ਫ਼ਿਲਸਤੀਨ ਤੇ ਇਜ਼ਰਾਈਲ ’ਚ 11 ਦਿਨ ਛਿੜੀ ਰਹੀ ਜੰਗ ਆਖ਼ਰ ਥਮ ਗਈ ਹੈ ਦੋਵਾਂ ਪੱਖਾਂ ਨੇ ਰਜ਼ਾਮੰਦੀ ਨਾਲ ਹਮਲੇ ਰੋਕ ਦਿੱਤੇ ਹਨ ਭਾਵੇਂ ਇਸ ਲੜਾਈ ’ਚ 200 ਤੋਂ ਵੱਧ ਲੋਕ ਮਾਰੇ ਗਏ ਤੇ ਭਾਰੀ ਮਾਲੀ ਨੁਕਸਾਨ ਹੋਇਆ ਹੈ ਫ਼ਿਰ ਵੀ ਲੜਾਈ ਰੁਕਣੀ ਅਮਨ ਕਾਇਮ ਕਰਨ ਦੀ ਦਿਸ਼ਾ ’ਚ ਇੱਕ ਵੱਡਾ ਕਦਮ ਹੈ ਹੁਣ ਇਸ ਚੀਜ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਫ਼ਿਲਸਤੀਨ ਦੇ ਹਮਾਇਤੀ ਅਰਬ ਮੁਲਕ ਤੇ ਇਜ਼ਰਾਈਲ ਹਮਾਇਤੀ ਯੂਰਪੀ ਮੁਲਕ ਦੋਗਲੀ ਨੀਤੀ ਤੋਂ ਗੁਰੇਜ਼ ਕਰਨ ।
ਦਰਅਸਲ, ਅਰਬ ਮੁਲਕ ਬੜੀ ਸ਼ਾਤਿਰਾਨਾ ਖੇਡ ਖੇਡ ਰਹੇ ਹਨ ਇੱਕ ਪਾਸੇ ਇਹ ਮੁਲਕ ਲੜਾਈ ਰੁਕਣ ਦਾ ਸਵਾਗਤ ਕਰ ਰਹੇ ਹਨ ਦੂਜੇ ਪਾਸੇ ਇੱਕ ਧਿਰ ਦੀ ਹਮਾਇਤ ਕਰਕੇ ਆਪਣੀ ਪੁਰਾਣੀ ਨੀਤੀ ’ਤੇ ਕਾਇਮ ਹਨ ਤੁਰਕੀ, ਇਰਾਨ, ਸਾਊਦੀ ਅਰਬ ਤੇ ਪਾਕਿਸਤਾਨ ਫ਼ਿਲਸਤੀਨ ਦੇ ਹੱਕ ’ਚ ਲਹਿਰ ਚਲਾ ਰਹੇ ਹਨ ਅਜਿਹਾ ਕਰਨਾ ਇਜ਼ਰਾਈਲ ਤੇ ਫ਼ਿਲਸਤੀਨ ਨੂੰ ਨਵੀਂ ਲੜਾਈ ਲਈ ਤਿਆਰ ਕਰਨਾ ਤੇ ਦੁਨੀਆ ਨੂੰ ਧਰਮ ਦੇ ਆਧਾਰ ’ਤੇ ਵੰਡਣਾ ਹੈ । ਜੇਕਰ ਇਹ ਮੁਲਕ ਵਾਕਿਆਈ ਅਮਨ-ਅਮਾਨ ਦੇ ਹਮਾਇਤੀ ਹਨ ਤਾਂ ਕਿਸੇ ਇੱਕ ਦੇਸ਼ ਦੀ ਪਿੱਠ ਥਾਪੜਨ ਦੀ ਬਜਾਇ ਜੰਗਬੰਦੀ ਲਈ ਦੋਵਾਂ ਮੁਲਕਾਂ ਦੀ ਪ੍ਰਸੰਸਾ ਕਰਨ । ਇਸ ਦੇ ਨਾਲ ਹੀ ਇਹਨਾਂ ਮੁਲਕਾਂ ਨੂੰ ਯੇਰੂਸ਼ਲਮ ਮਸਲੇ ਦੇ ਪੱਕੇ ਹੱਲ ਲਈ ਜ਼ਮੀਨ ਤਿਆਰ ਕਰਨ ’ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ।
ਇਰਾਨ ਤੇ ਹੋਰ ਮੁਸਲਿਮ ਮੁਲਕ ਫ਼ਿਲਸਤੀਨ ਦੇ ਨਾਲ ਡਟ ਕੇ ਖੜ੍ਹਨ ਦੇ ਬਿਆਨ ਦੇ ਰਹੇ ਹਨ ਅਜਿਹੀਆਂ ਅਪੀਲਾਂ ਆਪਣੇ-ਆਪ ’ਚ ਇਸ ਮੁੱਦੇ ਨੂੰ ਸੰਪ੍ਰਦਾਇਕ ਰੰਗਤ ਦੇਣਾ ਹੈ । ਓਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਜ਼ਰਾਈਲ ਦੇ ਖਿਲਾਫ਼ ਮੁਹਿੰਮ ਵਿੱਢ ਦਿੱਤੀ ਹੈ ਤੁਰਕੀ ਦੇ ਰਾਸ਼ਟਰਪਤੀ ਰੇਚੇਤਾਈਅੱਪ ਆਰਦੋਆਨ ਨੇ ਇਜਰਾਈਲ ਨੂੰ ਅੱਤਵਾਦੀ ਮੁਲਕ ਕਰਾਰ ਦੇਣ ਲਈ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ । ਪਾਕਿਸਤਾਨ ਵੱਲੋਂ ਅੱਗੇ ਆਉਣ ਦਾ ਮਕਸਦ ਵੀ ਸਾਫ਼ ਨਜ਼ਰ ਆ ਰਿਹਾ ਹੈ ਕਿ ਉਹ ਮੁਸਲਿਮ ਦੇਸ਼ਾਂ ਦੀ ਏਕਤਾ ਨਾਲ ਕਸ਼ਮੀਰ ਦਾ ਮਾਮਲਾ ਸਾਧਣ ਲਈ ਜ਼ੋਰ ਲਾ ਰਿਹਾ ਹੈ । ਇਸ ਮਾਹੌਲ ’ਚ ਜੇਕਰ ਕੋਈ ਆਰਜ਼ੀ ਅਮਨ-ਅਮਾਨ ਨੂੰ ਮਜ਼ਬੂਤ ਕਰਨ ਲਈ ਯਤਨ ਕਰ ਰਿਹਾ ਹੈ ਤਾਂ ਉਹ ਹੈ ਸੰਯੁਕਤ ਅਰਬ ਅਮੀਰਾਤ ਇਸ ਮੁਲਕ ਨੇ ਲੜਾਈ ਰੋਕਣ ਲਈ ਅਪੀਲਾਂ ਕਰਨ ਵਾਸਤੇ ਸੰਯੁਕਤ ਰਾਸ਼ਟਰ ਦਾ ਧੰਨਵਾਦ ਕੀਤਾ ਹੈ । ਭਾਵੇਂ ਯੂਏਈ ਨੇ ਇਜਰਾਈਲ ਦੀ ਨਿੰਦਾ ਕੀਤੀ ਹੈ ਫ਼ਿਰ ਵੀ ਇਸ ਮੁਲਕ ਨੇ ਫ਼ਿਲਸਤੀਨ ਤੇ ਇਜਰਾਈਲ ਦੋਵਾਂ ਮੁਲਕਾਂ ਦੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ ।
ਯੂਏਈ ਨੇ ਇਹ ਵੀ ਅਪੀਲ ਕੀਤੀ ਹੈ ਕਿ ਉਹ ਫ਼ਿਲਸਤੀਨ ਤੇ ਇਜਰਾਈਲ ਦੀਆਂ ਅਗਲੀਆਂ ਪੀੜ੍ਹ੍ਹੀਆਂ ਨੂੰ ਅਮਨ-ਅਮਾਨ ਦਾ ਹੱਲ ਦੇਣ ਲਈ ਕੌਮਾਂਤਰੀ ਸਹਿਯੋਗ ਨਾਲ ਕੰਮ ਕਰਨ ਲਈ ਤਿਆਰ ਹੈ । ਇਸ ਲਈ ਤੁਰਕੀ ਤੇ ਪਾਕਿਸਤਾਨ ਵਰਗੇ ਮੁਲਕ ਬੁਝੀ ਅੱਗ ਨੂੰ ਮਘਾਉਣ ਦੀ ਬਜਾਇ ਮੱਧ ਪੂਰਬ ’ਚ ਸਥਾਈ ਅਮਨ-ਅਮਾਨ ਤੇ ਖੁਸ਼ਹਾਲੀ ਲਈ ਯਤਨ ਕਰਨ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਫ਼ਿਲਸਤੀਨ ਤੇ ਇਜਰਾਈਲ ਦੇ ਮਸਲੇ ਨਾਲ ਛੇੜਛਾੜ ਕੀਤੀ ਗਈ ਤਾਂ ਇਹ ਸੰਸਾਰ ਜੰਗ ਦਾ ਰੂਪ ਧਾਰਨ ਕਰ ਸਕਦਾ ਹੈ ਸ਼ਾਲਾ! ਅਮਨ ਬਰਕਰਾਰ ਰਹੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।