ਨਸ਼ੇ ਹੌਲੀ-ਹੌਲੀ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਨੇ

ਨਸ਼ੇ ਹੌਲੀ-ਹੌਲੀ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਨੇ

ਪੰਜਾਬ, ਜੋ ਕਦੇ ਮਿਹਨਤੀ ਅਤੇ ਚੰਗੀ ਖੁਰਾਕ ਖਾਣ ਵਾਲੇ ਲੋਕਾਂ ਕਰਕੇ ਜਾਣਿਆ ਜਾਂਦਾ ਸੀ ਪਰ ਅੱਜ-ਕੱਲ੍ਹ ਇੱਥੋਂ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ। ਸਾਰੇ ਹੀ ਪੰਜਾਬੀ ਨੌਜਵਾਨ ਨਸ਼ੱਈ ਨਹੀਂ ਹਨ, ਕੁਝ ਨੌਜਵਾਨ ਬਹੁਤ ਚੰਗੇ ਕੰੰਮ ਕਰਕੇ ਸੂਬੇ ਦਾ ਨਾਂਅ ਵੀ ਰੌਸ਼ਨ ਕਰ ਰਹੇ ਹਨ ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅੱਜ ਪੰਜਾਬੀ ਗੱਭਰੂਆਂ ਦੀ ਵੱਡੀ ਗਿਣਤੀ ਕਿਸੇ ਨਾ ਕਿਸੇ ਰੂਪ ਵਿੱਚ ਨਸ਼ਿਆਂ ਦੀ ਆਦੀ ਹੋ ਚੁੱਕੀ ਹੈ। ਨਸ਼ਾ ਕਰਨਾ ਇੱਕ ਕਮਜ਼ੋਰ ਮਾਨਸਿਕਤਾ ਦੀ ਨਿਸ਼ਾਨੀ ਹੈ। ਜਦੋਂ ਮਨੁੱਖ ਕਿਸੇ ਵੀ ਕਾਰਨ ਕਰਕੇ ਜਿਵੇਂ ਘਰੇਲੂ ਕਲੇਸ਼, ਕਰਜਾ, ਗਰੀਬੀ, ਕਿਸੇ ਰਿਸ਼ਤੇ ਵਿੱਚ ਧੋਖਾ ਮਿਲਣ ਕਰਕੇ, ਬੇਰੁਜਗਾਰੀ ਜਾਂ ਕਿਸੇ ਹੋਰ ਚਿੰਤਾ ਤੋਂ ਬਹੁਤ ਪ੍ਰੇਸ਼ਾਨ ਹੁੰਦਾ ਹੈ ਤਾਂ ਉਹ ਇਸ ਤੋਂ ਛੁਟਕਾਰਾ ਪਾਉਣ ਲਈ ਜਾਂ ਕੁਝ ਸਮੇਂ ਦੀ ਮਾਨਸਿਕ ਸ਼ਾਂਤੀ ਲਈ ਗਲਤ ਢੰਗ ਅਪਣਾ ਕੇ ਨਸ਼ੇ ਦਾ ਸੇਵਨ ਕਰਨ ਲੱਗ ਪੈਂਦਾ ਹੈ।

ਇਹੋ ਆਦਤ ਹੌਲੀ-ਹੌਲੀ ਇੱਕ ਬੁਰੀ ਆਦਤ ਦਾ ਰੂਪ ਲੈ ਲੈਂਦੀ ਹੈ। ਨਸ਼ੇ ਕਰਨ ਵਾਲਾ ਇਨਸਾਨ ਇਸ ਆਦਤ ਤੋਂ ਖੁਦ ਪ੍ਰੇਸ਼ਾਨ ਹੋਣ ਤੋਂ ਇਲਾਵਾ ਆਪਣੇ ਆਲੇ-ਦੁਆਲੇ ਅਤੇ ਪਰਿਵਾਰ ਨੂੰ ਵੀ ਪ੍ਰੇਸ਼ਾਨ ਕਰਦਾ ਹੈ। ਪਹਿਲਾਂ ਤਾਂ ਨਸ਼ਿਆਂ ਦੀ ਵਰਤੋਂ ਸਿਰਫ ਮਰਦਾਂ ਵੱਲੋਂ ਹੀ ਕੀਤੀ ਜਾਂਦੀ ਸੀ ਪਰ ਹੁਣ ਔਰਤਾਂ ਵੀ ਵੱਖ-ਵੱਖ ਨਸ਼ਿਆਂ ਦੀ ਵਰਤੋਂ ਕਰ ਰਹੀਆਂ ਹਨ। ਅੱਜ-ਕੱਲ੍ਹ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਨਸ਼ੇ ਉਪਲੱਬਧ ਹਨ। ਹਰ ਇਨਸਾਨ, ਜੋ ਕਿ ਨਸ਼ੇ ਦਾ ਆਦੀ ਹੈ, ਆਪਣੀ ਆਰਥਿਕ ਹਾਲਤ ਅਨੁਸਾਰ ਸਸਤੇ ਜਾਂ ਮਹਿੰਗੇ ਨਸ਼ਿਆਂ ਦੀ ਵਰਤੋਂ ਕਰਦਾ ਹੈ। ਕੋਈ ਵਿਅਕਤੀ ਕਿਸ ਕਿਸਮ ਦਾ ਨਸ਼ਾ ਕਰਦਾ ਹੈ ਉਸ ਅਨੁਸਾਰ ਹੀ ਉਸ ਦੇ ਸਰੀਰ ’ਤੇ ਪ੍ਰਭਾਵ ਪੈਂਦਾ ਹੈ। ਨਸ਼ੇ ਦੋ ਤਰ੍ਹਾਂ ਦੇ ਹੁੰਦੇ ਹਨ ਕੁਦਰਤੀ ਅਤੇ ਸਿੰਥੈਟਿਕ ਨਸ਼ੇ।

ਜੋ ਨਸ਼ੇ ਸਾਨੂੰ ਪੌਦਿਆਂ ਜਾਂ ਹੋਰ ਕੁਦਰਤੀ ਵਸਤੂਆਂ ਤੋਂ ਮਿਲਦੇ ਹਨ ਉਹ ਕੁਦਰਤੀ ਨਸ਼ੇ ਹਨ। ਇਸ ਦੇ ਉਲਟ ਜੋ ਨਸ਼ੇ ਫੈਕਟਰੀਆਂ ਵਿੱਚ ਮਨੁੱਖਾਂ ਦੁਆਰਾ ਤਿਆਰ ਕੀਤੇ ਜਾਂਦੇ ਹਨ ਉਹ ਸਿੰਥੈਟਿਕ ਨਸ਼ੇ ਅਖਵਾਉਂਦੇ ਹਨ। ਕੁਦਰਤੀ ਨਸ਼ਿਆਂ ਦੇ ਮੁਕਾਬਲੇ ਸਿੰਥੈਟਿਕ ਨਸ਼ੇ ਜ਼ਿਆਦਾ ਘਾਤਕ ਹੁੰਦੇ ਹਨ। ਇਨ੍ਹਾਂ ਦੀ ਵਧੇਰੇ ਮਾਤਰਾ ਕਈ ਵਾਰ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ। ਨਸ਼ੇ ਦਾ ਆਦੀ ਹੋਣਾ ਇੱਕ ਗੰਭੀਰ ਤੇ ਉਲਝੀ ਹੋਈ ਬਿਮਾਰੀ ਹੈ। ਸ਼ੁਰੂ ਵਿੱਚ ਨਸ਼ੇ ਦੀ ਵਰਤੋਂ ਕਰਨਾ ਇਨਸਾਨ ਦਾ ਆਪਣਾ ਫੈਸਲਾ ਹੁੰਦਾ ਹੈ ਤੇ ਬਾਅਦ ਵਿੱਚ ਨਸ਼ੇ ਦੀ ਲਗਾਤਾਰ ਵਰਤੋਂ ਕਾਰਨ ਦਿਮਾਗ ਵਿੱਚ ਤਬਦੀਲੀ ਆਉਣ ਕਰਕੇ ਇਸ ਨੂੰ ਛੱਡਣਾ ਬਹੁਤ ਔਖਾ ਹੋ ਜਾਂਦਾ ਹੈ।

ਨਸ਼ਿਆਂ ਵਿਚਲੇ ਰਸਾਇਣ ਸਾਡੇ ਨਾੜੀ ਤੰਤਰ ਨੂੰ ਪ੍ਰਭਾਵਿਤ ਕਰਦੇ ਹਨ ਤੇ ਦਿਮਾਗ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰਦੇ ਹਨ। ਹੈਰੋਇਨ ਅਤੇ ਮੈਰੀਜੁਆਨਾ ਵਿੱਚ ਕੁਝ ਅਜਿਹੇ ਰਸਾਇਣ ਹੁੰਦੇ ਹਨ ਜੋ ਸਾਡੇ ਦਿਮਾਗ ਦੁਆਰਾ ਛੱਡੇ ਗਏ ਰਸਾਇਣਾਂ ਨਾਲ ਮੇਲ ਖਾਂਦੇ ਹਨ ਅਤੇ ਇਹ ਸਮਾਨਤਾ ਸਾਡੇ ਦਿਮਾਗ ਤੋਂ ਸਰੀਰ ਨੂੰ ਗਲਤ ਸੰਦੇਸ਼ ਵੀ ਦੁਆ ਸਕਦੀ ਹੈ। ਲੰਬੇ ਸਮੇਂ ਤੱਕ ਨਸ਼ੇ ਕਰਦੇ ਰਹਿਣ ਕਰਕੇ ਦਿਮਾਗ ਦਾ ਰਸਾਇਣ ਸਿਸਟਮ ਬਦਲ ਜਾਂਦਾ ਹੈ। ਗਲੂਟਾਮੇਟ ਇੱਕ ਅਜਿਹਾ ਨਿਊਰੋ ਰਸਾਇਣ ਹੈ ਜੋ ਕਿ ਸਾਡੀ ਸਿੱਖਣ ਦੀ ਸ਼ਕਤੀ ਵਿੱਚ ਸਹਾਈ ਹੁੰਦਾ ਹੈ।

ਨਸ਼ੇ ਵਿਚਲੇ ਰਸਾਇਣ ਗਲੂਟਾਮੇਟ ਦੀ ਮਾਤਰਾ ਨੂੰ ਪ੍ਰਭਾਵਿਤ ਕਰਦੇ ਹਨ। ਇਸ ਕਰਕੇ ਦਿਮਾਗ ਤੋਂ ਹੋਣ ਵਾਲੀਆਂ ਆਮ ਕਿਰਿਆਵਾਂ ਪ੍ਰਭਾਵਿਤ ਹੁੰਦੀਆ ਹਨ ਜਿਵੇਂ ਫੈਸਲਾ ਲੈਣ ਦੀ ਸ਼ਕਤੀ, ਯਾਦਸ਼ਕਤੀ, ਸਾਡੇ ਵਿਚਾਰਾਂ ’ਤੇ ਕੰਟਰੋਲ ਅਤੇ ਕੁਝ ਨਵਾਂ ਕਰਨਾ ਅਤੇ ਸਿੱਖਣਾ ਪ੍ਰਭਾਵਿਤ ਹੁੰਦੇ ਹਨ। ਸ਼ਰਾਬ ਸਾਡੇ ਪਿੱਤੇ ਨੂੰ ਪ੍ਰਭਾਵਿਤ ਕਰਦੀ ਹੈ ਪਰ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਸਾਡਾ ਸਰੀਰ ਕਿੰਨਾ ਕੁ ਤੰਦਰੁਸਤ ਹੈ। ਸਿਗਰਟ ਦੀ ਵਰਤੋਂ ਫੇਫੜਿਆਂ ਦੇ ਕੈਂਸਰ ਦਾ ਕਾਰਨ ਵੀ ਬਣਦੀ ਹੈ। ਜਿਨ੍ਹਾਂ ਮਰੀਜਾਂ ਨੂੰ ਦਮੇ ਦੀ ਸ਼ਿਕਾਇਤ ਹੈ ਉਨ੍ਹਾਂ ਲਈ ਤਾਂ ਇਹ ਹੋਰ ਵੀ ਹਾਨੀਕਾਰਕ ਹੋ ਸਕਦੀ ਹੈ।

ਇਹ ਵੀ ਜ਼ਰੂਰੀ ਨਹੀਂ ਕਿ ਨਸ਼ਾ ਸਿਰਫ ਉਹ ਪਦਾਰਥ ਹੋਵੇ ਜੋ ਕਿਸੇ ਵੀ ਰੂਪ ਜਾਂ ਤਰੀਕੇ ਨਾਲ ਲਿਆ ਜਾਵੇ ਬਲਕਿ ਨਸ਼ਾ ਉਹ ਹਰ ਚੀਜ਼ ਦਾ ਹੁੰਦਾ ਹੈ ਜੋ ਜ਼ਰੂਰਤ ਤੋਂ ਜ਼ਿਆਦਾ ਹੋਵੇ। ਧਨ-ਦੌਲਤ ਦਾ ਨਸ਼ਾ, ਸ਼ੋਹਰਤ ਦਾ ਨਸ਼ਾ, ਲਾਲਚ ਅਤੇ ਕਿਸੇ ਦੀ ਨਿੰਦਿਆ-ਚੁਗਲੀ ਕਰਨਾ ਵੀ ਜੇ ਜ਼ਰੂਰਤ ਤੋਂ ਜ਼ਿਆਦਾ ਹੋਵੇ ਤਾਂ ਇਹ ਵੀ ਇੱਕ ਕਿਸਮ ਦਾ ਨਸ਼ਾ ਹੀ ਹੈ।

ਉੱਪਰ ਲਿਖੀਆਂ ਗੱਲਾਂ ਜੇ ਜਰੂਰਤ ਤੋਂ ਜ਼ਿਆਦਾ ਹੋਣ ਤਾਂ ਇਹ ਮਾਨਸਿਕ ਰੋਗ ਬਣ ਕੇ ਸਾਡੀ ਸਿਹਤ ਨੂੰ ਖਰਾਬ ਕਰਦੀਆਂ ਹਨ। ਮਨੁੱਖ ਆਪਣੇ ਮਾਨਸਿਕ ਖਲਾਅ ਨੂੰ ਪੂਰਾ ਕਰਨ ਲਈ ਨਸ਼ਿਆਂ ਦੀ ਵਰਤੋਂ ਕਰਦਾ ਹੈ। ਇਨ੍ਹਾਂ ਦੀ ਵਰਤੋਂ ਕਰਕੇ ਮਨੁੱਖ ਆਪਣੀ ਅਸਲ ਜ਼ਿੰਦਗੀ ਤੋਂ ਭੱਜਦਾ ਹੈ ਪਰ ਨਸ਼ਿਆਂ ਦੀ ਵਰਤੋਂ ਕਰਕੇ ਉਸ ਦੀ ਜ਼ਿੰਦਗੀ ਹੋਰ ਵੀ ਖਰਾਬ ਹੋ ਜਾਂਦੀ ਹੈ। ਅਜਿਹੇ ਵਿਅਕਤੀਆਂ ਨੂੰ ਪਿਆਰ ਨਾਲ ਸਮਝਾ ਕੇ ਉਨ੍ਹਾਂ ਦਾ ਜ਼ਿੰਦਗੀ ਪ੍ਰਤੀ ਹਾਂ-ਪੱਖੀ ਰਵੱਈਆ ਦੁਬਾਰਾ ਤੋਂ ਜਗਾਇਆ ਜਾ ਸਕਦਾ ਹੈ। ਕਈ ਵਿਅਕਤੀ ਤਾਂ ਪਿਆਰ ਨਾਲ ਸਮਝਾਉਣ ’ਤੇ ਆਪਣੇ ਆਤਮਬਲ ਨਾਲ ਨਸ਼ਾ ਛੱਡ ਵੀ ਦਿੰਦੇ ਹਨ ਪਰ ਕਈਆਂ ਉੱਤੇ ਸਮਝਾਉਣ ਦਾ ਕੋਈ ਅਸਰ ਨਹੀਂ ਹੁੰਦਾ।

ਅਜਿਹੇ ਵਿਅਕਤੀ ਨਸ਼ੇ ਦੀ ਪੂਰਤੀ ਲਈ ਘਰ ਵਿੱਚ ਕਲੇਸ਼ ਕਰਦੇ ਹਨ ਅਤੇ ਚੋਰੀਆਂ ਕਰਦੇ ਹਨ ਜਿਸ ਨਾਲ ਘਰ ਦਾ ਮਾਹੌਲ ਪ੍ਰਭਾਵਿਤ ਹੁੰਦਾ ਹੈ। ਨਸ਼ੇ ਕਰਨ ਵਾਲੇ ਵਿਅਕਤੀ ਦਾ ਸਮਾਜਿਕ ਕਿਰਦਾਰ ਵੀ ਨੀਵਾਂ ਹੋ ਜਾਂਦਾ ਹੈ। ਅਜਿਹੇ ਵਿਅਕਤੀ ਦੇ ਇਲਾਜ ਲਈ ਹੋਮਿਓਪੈਥੀ ਵਿਧੀ ਨਾਲ ਉਸ ਦੀ ਮਾਨਸਿਕ ਅਵਸਥਾ ਨੂੰ ਸਮਝਿਆ ਜਾਂਦਾ ਹੈ। ਉਸ ਦੇ ਨਸ਼ੇ ਕਰਨ ਦੇ ਕਾਰਨ ਨੂੰ ਗਹਿਰਾਈ ਵਿੱਚ ਸਮਝ ਕੇ ਸਬੰਧਿਤ ਵਿਅਕਤੀ ਦੇ ਮਨ ਵਿੱਚ ਆਏ ਮਾਨਸਿਕ ਖਲਾਅ ਨੂੰ ਪੂਰਾ ਕਰਕੇ ਉਸ ਦੀ ਨਸ਼ਿਆਂ ਪ੍ਰਤੀ ਰੁਚੀ ਨੂੰ ਖਤਮ ਜਾ ਸਕਦਾ ਹੈ। ਨਸ਼ਿਆਂ ਦੀ ਵਰਤੋਂ ਨਾਲ ਸਰੀਰ ’ਤੇ ਪਏ ਕੁਪ੍ਰਭਾਵਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਮਰੀਜ਼ ਬਿਨਾਂ ਤਕਲੀਫ ਦੇ ਨਸ਼ਾ ਛੱਡ ਦਿੰਦਾ ਹੈ ਅਤੇ ਉਸ ਦਾ ਮਨ ਇਸ ਪਾਸੇ ਤੋਂ ਹਟ ਕੇ ਚੰਗੇ ਪਾਸੇ ਵੱਲ ਲੱਗ ਜਾਂਦਾ ਹੈ।
ਬੋਹਾ, ਮਾਨਸਾ
ਡਾ. ਵਨੀਤ ਕੁਮਾਰ ਸਿੰਗਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ