ਨਵੀਂ ਪਨੀਰੀ ਦੇ ਬੱਚਿਆਂ ‘ਚ ਵਧਦਾ ਨਸ਼ੇ ਦਾ ਰੁਝਾਨ ਚਿੰਤਾ ਦਾ ਵਿਸ਼ਾ

Drug, Trend, Panini, Children, Matter, Concern

ਗੁਰਵਿੰਦਰ ਗੰਢੂਆ

ਨਸ਼ਾ ਇੱਕ ਅਜਿਹਾ ਜ਼ਹਿਰੀਲਾ ਤੇ ਨਸ਼ੀਲਾ ਪਦਾਰਥ ਹੁੰਦਾ ਹੈ ਜੋ ਮਨੁੱਖੀ ਸਿਹਤ ਲਈ ਬੇਹੱਦ ਘਾਤਕ ਹੈ ਇਹ ਦਿਮਾਗ ਦੇ ਨਾੜੀ ਤੰਤਰ ਨੂੰ ਨਸ਼ਟ ਕਰਕੇ ਮਨੁੱਖ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ, ਬੁੱਧੀਹੀਣ, ਦਿਮਾਗ ਦੀ ਸਰੀਰ ‘ਤੇ ਕੰਟਰੋਲ ਦੀ ਸ਼ਕਤੀ ਘਟਾਉਣ ਦਾ ਕਾਰਨ ਬਣਦਾ ਹੈ। ਇਹ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਜ਼ਿੰਦਗੀ ਨੂੰ ਨਿੰਦਣਯੋਗ ਬਣਾ ਛੱਡਦਾ ਹੈ। ਨਸ਼ਾ ਬੇਲੋੜੀ ਉਕਸਾਹਟ ਪੈਦਾ ਕਰਕੇ ਵਕਤੀ ਤੌਰ ‘ਤੇ ਬੰਦੇ ਨੂੰ ਝੂਠਾ ਸੁਖ ਅਤੇ ਹੁਲਾਰਾ ਦੇ ਕੇ ਨਕਲੀ ਖੁਸ਼ੀ ਦਾ ਭਰਮ ਪੈਦਾ ਕਰਦਾ ਹੈ ਇਹ ਅਣਖ, ਸਵੈਮਾਣ ਤੇ ਜ਼ਮੀਰ ਦਾ ਗਲਾ ਘੁੱਟ ਦਿੰਦਾ ਹੈ ਆਪਣੇ ਤੇ ਸਮਾਜ ਦੇ ਪਤਨ ਦਾ ਕਾਰਨ ਹੋ ਨਿੱਬੜਦਾ ਹੈ।

ਉਂਜ ਤਾਂ ਨਸ਼ੇ ਹਰੇਕ ਵਿਅਕਤੀ ਲਈ ਘਾਤਕ ਹਨ ਪਰ ਸੰਸਾਰ ਪੱਧਰ ‘ਤੇ ਵਿਦਿਆਰਥੀਆਂ ਵਿੱਚ ਵਧ ਰਿਹਾ ਨਸ਼ਿਆਂ ਦਾ ਰੁਝਾਨ ਬਹੁਤ ਹੀ ਚਿੰਤਾਜਨਕ ਹੈ ਵਿਦਿਆਰਥੀਆਂ ਵਿੱਚ ਇਹ ਰੁਝਾਨ ਗਰੇਡ 8 ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਜੋ ਗਰੇਡ 12 ਤੱਕ ਪਹੁੰਚਦੇ-ਪਹੁੰਚਦੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਆਪਣੀ ਜਕੜ ਵਿੱਚ ਲੈ ਲੈਂਦਾ ਹੈ। ਸ਼ਰਾਬ, ਭੰਗ, ਨਸ਼ੀਲੀਆਂ ਗੋਲੀਆਂ, ਚਰਸ, ਕੋਕੀਨ, ਹੈਰੋਇਨ, ਤੰਬਾਕੂ, ਡੋਡੇ, ਅਫੀਮ, ਸਮੈਕ, ਕਰੈਕਸ, ਮੈਥਾਫੀਟਾਮਾਈਨ ਅਤੇ ਹੋਰ ਪਤਾ ਨਹੀਂ ਕੀ-ਕੀ ਸਾਡੀ ਨਵੀਂ ਪੀੜ੍ਹੀ ਨੂੰ ਤਬਾਹੀ ਵੱਲ ਲਿਜਾ ਰਿਹਾ ਹੈ।

ਕਿਸੇ ਵੀ ਬਿਮਾਰੀ ਦੇ ਇਲਾਜ ਲਈ ਉਸ ਦੇ ਕਾਰਨਾਂ ਨੂੰ ਜਾਣਨਾ ਜ਼ਰੂਰੀ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਬੱਚਾ ਜੋ ਕੁਝ ਸਿੱਖਦਾ ਹੈ ਉਸ ਦਾ ਮੁੱਢ ਘਰ ਤੋਂ ਬੱਝਦਾ ਹੈ ਸਾਡੀ ਕਮਿਊਨਿਟੀ ਵਿੱਚ ਬਹੁਤ ਥੋੜ੍ਹੇ ਘਰ ਅਜਿਹੇ ਹੋਣਗੇ ਜੋ ਨਸ਼ੇ ਦੀ ਮਾਰ ਤੋਂ ਬਚੇ ਹੋਣਗੇ ਦੇਖਾ-ਦੇਖੀ ਵੱਡਿਆਂ ਦੀ ਰੀਸ ਨਾਲ ਬੱਚੇ ਵੀ ਨਸ਼ਿਆਂ ਦੀ ਵਰਤੋਂ ਕਰਨ ਲੱਗ ਪੈਂਦੇ ਹਨ ਇਸ ਤੋਂ ਬਿਨਾਂ ਰੁਝੇਵਿਆਂ ਭਰੀ ਜ਼ਿੰਦਗੀ ਹੋਣ ਕਾਰਨ ਮਾਂ-ਬਾਪ ਬੱਚਿਆਂ ਵੱਲ ਪੂਰਾ ਧਿਆਨ ਨਹੀਂ ਦੇ ਪਾਉਂਦੇ ਇਸ ਲਈ ਉਹ ਆਪਣੇ-ਆਪ ਨੂੰ ਅਣਗੌਲਿਆ ਮਹਿਸੂਸ ਕਰਨ ਲੱਗਦੇ ਹਨ ਕਈ ਵਾਰ ਇਹੀ ਗੱਲ ਉਹਨਾਂ ਨੂੰ ਨਸ਼ਿਆਂ ਵੱਲ ਧੱਕ ਦਿੰਦੀ ਹੈ ਬੱਚੇ ਵਿੱਚ ਕੋਈ ਦਿਮਾਗੀ ਉਲਝਣ ਜਾਂ ਪੜ੍ਹਾਈ ਵਿੱਚੋਂ ਕਮਜ਼ੋਰ ਹੋਣ ਕਾਰਨ ਨਿਰਾਸ਼ਤਾ ਆਉਣੀ ਵੀ ਨਸ਼ਿਆਂ ਵੱਲ ਪ੍ਰੇਰਿਤ ਹੋਣ ਦਾ ਕਾਰਨ ਬਣ ਸਕਦੀ ਹੈ।

‘ਜੈਸੀ ਸੰਗਤ ਵੈਸੀ ਰੰਗਤ’ ਇੱਕ ਆਮ ਕਹਾਵਤ ਹੈ ਪਰਿਵਾਰ ਤੋਂ ਬਾਅਦ ਬੱਚੇ ‘ਤੇ ਅਸਰ ਉਸਦੀ ਸੰਗਤ ਦਾ ਹੁੰਦਾ ਹੈ ਤੇ ਉਹ ਸਹਿਜ਼-ਸੁਭਾਅ ਹੀ ਆਪਣੇ ਦੋਸਤਾਂ-ਮਿੱਤਰਾਂ ਦੀਆਂ ਆਦਤਾਂ ਗ੍ਰਹਿਣ ਕਰ ਲੈਂਦਾ ਹੈ ਜੇ ਉਸਦੇ ਸੰਗੀਆਂ ਵਿੱਚ ਕੋਈ ਜਣਾ ਨਸ਼ਾ ਵਰਤਦਾ ਹੋਵੇ ਤਾਂ ਉਸਦੇ ਕਹਿਣ ‘ਤੇ ਜਾਂ ਉਸਦੀ ਰੀਸ ਨਾਲ ਹੀ ਉਹ ਵੀ ਨਸ਼ਾ ਵਰਤਛ ਲੱਗ ਪੈਂਦਾ ਹੈ ਤੇ ਹੌਲੀ-ਹੌਲੀ ਉਸਦਾ ਗੁਲਾਮ ਹੋ ਜਾਂਦਾ ਹੈ।

ਸੱਭਿਆਚਾਰ ਦੇ ਨਾਂਅ ‘ਤੇ ਜੋ ਗੀਤ-ਸੰਗੀਤ ਬੱਚਿਆਂ ਨੂੰ ਸੁਣਨ ਨੂੰ ਮਿਲਦਾ ਹੈ ਉਸਦਾ ਉਨ੍ਹਾਂ ਦੇ ਮਨ ‘ਤੇ ਬਹੁਤ ਅਸਰ ਪੈਂਦਾ ਹੈ ਭਾਵੇਂ ਬੱਚਿਆਂ ਨੂੰ ਪੰਜਾਬੀ ਪੜ੍ਹਨੀ, ਲਿਖਣੀ ਜਾਂ ਚੰਗੀ ਤਰ੍ਹਾਂ ਬੋਲਣੀ ਨਹੀਂ ਆਉਂਦੀ ਪਰ ਉਹ ਪੰਜਾਬੀ ਗਾਣੇ ਜ਼ਰੂਰ ਸੁਣਦੇ ਹਨ। ਜਦ ਉਹ ਨਸ਼ਿਆਂ ਨੂੰ ਪਰਮੋਟ ਕਰਦੇ ਗੀਤ ਸੁਣਦੇ ਹਨ ਤਾਂ ਨਕਲੀ ਹੀਰੋਇਜ਼ਮ ਦੀ ਭਾਵਨਾ ਤਹਿਤ ਨਸ਼ਿਆਂ ਵੱਲ ਖਿੱਚੇ ਜਾਂਦੇ ਹਨ। ਸਿਰਫ ਨਸ਼ਿਆਂ ਵੱਲ ਹੀ ਨਹੀਂ ਉਹਨਾਂ ਵਿੱਚ ਹੋਰ ਵੀ ਭੈੜੀਆਂ ਰੁਚੀਆਂ ਪੈਦਾ ਹੋਣ ਲੱਗਦੀਆਂ ਹਨ।

ਨਸ਼ਿਆਂ ਦੇ ਵਪਾਰੀ ਜਿਨ੍ਹਾਂ ਨੇ ਗੈਂਗ ਬਣਾਏ ਹੋਏ ਹਨ ਉਨ੍ਹਾਂ ਦੇ ਏਜੰਟ ਸਕੂਲਾਂ ਨੇੜੇ ਗੇੜੇ ਕੱਢਦੇ ਹਨ। ਉਹ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਅਣਭੋਲ ਵਿਦਿਆਰਥੀਆਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ ਬਹੁਤ ਹੀ ਜ਼ਿਆਦਾ ਫਿਕਰ ਵਾਲੀ ਗੱਲ ਹੈ ਕਿ ਸਕੂਲੀ ਲੜਕੀਆਂ ਵੀ ਨਸ਼ਿਆਂ ਦੀ ਜਿੱਲ੍ਹਣ ਵਿੱਚ ਫਸ ਰਹੀਆਂ ਹਨ ਚੰਗੇ ਕੰਮਾਂ ਲਈ ਮੁੰਡਿਆਂ ਦੀ ਬਰਾਬਰੀ ਕਰਨਾ ਮਾਣ ਵਾਲੀ ਗੱਲ ਹੈ ਪਰ ਨਸ਼ੇ ਵਰਗੀਆਂ ਅਲਾਮਤਾਂ ਲਈ ਬਰਾਬਰੀ ਸਾਡੇ ਸਮਾਜ ਦੇ ਮੱਥੇ ‘ਤੇ ਕਲੰਕ ਹੈ।

ਨਸ਼ਿਆਂ ਦੀ ਬਿਮਾਰੀ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਤਬਾਹੀ ਦੇ ਕੰਢੇ ‘ਤੇ ਲੈ ਆਂਦਾ ਹੈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ ਏਡਜ਼, ਕਿਡਨੀ, ਕੈਂਸਰ, ਲਿਵਰ ਤੇ ਦਿਲ ਦੀਆਂ ਬਿਮਾਰੀਆਂ ਖਤਰਾ ਬਣ ਕੇ ਮੰਡਰਾ ਰਹੀਆਂ ਹਨ ਨਸ਼ਿਆਂ ਤੇ ਇਨ੍ਹਾਂ ਬਿਮਾਰੀਆਂ ਨਾਲ ਹੱਸਦੇ-ਵੱਸਦੇ ਘਰ ਉੱਜੜ ਰਹੇ ਹਨ ਤੇ ਲੱਖਾਂ ਮਲੂਕ ਜਵਾਨੀਆਂ ਹਰ ਸਾਲ ਤਬਾਹ ਹੋ ਰਹੀਆਂ ਹਨ ਸਾਨੂੰ ਸਭ ਨੂੰ ਪਤਾ ਹੈ ਕਿ ਬੰਜਰ ਧਰਤੀ ਵਿੱਚ ਕੁੱਝ ਨਹੀਂ ਉੱਗਦਾ ਨਸ਼ੇ ਵਿਦਿਆਰਥੀਆਂ ਦੇ ਦਿਮਾਗ ਨੂੰ ਬੰਜਰ ਬਣਾ ਰਹੇ ਹਨ ਤੇ ਉਨ੍ਹਾਂ ਬੰਜਰ ਦਿਮਾਗਾਂ ਵਿੱਚ ਕੁੱਝ ਵੀ ਪੈਦਾ ਨਹੀਂ ਹੋਵੇਗਾ ਸੋਚਣ ਸ਼ਕਤੀ ਖਤਮ ਹੋਣ ‘ਤੇ ਉਹ ਕਾਸੇ ਜੋਗੇ ਨਹੀਂ ਰਹਿਣਗੇ ਵਿਦਿਆਰਥੀਆਂ ਵਿੱਚ ਫੈਲ ਰਹੇ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਮਾਪਿਆਂ, ਸਮਾਜ ਸੇਵੀ ਸੰਸਥਾਵਾਂ, ਸਿਆਸੀ ਲੀਡਰਾਂ, ਸਮਾਜਿਕ ਵਰਕਰਾਂ, ਸੂਝਵਾਨ ਲੀਡਰਾਂ ਤੇ ਧਾਰਮਿਕ ਅਦਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਨਸ਼ਿਆਂ ਦੇ ਵਪਾਰੀਆਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਉਨ੍ਹਾਂ ਦੇ ਆਪਣੇ ਬੱਚੇ ਵੀ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਣਗੇ ਤਾਂ ਉਹਨਾਂ ਦੀ ਗਲਤ ਢੰਗ ਨਾਲ ਕੀਤੀ ਕਮਾਈ ਕਿਸ ਕੰਮ ਆਵੇਗੀ।

ਜੇ ਸਕੂਲਾਂ ਵਿੱਚ ਯੂਨੀਫਾਰਮ ਲਾਜ਼ਮੀ ਹੋ ਜਾਵੇ ਤਾਂ ਨਸ਼ਿਆਂ ਵਾਲੇ ਗੈਂਗ ਦੇ ਮੈਂਬਰਾਂ ਤੇ ਵਿਦਿਆਰਥੀਆਂ ਵਿੱਚ ਨਿਖੇੜਾ ਆਸਾਨੀ ਨਾਲ ਹੋ ਸਕਦਾ ਹੈ ਤੇ ਉਹ ਸਕੂਲਾਂ ਨੇੜੇ ਗੇੜੇ ਕੱਢਦੇ ਪਛਾਣੇ ਜਾ ਸਕਣਗੇ ਨਸ਼ਿਆਂ ਦੀ ਆਸਾਨੀ ਨਾਲ ਉਪਲੱਬਧਤਾ ਵੀ ਨਸ਼ਿਆਂ ਵੱਲ ਪ੍ਰੇਰਤ ਹੋਣ ਦਾ ਕਾਰਨ ਬਣਦੀ ਹੈ ਇਸ ਲਈ ਸਰਕਾਰ ਦੁਆਰਾ ਨਸ਼ਿਆਂ ਰਾਹੀਂ ਰੈਵੈਨਿਊ ਇਕੱਠਾ ਕਰਨ ਨਾਲੋਂ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ ਨਸ਼ਿਆਂ ਵਿੱਚ ਫਸੇ ਨੌਜਵਾਨਾਂ ਦਾ ਮਾਨਸਿਕ ਤੇ ਸਰੀਰਕ ਇਲਾਜ ਕਰਾਉਣਾ ਤੇ ਹੋਰਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਗੰਭੀਰ ਉਪਰਾਲੇ ਕਰਨ ਦੀ ਲੋੜ ਹੈ ਨਹੀਂ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਧੁੰਦਲਾ ਹੀ ਨਹੀਂ, ਹਨ੍ਹੇਰੇ ਭਰਿਆ ਹੋਵੇਗਾ।

ਸੰਗਰੂਰ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here