ਪੰਜਾਬ ਦੇ ਭਵਿੱਖ ਲਈ ਖਤਰਾ ਵਧ ਰਹੇ ਨਸ਼ੇ 

Drugs, Dangerous, Punjab, International problem, Article

ਨਸ਼ਿਆਂ ਦੀ ਵਧ ਰਹੀ ਆਮਦ ਕਿਸੇ ਇੱਕ ਦੇਸ਼ ਦੀ ਸਮੱਸਿਆ ਨਹੀਂ ਸਗੋਂ ਇਹ ਤਾਂ ਅੰਤਰਰਾਸ਼ਟਰੀ ਸਮੱਸਿਆ ਬਣੀ ਹੋਈ ਹੈ ਅਮਰੀਕਾ ਵਰਗੇ ਵਿਕਸਿਤ ਦੇਸ਼ ਵੀ ਅੱਜ ਨਸ਼ਿਆਂ ਦੀ ਸਮੱਸਿਆ ਦੇ ਖਾਤਮੇ ਲਈ ਕੋਈ ਪੱਕਾ ਹੱਲ ਨਹੀਂ ਕਰ ਸਕੇ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ  ਪੰਜਾਬ ਵਿੱਚ ਵੱਡੇ ਪੱਧਰ ‘ਤੇ ਨਸ਼ੇ ਦੀ ਵਰਤੋਂ ਤੇ ਤਸਕਰੀ ਕੀਤੀ ਜਾ ਰਹੀ ਹੈ ਜਿਸ ਕਾਰਨ ਹੀ ਪੰਜਾਬ ਦੀ ਤਰੱਕੀ ਦਾ ਪੱਧਰ ਥੱਲੇ ਡਿੱਗ ਰਿਹਾ ਹੈ

ਪੰਜਾਬ ‘ਚ ਬਾਕੀ ਸਾਰੀਆਂ ਸਮਾਜਿਕ ਸਮੱਸਿਆਵਾਂ ਤੇ ਬਿਮਾਰੀਆਂ ਵਿੱਚੋਂ ਸਭ ਤੋਂ ਪ੍ਰਮੁੱਖ ਹੈ ਵਧ ਰਹੇ ਨਸ਼ੇ ਦਾ ਰੁਝਾਨ ਸਭ ਤੋਂ ਸ਼ਰਮਨਾਕ ਗੱਲ ਅੱਜ ਇਹ ਹੈ ਕਿ ਪੰਜਾਬ ‘ਚ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਨਾਲ-ਨਾਲ  ਸਕੂਲਾਂ ਦੇ ਵਿਦਿਆਰਥੀ ਵੀ ਨਸ਼ੇ ਦੀ ਜਕੜ ‘ਚ ਆ ਰਹੇ ਹਨ ਵੱਡੀ ਗਿਣਤੀ ਨੌਜਵਾਨ ਅੱਜ ਨਸ਼ਿਆਂ ਦੀ ਵਰਤੋਂ ਕਰ ਰਹੇ ਹਨ ਜਿਨ੍ਹਾਂ ‘ਚੋਂ ਜ਼ਿਆਦਾਤਰ ਬੇਰੁਜ਼ਗਾਰ, ਅਨਪੜ੍ਹ, ਸਕੂਲੀ ਵਿਦਿਆਰਥੀ ਹਨ ਵਧ ਰਹੇ ਨਸ਼ੇ ਕਾਰਨ ਪੰਜਾਬ ਲਗਾਤਾਰ ਚਰਚਾ ਵਿਚ ਵੀ ਚੱਲ ਰਿਹਾ ਹੈ

ਸਰਕਾਰਾਂ ਵੱਲੋਂ ਵਧ ਰਹੇ ਨਸ਼ੇ ਦੀ ਆਮਦ ਨੂੰ ਰੋਕਣ ਲਈ ਕਾਨੂੰਨ ਸਖ਼ਤੀ ਨਾਲ ਲਾਗੂ ਕਰਨ ਤੋਂ ਬਾਦ ਵੀ ਗੈਰ ਕਾਨੂੰਨੀ ਢੰਗ ਨਾਲ ਨਸ਼ਿਆਂ ਦਾ ਸਥਾਨਕ ਪੁਲਿਸ ਤੇ ਸਰਹੱਦਾਂ ‘ਤੇ ਫੌਜ ਵੱਲੋਂ ਵੱਡੀ ਮਾਤਰਾ ‘ਚ ਫੜਿਆ ਜਾਣਾ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲੀਆ ਨਿਸ਼ਾਨ ਲਾਉਂਦਾ ਹੈ ਪੰਜਾਬ ਵਿੱਚ ਅੱਜ ਦੋ ਕਿਸਮ ਦੇ ਨਸ਼ਿਆਂ ਦਾ ਸੇਵਨ ਪੂਰੇ ਜੋਰਾਂ ‘ਤੇ ਹੈ ਪਹਿਲੇ ਹਨ ਕੁਦਰਤੀ ਭਾਵ ਬਨਸਪਤੀ ਵਿੱਚੋਂ ਮਿਲਣ ਵਾਲੇ ਨਸ਼ੇ ਜਿਵੇਂ ਭੰਗ, ਅਫੀਮ, ਡੋਡੇ, ਗਾਂਜਾ ਆਦਿ ਦੂਜੀ ਕਿਸਮ ਹੈ

ਬਨਾਵਟੀ ਨਸ਼ੇ ਜੋ ਕਿ ਇਨਸਾਨਾਂ ਵੱਲੋਂ ਵੱਖ-ਵੱਖ ਪਦਾਰਥਾਂ ਦੀ ਮਿਲਾਵਟ ਤੋਂ ਤਿਆਰ ਕੀਤੇ ਜਾਂਦੇ ਹਨ ਜਿਵੇਂ ਸ਼ਰਾਬ, ਚਿੱਟਾ, ਸਮੈਕ, ਹੈਰੋਇਨ, ਗੋਲੀਆਂ, ਟੀਕੇ, ਪੀਣ ਵਾਲੀਆਂ ਦਵਾਈਆਂ ਆਦਿ ਦੋਵੇਂ ਤਰ੍ਹਾਂ ਦੇ ਨਸ਼ਿਆਂ ਦਾ ਸੇਵਨ ਅੱਜ ਸਾਡੀ ਨੌਜ਼ਵਾਨ ਪੀੜ੍ਹੀ ਨੂੰ ਮੌਤ ਦੇ ਖੂਹ ਵਿੱਚ ਧਕੇਲ ਰਿਹਾ ਹੈ ਨਸ਼ੀਲੇ ਟੀਕਿਆਂ ਦੀ ਵਰਤੋਂ ਸਮੇਂ ਇੱਕੋ ਸਰਿੰਜ ਵਰਤਣ ਨਾਲ ਏਡਜ਼ ਤੋਂ ਇਲਾਵਾ ਹੋਰ ਵੀ ਖਤਰਨਾਕ ਬਿਮਾਰੀਆਂ ਨਸ਼ੇੜੀ ਨੌਜਵਾਨਾਂ ਤੋਂ ਉਨ੍ਹਾਂ ਦੀਆਂ ਘਰ ਵਾਲੀਆਂ ਅਤੇ ਨਵ ਜੰਮੇ ਬੱਚਿਆਂ ਤੱਕ ਵੀ ਪਹੁੰਚ ਰਹੀਆਂ ਹਨ

ਅੱਜ ਨਸ਼ੇ ਵਿੱਚ ਗ੍ਰਸਤ ਨੌਜਵਾਨਾਂ ਵੱਲੋਂ ਨਸ਼ਿਆਂ ਦੀ ਜ਼ਿਆਦਾ ਵਰਤੋਂ ਕਰਨ ਦੇ ਕਈ ਕਾਰਨ ਕਹੇ ਜਾ ਸਕਦੇ ਹਨ ਜਿਸ ਤਰ੍ਹਾਂ ਪੜ੍ਹਾਈ ਤੋਂ ਬਾਦ ਰੁਜ਼ਗਾਰ ਨਾ ਮਿਲਣਾ, ਕਿਸੇ ਕੰਮ ‘ਚ ਹਾਰ ਜਾਣਾ, ਮਾੜੀ ਆਰਥਿਕ ਹਾਲਤ, ਸਿਰ ‘ਤੇ ਵਧ ਕਰਜ਼ੇ ਦਾ ਭਾਰ, ਤਣਾਅ ਜਾਂ ਕੋਈ ਸਰੀਰਕ ਜਾਂ ਮਾਨਸਿਕ ਦੁੱਖ ਨੂੰ ਦੂਰ ਕਰਨ ਲਈ, ਪੱਛਮੀ ਸੱਭਿਅਤਾ ਦਾ ਪ੍ਰਭਾਵ ਆਦਿ

ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਕਾਰਨ ਹਨ ਸਭ ਤੋਂ ਵੱਡਾ ਜੋ ਮੁੱਖ ਕਾਰਨ ਹੈ ਉਹ ਹੈ ਦੇਖੋ ਦੇਖੀ ਜਾਂ ਫਿਰ ਸ਼ੁਗਲ-ਸ਼ੁਗਲ ਵਿੱਚ ਦੋਸਤਾਂ-ਮਿੱਤਰਾਂ ਤੋਂ ਨਸ਼ੇ ਤੋਂ ਸ਼ੁਰੂਆਤ ਕਰਨੀ ਜੋ ਕਿ ਬਾਦ ‘ਚ ਇੱਕ ਪੱਕੀ ਆਦਤ ਬਣ ਜਾਂਦੇ ਹਨ ਅੱਜ 15 ਸਾਲ ਤੋਂ ਘੱਟ ਉਮਰ ਵਾਲੇ ਨਸ਼ੇੜੀਆਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ  ਚਿੰਤਾ ਦਾ ਵਿਸ਼ਾ ਹੈ ਸਮੈਕ ਤੇ ਚਿੱਟੇ ਦੀ ਲਗਾਤਾਰ ਵਧ ਰਹੀ ਆਮਦ, ਜੋਕਿ ਸਭ ਤੋਂ ਜ਼ਿਆਦਾ ਮਾਰੂ ਨਸ਼ਾ ਹੈ ਸਮੈਕ ਨੂੰ ਕਾਫ਼ੀ ਪਦਾਰਥਾਂ ਤੇ ਰਸਾਇਣਾਂ ਨੂੰ ਮਿਲਾ ਕੇ ਫੈਕਟਰੀਆਂ ‘ਚ ਤਿਆਰ ਕੀਤਾ ਜਾਂਦਾ ਹੈ ਇਸ ਦਾ ਅਸਰ ਬਾਕੀ ਨਸ਼ਿਆਂ ਨਾਲੋਂ ਜ਼ਿਆਦਾ ਹੋਣ ਕਾਰਨ ਦਿਮਾਗ ਨੂੰ ਸੁੰਨ ਕਰ ਦਿੰਦੀ ਹੈ

90 ਫੀਸਦੀ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਸ਼ੇ ਦੀ ਲਤ ਆਪਣੇ ਦੋਸਤਾਂ ਮਿੱਤਰਾਂ ਤੋਂ ਸ਼ੁਗਲ ਮੇਲਾ ਕਰਨ ‘ਚ ਅਤੇ ਹੋਰਾਂ ਨੂੰ ਦੇਖੋ ਦੇਖੀ ਲੱਗੀ ਜੋ ਕਿ ਅੱਜ ਮੌਤ ਦਾ ਕਾਰਨ ਬਣ ਰਹੀ ਹੈ ਸੂਬੇ ‘ਚ ਲਗਾਤਾਰ ਵਧ ਰਹੇ ਜ਼ੁਲਮਾਂ ਨੂੰ ਵੀ ਜ਼ਿਆਦਾਤਰ ਨਸ਼ੇੜੀ ਨੌਜਵਾਨਾਂ ਵੱਲੋਂ ਹੀ ਅੰਜ਼ਾਮ ਦਿੱਤਾ ਜਾਂਦਾ ਹੈ ਕਿਉਂਕਿ ਘਰੋਂ ਨਸ਼ੇ ਲਈ ਖਰਚਾ ਨਾ ਮਿਲਣ ਕਾਰਨ ਅਜਿਹੇ ਨੌਜਵਾਨਾਂ ਵੱਲੋਂ ਆਪਣੀ ਨਸ਼ੇ ਦੀ ਪੂਰਤੀ ਲਈ ਲੁੱਟਖੋਹ, ਚੋਰੀ, ਡਾਕਾ, ਕਤਲਾਂ ਤੋਂ ਇਲਾਵਾ ਹੋਰ ਵੀ ਵੱਡੇ ਅਪਰਾਧ ਕੀਤੇ ਜਾਂਦੇ ਹਨ

ਨਸ਼ੇ ਆਸਾਨੀ ਨਾਲ ਮਿਲਣ ਕਾਰਨ ਹੀ ਪੰਜਾਬ ‘ਚ ਮੁੰਡਿਆਂ ਦੇ ਨਾਲ-ਨਾਲ ਵੱਡੀ ਗਿਣਤੀ ‘ਚ ਕੁੜੀਆਂ ਵੀ ਨਸ਼ਿਆਂ ‘ਚ ਗ੍ਰਸਤ ਹੋ ਰਹੀਆਂ ਹਨ ਸਿਗਰਟਨੋਸ਼ੀ ਤੇ ਸ਼ਰਾਬ ਜੋ ਕਿ ਕੈਂਸਰ ਤੋਂ ਬਿਨਾ ਹੋਰ ਬਹੁਤ ਭਿਆਨਕ ਬਿਮਾਰੀਆਂ ਦੇ ਕਾਰਨ ਬਣਦੇ ਹਨ ਅੱਜ ਫੈਸ਼ਨਪ੍ਰਸਤੀ ਬਣ ਗਏ ਹਨ ਪੱਛਮੀ ਸੱਭਿਅਤਾ ਦਾ ਪ੍ਰਭਾਵ ਵਧਣ ਕਾਰਨ ਤੇ ਸੰਚਾਰ ਦੇ ਸਾਧਨ ਵਧ ਜਾਣ ਨਾਲ ਪੰਜਾਬ ਦੀਆਂ ਮੁਟਿਆਰਾਂ ਸਿਗਰਟ ਤੇ ਸ਼ਰਾਬ ਦੀ ਵਰਤੋਂ ਕਰਨ ਲੱਗ ਪਈਆਂ ਹਨ ਨੇੜੇ-ਤੇੜੇ ਦੇ ਹੋਰ ਰਾਜਾਂ ਨਾਲੋਂ ਪੰਜਾਬ ‘ਚ ਸ਼ਰਾਬ ਦੀ ਸਭ ਤੋਂ ਜ਼ਿਆਦਾ ਵਿਕਰੀ ਹੋਣਾ ਇੱਕ ਚਿੰਤਾਜਨਕ ਗੱਲ ਹੈ

ਅੱਜ ਪੰਜਾਬ ‘ਚ ਲਾਇਬਰੇਰੀਆਂ, ਸਕੂਲ, ਹੋਰ ਸਹਾਇਤਾ ਸੰਸਥਾਵਾਂ ਐਨੀ ਤੇਜੀ ਨਾਲ ਵਿਕਸਿਤ ਨਹੀਂ ਹੋ ਰਹੀਆਂ ਜਿੰਨੇ ਕਿ ਸ਼ਰਾਬ ਦੇ ਠੇਕੇ ਅੱਜ ਹਰ ਪਿੰਡ ਸ਼ਹਿਰ ਦੇ ਮੋੜ ‘ਤੇ ਸ਼ਰਾਬ ਦੇ ਠੇਕੇ ਖੁੱਲ੍ਹ ਗਏ ਹਨ ਪ੍ਰਸ਼ਾਸਨ ਵੱਲੋਂ ਸਕੂਲਾਂ ਕਾਲਜਾਂ ਦੇ ਨੇੜੇ ਵੀ ਸ਼ਰਾਬ ਦੇ ਠੇਕੇ ਖੋਲ੍ਹਣ ਤੋਂ ਗੁਰੇਜ ਨਹੀਂ ਕੀਤਾ ਜਾਂਦਾ ਇਸੇ ਕਾਰਨ ਹੀ ਅੱਜ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਹੜ੍ਹ ਰਹੀ ਹੈ

ਉੱਚ ਡਿਗਰੀਆਂ ਕਰਨ ਤੋਂ ਬਾਦ ਵੀ ਨੌਕਰੀ ਨਾ ਮਿਲਣਾ ਜਾਂ ਕਿਸੇ ਕਾਰਨ ਆਈ ਨਿਰਾਸ਼ਤਾ ਨੂੰ ਦੂਰ ਕਰਕੇ ਝੂਠੇ ਆਨੰਦ ਨੂੰ ਮਾਨਣ ਲਈ ਨਸ਼ਿਆਂ ਦੀ ਵਰਤੋਂ ਦਾ ਸਹਾਰਾ ਲੈਣਾ ਅੱਜ ਆਮ ਗੱਲ ਹੋ ਗਈ ਹੈ ਇਨ੍ਹਾਂ ਤੋਂ ਇਲਾਵਾ ਵਧ ਰਹੇ ਨਸ਼ੇ ਵਿੱਚ ਕਈ ਮਾਪਿਆਂ ਦਾ ਵੀ  ਕਸੂਰ ਹੈ ਜਿਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਪੂਰੀ ਆਜ਼ਾਦੀ ਦਿੱਤੀ ਜਾਂਦੀ ਹੈ ਦੋਸਤਾਂ ਨਾਲ ਪੂਰੀ ਰਾਤ ਘਰੋਂ ਬਾਹਰ ਰਹਿਣ ਦਾ ਕਾਰਨ ਨਹੀਂ ਪੁੱਛਿਆ ਜਾਂਦਾ ਬੱਚਿਆਂ ਨੂੰ ਹੱਦ ਤੋਂ ਜ਼ਿਆਦਾ ਖੁੱਲ੍ਹਾ ਖਰਚਾ ਦੇਣਾ ਤੇ ਖਰਚਣ ਦਾ ਹਿਸਾਬ ਨਾ ਮੰਗਣਾ ਅਤੇ ਬੱਚੇ ਨੂੰ ਗਲ਼ਤ ਰਾਹ ਪੈਣ ਤੋਂ ਬਾਦ ਵੀ ਸਖ਼ਤਾਈ ਨਾ ਵਰਤਣਾ

ਸਿਰਫ਼ ਜੇਲ੍ਹਾਂ ਜਾਂ ਸਜਾ ਹੀ ਨਸ਼ੇ ਨੂੰ ਖਤਮ ਨਹੀਂ ਕਰ ਸਕਦੀਆਂ ਸਗੋਂ ਨਸ਼ੇ ਵਿੱਚ ਗ੍ਰਸਤ ਨੌਜਵਾਨਾਂ ਦੇ ਨਸ਼ਾ ਕਰਨ ਦੇ ਮੂਲ ਕਾਰਨਾਂ ਨੂੰ ਲੱਭ ਕੇ ਉਨ੍ਹਾਂ ਕਾਰਨਾਂ ਦਾ ਹੱਲ ਕਰਕੇ ਨਸ਼ੇ ਦੇ ਵਧ ਰਹੇ ਰੁਝਾਨ ਨੂੰ ਨੱਥ ਪਾਈ ਜਾ ਸਕਦੀ ਹੈ ਨੌਜਵਾਨਾਂ ਵਿੱਚ ਨਸ਼ੇ ਦੀ ਆਦਤ ਦੇ ਵਧਣ ‘ਚ ਕਿਸੇ ਇੱਕ ਪੱਖ ਦਾ ਕਸੂਰ ਨਹੀਂ ਹੈ ਸਗੋਂ ਇਸ ਵਿੱਚ ਸਭ ਦਾ ਬਰਾਬਰ ਕਸੂਰ ਹੈ ਮਾਪਿਆਂ ਦਾ, ਖੁਦ ਨੌਜਵਾਨਾਂ ਦਾ, ਸਮਾਜ ਅਤੇ ਪ੍ਰਸ਼ਾਸਨ ਦਾ ਵੀ

ਜੇ ਅੱਜ ਅਸੀਂ ਪੰਜਾਬ ‘ਚੋਂ ਨਸ਼ੇ ਮੁਕੰਮਲ ਤੌਰ ‘ਤੇ ਖਤਮ ਕਰਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਿਹਤਮੰਦ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰੰ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪਵੇਗੀ ਛੋਟੀ ਉਮਰ ਤੋਂ ਹੀ  ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਜ਼ਿਆਦਾ ਤੋਂ ਜ਼ਿਆਦਾ ਨਸ਼ਿਆਂ ਦੇ ਵਿਰੁੱਧ ਪ੍ਰਚਾਰ ਕਰਨਾ ਚਾਹੀਦਾ ਹੈ ਪੰਜਾਬ ‘ਚ ਵਧ ਰਹੀ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਸਰਕਾਰਾਂ ਨੂੰ ਪੂਰੀ ਸਖ਼ਤੀ ਤੇ ਇਮਾਨਦਾਰੀ ਤੋਂ ਕੰਮ ਲੈਣਾ ਪਵੇਗਾ ਨਸ਼ੇ ਦੇ ਹੋ ਰਹੇ ਪ੍ਰਚਾਰ ਨੂੰ ਬੰਦ ਕੀਤਾ ਜਾਵੇ

ਭਾਵੇਂ ਉਹ ਟੀ.ਵੀ ਰਾਹੀਂ ਹੋ ਰਿਹਾ ਹੈ ਜਾਂ ਫਿਰ ਪੋਸਟਰਾਂ ਜਾਂ ਫਲੈਕਸਾਂ ਰਾਹੀਂ ਇਸ ਤੋਂ ਇਲਾਵਾ ਜੋ ਪੰਜਾਬ ਵਿੱਚ ਨਸ਼ਿਆਂ ਦੀ ਨਜਾਇਜ਼ ਵਿਕਰੀ ਹੋ ਰਹੀ ਹੈ ਉਸ ‘ਤੇ ਸਖ਼ਤੀ ਕੀਤੀ ਜਾਵੇ ਸੋ ਲੋੜ ਹੈ

ਅੱਜ ਸਭ ਨੂੰ ਜਾਗਰੂਕ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਜੇ ਅਸੀਂ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਅੱਜ ਇਹ ਸਮੱਸਿਆ ਹੋਰਾਂ ਦੇ ਘਰਾਂ ਦੇ ਚਿਰਾਗ ਬੁਝਾ ਰਹੀ ਹੈ ਕੱਲ੍ਹ ਨੂੰ ਸਾਡੇ ਘਰ ਆ ਕੇ ਖਤਰੇ ਦੀ ਘੰਟੀ ਬਣ ਸਕਦੀ ਹੈ

ਭੁਪਿੰਦਰਵੀਰ ਸਿੰਘ, ਪਟਿਆਲਾ 
ਮੋ:9914957073

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।