ਡਾ. ਸੂਚ ਨੇ ਬਾਇਓਟੈਕਨਾਲੌਜੀ ਪੰਜਾਬੀ ਯੂਨੀਵਰਸਿਟੀ ਦੇ ਮੁਖੀ ਵਜੋਂ ਕਾਰਜਭਾਰ ਸੰਭਾਲਿਆ
(ਸੱਚ ਕਹੂੰ ਨਿਊਜ) ਪਟਿਆਲਾ। ਡਾ: ਬਲਵਿੰਦਰ ਸਿੰਘ ਸੂਚ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਇਓਟੈਕਨਾਲੌਜੀ ਵਿਭਾਗ ਦੇ ਮੁਖੀ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਡਾ. ਸੂਚ ਨੇ ਪੀਐਚ.ਡੀ. ਬਾਇਓਟੈਕਨਾਲੌਜੀ ਤੋਂ ਇਲਾਵਾ ਐਲ.ਐਲ.ਬੀ ਅਤੇ ਐਮ.ਬੀ.ਏ. ਦੀ ਡਿਗਰੀ ਕੀਤੀ ਹੋਈ ਹੈ। ਉਨ੍ਹਾਂ ਕੋਲ 14 ਸਾਲਾਂ ਤੋਂ ਵੱਧ ਦਾ ਅਧਿਆਪਨ ਅਤੇ ਖੋਜ ਅਨੁਭਵ ਹੈ। ਉਨ੍ਹਾਂ ਨੇ ਯੂ.ਜੀ.ਸੀ. ਅਤੇ ਡੀ.ਬੀ.ਟੀ. ਭਾਰਤ ਸਰਕਾਰ ਦੁਆਰਾ ਫੰਡ ਕੀਤੇ ਗਏ ਖੋਜ ਪ੍ਰੋਜੈਕਟ ਕੀਤੇ ਹਨ ਅਤੇ ਆਪਣੀ ਖੋਜ ਲਈ ਉਨ੍ਹਾਂ ਨੇ 5 ਪੇਟੈਂਟ ਵੀ ਪ੍ਰਾਪਤ ਕੀਤੇ ਹਨ। ਉਨ੍ਹਾਂ ਨੇ ਰਾਸਟਰੀ ਅਤੇ ਅੰਤਰਰਾਸਟਰੀ ਰਸਾਲਿਆਂ ਵਿੱਚ ਬਹੁਤ ਸਾਰੇ ਪ੍ਰਕਾਸਨ ਪ੍ਰਕਾਸਤ ਕੀਤੇ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ, ਚੰਡੀਗੜ੍ਹ ਵਿਖੇ ਛੇ ਸਾਲਾਂ ਤੱਕ ਸਾਇੰਸਦਾਨ (ਪੇਟੈਂਟ) ਵਜੋਂ ਵੀ ਕੰਮ ਕੀਤਾ ਹੈ ਅਤੇ ਉਹ ਪੇਟੈਂਟ ਦਫਤਰ ਭਾਰਤ ਸਰਕਾਰ ਦੇ ਇੱਕ ਰਜਿਸਟਰਡ ਪੇਟੈਂਟ ਅਟਾਰਨੀ ਹਨ। ਉਨ੍ਹਾਂ ਨੇ ਨੈਸਨਲ ਬਾਲ ਵਿਗਿਆਨ ਕਾਂਗਰਸ ਜੋ ਕਿ ਡੀ.ਐਸ.ਟੀ. ਭਾਰਤ ਸਰਕਾਰ ਦਾ ਇੱਕ ਪੈਨ ਇੰਡੀਆ ਪ੍ਰੋਗਰਾਮ ਹੈ, ਵਿੱਚ 10 ਸਾਲਾਂ ਤੋਂ ਵੱਧ ਸਮੇਂ ਲਈ ਸਟੇਟ ਅਕਾਦਮਿਕ ਕੋਆਰਡੀਨੇਟਰ ਵਜੋਂ ਵੀ ਸੇਵਾ ਨਿਭਾਈ ਹੈ।
ਡਾ. ਸੂਚ ਨੇ ਕਿਹਾ ਕਿ ਵਿਭਾਗ ਵਿੱਚ ਚਲ ਰਹੇ ਅਕਾਦਮਿਕ ਅਤੇ ਖੋਜ ਕਾਰਜਾਂ ਵਿੱਚ ਹੋਰ ਤੇਜੀ ਲਿਆਂਦੀ ਜਾਵੇਗੀ ਅਤੇ ਇਸ ਲਈ ਬਾਇਓਟੈਕਨਾਲੋਜੀ ਦੀਆਂ ਨਾਮੀ ਸੰਸਥਾਵਾਂ ਨਾਲ ਰਾਬਤਾ ਕਾਇਮ ਕਰਕੇ ਵਿਭਾਗ ਅਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਬੀ.ਐਸ. ਸੰਧੂ, ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਜਸਵੀਰਇੰਦਰ ਸਿੰਘ ਖੱਟਰ, ਪ੍ਰੋ. ਡੀ.ਪੀ. ਸਿੰਘ ਮੁਖੀ ਬਾਟਨੀ ਵਿਭਾਗ, ਡਾ. ਪਰਮਵੀਰ ਸਿੰਘ, ਐਨ.ਐਸ.ਐਸ. ਕੋਆਰਡੀਨੇਟਰ ਅਤੇ ਪ੍ਰੋ. ਰਾਮ ਸਰੂਪ ਸਿੰਘ ਸਾਬਕਾ ਮੁਖੀ ਅਤੇ ਡੀਨ ਲਾਈਫ ਸਾਇੰਸਜ਼ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ ਅਤੇ ਡਾ. ਸੂਚ ਨੂੰ ਮੁਖੀ ਵਿਭਾਗ ਦੇ ਅਹੁਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ