ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼)। ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਸਥਿੱਤ ਪਿੰਡ ਖਾਈ ਫੇਮੇ ਕੀ ਨਸ਼ੇ ਕਾਰਨ ਇਲਾਕੇ ‘ਚ ਚਰਚਾ ਦਾ ਪਿੰਡ ਬਣਿਆ ਹੋਇਆ ਹੈ। ਆਏ ਦਿਨ ਪਿੰਡ ਨਾਲ ਸਬੰਧਿਤ ਕੋਈ ਨਾ ਕੋਈ ਨਸ਼ੇ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਪਿੰਡ ਦੇ ਨੌਜਵਾਨਾਂ ਵੱਲੋਂ ਇੱਕਜੁਟ ਹੋ ਕੇ ਨਸ਼ਾ ਖਤਮ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ। ਇਸ ਤੋਂ ਇਲਾਵਾ ਇਸੇ ਪਿੰਡ ਦਾ ਹੁਣ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ ਜੋ ਨਸ਼ੇ ਨਾਲ ਹੀ ਸਬੰਧਿਤ ਤੇ ਨਸ਼ੇ ਕਾਰਨ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਨੂੰ ਬਾਅਦ ‘ਚ ਇਲਾਜ ਲਈ ਮੈਡੀਕਲ ਫਰੀਦਕੋਟ ਦਾਖਲ ਕਰਵਾਉਣਾ ਪਿਆ। (Drug Traffickers)
ਇਸ ਸਬੰਧੀ ਜ਼ਖਮੀ ਨੌਜਵਾਨ ਜਰਮਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਖਾਈ ਫੇਮੇ ਕੀ ਨੇ ਦੱਸਿਆ ਕਿ ਮਿੱਠੀ ਪੁੱਤਰ ਹੀਰਾ, ਤਾਰੀ ਪੁੱਤਰ ਮਹੰਦਾ, ਸ਼ੀਬੀ ਪੁੱਤਰ ਅਨਵਰ, ਰੂਪਨ ਪੁੱਤਰ ਯੋਧਾ, ਲੱਖੀ ਪੁੱਤਰ ਅਨੂਪ ਕੌਰ, ਸਾਜਨ ਪੁੱਤਰ ਅਨੂਪ ਕੌਰ, ਅਰਜਨ ਪੁੱਤਰ ਰਾਜੂ, ਕਰਨ ਪੁੱਤਰ ਰਾਜੂ, ਰੋਤਕ ਪੁੱਤਰ ਰੂਪਾ ਤੇ ਰਵੀ ਮਹਾਜਨ ਪੁੱਤਰ ਰਘਬੀਰ ਸਿੰਘ ਵਾਸੀਅਨ ਖਾਈ ਫੇਮੇ ਕੀ ਕਥਿਤ ਤੌਰ ‘ਤੇ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ ਤੇ ਉਕਤ ਵਿਅਕਤੀ ਉਸ ‘ਤੇ ਸ਼ੱਕ ਕਰਦੇ ਸਨ ਕਿ ਉਹ ਉਨ੍ਹਾਂ ਦੀ ਮੁਖ਼ਬਰੀ ਕਰਦਾ ਹੈ। (Drug Traffickers)
ਜਰਮਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਬੀਤੀ ਰਾਤ ਕਰੀਬ 10 ਵਜੇ ਰੇਲਵੇ ਫਾਟਕ ਖਾਈ ਫੇਮੇ ਕੀ ਕੋਲ ਹਮਮਸ਼ਵਰਾ ਹੋ ਕੇ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਤੇ ਮਾਰ ਦੇਣ ਦੀ ਨੀਯਤ ਨਾਲ ਕਾਪੇ ਤੇ ਤਲਵਾਰਾਂ ਨਾਲ ਸੱਟਾਂ ਮਾਰੀਆਂ ਤੇ ਧਮਕੀਆਂ ਦਿੱਤੀਆਂ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਫਿਰੋਜ਼ਪੁਰ ਸਦਰ ਦੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਰਮਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਉਕਤ 10 ਵਿਅਕਤੀਆਂ ਖਿਲਾਫ਼ ਆਈ.ਪੀ.ਸੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Drug Traffickers)