ਜੇਲ੍ਹਾਂ ਅੰਦਰ ਸਾਲ 2012 ਤੋਂ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾ ਰਿਹਾ ਆਪਣੀ ਡਿਊਟੀ | DSP Inderjit Singh
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੈਕਸੀਮਮ ਨਾਭਾ ਜੇਲ੍ਹ ਵਿਖੇ ਡੀਐਸਪੀ ਵਜੋਂ ਤੈਨਾਤ ਇੰਦਰਜੀਤ ਸਿੰਘ ਕਾਹਲੋਂ ਨੂੰ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵਧੀਆ ਸੇਵਾਵਾਂ ਦੇਣ ਬਦਲੇ ਅਜ਼ਾਦੀ ਦਿਹਾੜੇ ਮੌਕੇ ਸਨਮਾਨਿਤ ਕੀਤਾ ਗਿਆ ਹੈ। ਇੰਦਰਜੀਤ ਸਿੰਘ ਕਾਹਲੋਂ ਇਸ ਤੋਂ ਪਹਿਲਾਂ ਵੀ ਕਈ ਵਾਰ ਸਨਮਾਨਿਤ ਕੀਤੇ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਸ੍ਰੀ ਕਾਹਲੋਂ ਸਾਲ 2012 ਵਿੱਚ ਸਹਾਇਕ ਸੁਪਰਡੈਂਟ ਵਜੋਂ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਕੇ ਭਰਤੀ ਹੋਏ ਸਨ ਅਤੇ ਉਹ ਪਹਿਲੀ ਵਾਰ ਲੁਧਿਆਣਾ ਜੇਲ੍ਹ ਵਿਖੇ ਤਾਇਨਾਤ ਹੋਏ ਸਨ। ਇਸ ਤੋਂ ਬਾਅਦ ਸਾਲ 2013 ਵਿੱਚ ਉਨ੍ਹਾਂ ਦੀ ਬਦਲੀ ਇੱਥੇ ਸੈਂਟਰਲ ਜੇਲ੍ਹ ਪਟਿਆਲਾ ਵਿਖੇ ਹੋਈ ਅਤੇ ਇੱਥੇ ਵੀ ਉਨ੍ਹਾਂ ਨੂੰ ਸਹਾਇਕ ਸੁਪਰਡੈਂਟ ਦੇ ਨਾਲ ਹੀ ਪਟਿਆਲਾ ਜੇਲ੍ਹ ਵੈਲਫੇਅਰ ਦਾ ਚਾਰਜ ਦਿੱਤਾ ਗਿਆ। (DSP Inderjit Singh)
ਉਨ੍ਹਾਂ ਨੇ ਇਸ ਸਮੇਂ ਦੌਰਾਨ ਜੇਲ੍ਹ ਦੀ ਕੰਟੀਨ, ਜੋ ਕਿ ਆਖਰੀ ਸਾਹਾਂ ‘ਤੇ ਚੱਲ ਰਹੀ ਸੀ, ਨੂੰ ਆਪਣੀ ਮਿਹਨਤ ਸਦਕਾ ਮੁਨਾਫ਼ੇ ਵਿੱਚ ਪਹੁੰਚਾ ਦਿੱਤਾ। ਉਸ ਸਮੇਂ ਤੋਂ ਆਪਣੀ ਡਿਊਟੀ ਇਮਾਨਦਾਰੀ ਅਤੇ ਲਗਨ ਨਾਲ ਕਰ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਤਰੱਕੀ ਦੇ ਕੇ ਮਾਨਸਾ ਜੇਲ੍ਹ ਵਿਖੇ ਡੀਐਸਪੀ ਵਜੋਂ ਲਾਇਆ ਗਿਆ, ਜਿੱਥੇ ਕਿ ਉਨ੍ਹਾਂ ਵੱਲੋਂ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ ਗਿਆ। ਕੁਝ ਸਮੇਂ ਬਅਦ ਹੀ ਸ੍ਰੀ ਕਾਹਲੋਂ ਨੂੰ ਬਦਲ ਕੇ ਇੱਥੇ ਮੈਕਸੀਮਮ ਜੇਲ੍ਹ ਨਾਭਾ ਵਿਖੇ ਡੀਐਸਪੀ ਵਜੋਂ ਹੀ ਲਾਇਆ ਗਿਆ ਅਤੇ ਮੌਜੂਦਾ ਸਮੇਂ ਉਹ ਇੱਥੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। (DSP Inderjit Singh)
ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਬਦਲੇ ਹੀ ਅਜ਼ਾਦੀ ਦਿਹਾੜੇ ਮੌਕੇ ਸ੍ਰੀ ਅ੍ਰਮਿੰਤਸਰ ਵਿਖੇ ਸਮਾਗਮ ਦੌਰਾਨ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਆਈ ਜੀ ਜੇਲ੍ਹਾਂ ਰੂਪ ਕੁਮਾਰ ਅਰੋੜਾ ਅਤੇ ਡੀਆਈਜੀ ਜੇਲ੍ਹਾਂ ਸੁਰਿੰਦਰ ਸਿੰਘ ਸੈਣੀ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪੱਤਰਕਾਰ ਨਾਲ ਗੱਲ ਕਰਦਿਆਂ ਇੰਦਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਇਮਾਨਦਾਰੀ ਅਤੇ ਲਗਨ ਨਾਲ ਇਸੇ ਤਰ੍ਹਾਂ ਕਰਦੇ ਰਹਿਣਗੇ।
ਕਾਹਲੋਂ ਪੀਐੱਚਡੀ ਦਾ ਵੀ ਖੋਜਾਰਥੀ | DSP Inderjit Singh
ਡੀਐਸਪੀ ਇੰਦਰਜੀਤ ਸਿੰਘ ਕਾਹਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਇਤਿਹਾਸ ਵਿਭਾਗ ਵਿੱਚ ਮੌਜੂਦਾ ਸਮੇਂ ਪੀਐਚਡੀ ਦੇ ਵੀ ਖੋਜਾਰਥੀ ਹਨ। ਇਨ੍ਹਾਂ ਵੱਲੋਂ ਇਤਿਹਾਸ ਵਿਭਾਗ ਵਿੱਚ ਹੀ ਐਮ. ਏ., ਐਮ. ਫਿਲ ਦੀ ਸਿੱਖਿਆ ਵੀ ਹਾਸਲ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੀ ਉਮਰ ਵਿੱਚ ਪੜ੍ਹਦੇ ਅਤੇ ਸਿੱਖਦੇ ਰਹਿਣਾ ਚਾਹੀਦਾ ਹੈ।