨ ਸੀਆਈਏ ਦੇ ਇੰਚਾਰਜ਼ ਵਿਜੈ ਕੁਮਾਰ ਨੂੰ ਗਿਆ ਸੀ ਅਤੇ ਉਸਦੇ ਮੁਬਾਇਲ ਵਿੱਚ ਕਾਲ ਰਿਕਾਰਡ ਹੋ ਗਈ, ਜੋ ਕਿ ਉਨ੍ਹਾਂ ਵੱਲੋਂ ਵਿਧਾਇਕ ਦੀ ਪਤਨੀ ਨੂੰ ਸੁਣਾ ਦਿੱਤੀ ਗਈ। ਇਸ ਤੋਂ ਬਾਅਦ ਵਿਧਾਇਕ ਕਾਕਾ ਰਜਿੰਦਰ ਸਿੰਘ ਗੁੱਸੇ ਵਿੱਚ ਆ ਗਏ ਕਿ ਉਨ੍ਹਾਂ ਦੇ ਫੋਨ ਰਿਕਾਰਡਿੰਗ ਕੀਤੇ ਜਾ ਰਹੇ ਹਨ।ਐਸਐਸਪੀ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਫੋਨ ਟੈਪ ਕਰਨਾ ਹੈ ਤਾਂ ਇਸ ਸਬੰਧੀ ਹੋਮ ਸੈਕਟਰੀ ਪੰਜਾਬ ਕੋਲੋਂ ਇਜਾਜਤ ਲੈਣੀ ਪੈਦੀ ਹੈ।
ਸੁਨਿਆਰੇ ਤੋਂ 25 ਲੱਖ ਰੁਪਏ ਲੈਣ ਦੀ ਗੱਲ ਸਬੰਧੀ ਐਸਐਸਪੀ ਨੇ ਕਿਹਾ ਕਿ ਅਜੇ ਤੱਕ ਤਾਂ ਉਨ੍ਹਾਂ ਨੂੰ ਸੁਨਿਆਰਾ ਨਹੀਂ ਮਿਲਿਆ ਅਤੇ ਉਨ੍ਹਾਂ ਦੀ ਖੁਦ ਵਿਧਾਇਕ ਸਮਾਣਾ ਨਾਲ ਗੱਲ ਹੋਈ ਹੈ, ਉਨ੍ਹਾਂ ਵੱਲੋਂ ਵੀ ਸੁਨਿਆਰੇ ਤੋਂ 25 ਲੱਖ ਲੈਣ ਸਬੰਧੀ ਕੋਈ ਗੱਲ ਨਹੀਂ ਕੀਤੀ ਗਈ। ਦੱਸਣਯੋਗ ਹੈ ਕਿ ਵਿਧਾਇਕਾਂ ਵੱਲੋਂ ਇਨ੍ਹਾਂ ਕਥਿਤ ਦੋਸ਼ਾਂ ਕਾਰਨ ਸੱਤਾ ਧਿਰ ਨੂੰ ਵਿਰੋਧੀਆਂ ਵੱਲੋਂ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ।
ਤਖਤੂਪੁਰਾ ਮਾਮਲੇ ‘ਚ ਐਸਐਚਓ ਮੁਅੱਤਲ
ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਘਨੌਰ ਹਲਕੇ ਦੇ ਤਖਤੂਮਾਜਰਾ ਪਿੰਡ ਵਿੱਚ ਵਾਪਰੇ ਐਪੀਸੋਡ ਨੂੰ ਨਜਿੱਠਣ ਲਈ ਢਿੱਲੀ ਕਾਰਵਾਈ ਦੇ ਚਲਦਿਆਂ ਖੇੜੀ ਗੰਡਿਆਂ ਦੇ ਐਸ ਐਚ ਓ ਸੋਹਣ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਦੱਸ ਦੇਈਏ ਕਿ ਪਿੰਡ ਤਖਤੂਮਾਜਰਾ ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੌਰਾਨ ਗੁਰਦੁਆਰੇ ਵਿੱਚ ਤਕਰਾਰਬਾਜ਼ੀ ਹੋਈ ਸੀ ਜਿਸ ਦੇ ਚੱਲਦਿਆਂ ਇਹ ਮਾਮਲਾ ਇੰਨੀ ਤੂਲ ਫੜ੍ਹ ਗਿਆ ਇਸ ਤੋਂ ਬਾਅਦ ਕੁਝ ਅਨਸਰਾਂ ਵੱਲੋਂ ਰਾਜਪੁਰਾ ਦੇ ਹਸਪਤਾਲ ਵਿਖੇ ਪਿੰਡ ਦੇ ਹੀ ਸਰਪੰਚ ਨਾਲ ਕੁੱਟਮਾਰ ਕੀਤੀ ਗਈ ਸੀ ਜਿਸ ਦੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋਈ ਸੀ ਪਟਿਆਲਾ ਦੇ ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਪੁਸ਼ਟੀ ਕਰਦੇ ਕਿਹਾ ਕਿ ਸਾਰੀਆਂ ਘਟਨਾਵਾਂ ਨੂੰ ਨਜਿੱਠਣ ਲਈ ਢਿੱਲੀ ਕਾਰਵਾਈ ਦੇ ਚਲਦਿਆਂ ਅਤੇ 20 ਵਿਅਕਤੀਆਂ ‘ਤੇ ਪਰਚਾ ਹੋਣ ਦੇ ਬਾਵਜੂਦ ਸਿਰਫ 2 ਗ੍ਰਿਫਤਾਰੀਆਂ ਹੋਣੀਆਂ ਐੱਸ ਐੱਚ ਓ ਦੀ ਢਿੱਲੀ ਕਾਰਵਾਈ ਦਰਸਾਉਂਦੀ ਹੈ ਜਿਸ ਦੇ ਚਲਦਿਆਂ ਇਸ ਨੂੰ ਲਾਈਨ ਹਾਜ਼ਿਰ ਕਰ ਦਿੱਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।