ਬੇਰੰਗੀ ਨਾ ਹੋਣ ਦੇਈਏ ਸਾਡੀ ਦੁਨੀਆ!

ਬੇਰੰਗੀ ਨਾ ਹੋਣ ਦੇਈਏ ਸਾਡੀ ਦੁਨੀਆ!

ਕੀ ਸਾਡੀ ਦੁਨੀਆ ਸੱਚਮੁੱਚ ਹੀ ਬੇਰੰਗੀ ਹੋ ਰਹੀ ਹੈ। ਸਾਡੀ ਆਪਸੀ ਰਿਸ਼ਤੇ ਖ਼ਤਮ ਹੁੰਦੇ ਜਾ ਰਹੇ ਹਨ। ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬਹੁਤ ਕੁਝ ਬਦਲ ਰਿਹਾ ਹੈ। ਇਸ ਬਦਲਾਅ ਦਾ ਸਾਨੂੰ ਬਿਲਕੁਲ ਹੀ ਅੰਦਾਜ਼ਾ ਨਹੀਂ ਹੋ ਰਿਹਾ। ਜ਼ਿੰਦਗੀ ਪਿਆਰ ਨਾਲ ਮੱਠੀ-ਮੱਠੀ ਰਫ਼ਤਾਰ ’ਚ ਤੁਰੀ ਜਾਵੇ ਤਾਂ ਇਸ ਤੋਂ ਵਧੀਆ ਹੋਰ ਕੀ ਗੱਲ ਹੋ ਸਕਦੀ ਹੈ। ਕੌਣ ਆਪਣਾ ਹੈ ਅਤੇ ਕੌਣ ਪਰਾਇਆ, ਤਮਾਮ ਉਮਰ ਇਹੀਓ ਸਮਝਣ ਵਿੱਚ ਲੱਗ ਜਾਂਦੀ ਹੈ। ਉੱਡਦੇ ਪਰਿੰਦਿਆਂ ਵਾਂਗ ਉਡਾਰੀ ਵੀ ਕਿਸਮਤ ਵਾਲੇ ਹੀ ਮਾਰਦੇ ਹਨ। ਜ਼ਿੰਦਗੀ ਦੀਆਂ ਅਜਿਹੀਆਂ ਸੱਚਾਈਆਂ ਦੇ ਪ੍ਰਤੀ ਹਰ ਇੱਕ ਦਾ ਤਜ਼ਰਬਾ ਆਪਣਾ-ਆਪਣਾ ਹੁੰਦਾ ਹੈ, ਪਰੰਤੂ ਜ਼ਿੰਦਗੀ ਦੀ ਕਿਤਾਬ ਦੇ ਪੰਨਿਆਂ ਦੇ ਵਿਚ ਰਿਸ਼ਤਿਆਂ ਦੀਆਂ ਸੱਚਾਈਆਂ ਲਗਭਗ ਇੱਕੋ-ਜਿਹੀਆਂ ਹੀ ਹੁੰਦੀਆਂ ਹਨ।

ਜਿਹੜਾ ਕੋਈ ਜ਼ਿਆਦਾ ਨੇੜੇ ਲੱਗਦਾ ਹੈ ਕਦੋਂ ਉਹ ਸਭ ਤੋਂ ਦੂਰ ਚਲਾ ਜਾਂਦਾ ਹੈ ਅਤੇ ਜਿਹੜਾ ਅੱਕ ਦੇ ਵਾਂਗ ਕੌੜਾ ਲੱਗਦਾ ਹੈ ਉਹ ਕਦੋਂ ਸ਼ਹਿਦ ਬਣ ਜਾਂਦਾ ਹੈ ਇਸ ਦਾ ਪਤਾ ਹੀ ਨਹੀਂ ਲੱਗਦਾ। ਇੱਕ ਆਮ ਕਹਾਵਤ ਪ੍ਰਚੱਲਤ ਹੈ ਕਿ ਆਪਣਾ ਮਾਰ ਕੇ ਛਾਵੇਂ ਸੁੱਟਦਾ ਹੈ ਅਤੇ ਪਰਾਇਆ ਮਾਰ ਕੇ ਧੁੱਪੇ ਸੁੱਟਦਾ ਹੈ। ਇਸ ਕਹਾਵਤ ਦਾ ਅੰਦਾਜ਼ਾ ਵੀ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉੱਠਣ ਵਾਲੇ ਖ਼ੁਸ਼ੀ ਤੇ ਗ਼ਮੀ ਦੇ ਵਰੋਲਿਆਂ ਕਰਕੇ ਜਲਦੀ ਹੀ ਹੋ ਜਾਂਦਾ ਹੈ।

ਜ਼ਿੰਦਗੀ ਵਿੱਚ ਸੁੰਗੜ ਰਹੇ ਰਿਸ਼ਤਿਆਂ ਦੇ ਫੈਲਾਅ ਦੇ ਵਿੱਚ ਸਬਰ ਅਤੇ ਸੰਤੋਖ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਸਬਰ ਅਤੇ ਸੰਤੋਖ ਤੋਂ ਬਿਨਾਂ ਕੁੜੱਤਣ ਪੈਦਾ ਹੋਣੀ ਸੁਭਾਵਿਕ ਜਿਹੀ ਗੱਲ ਹੈ। ਰੋਜ਼ਾਨਾ ਜ਼ਿੰਦਗੀ ਵਿਚ ਸਕੇ ਸਬੰਧੀਆਂ ਦੋਸਤਾਂ-ਮਿੱਤਰਾਂ ਦੇ ਸੁੱਖ ਤੇ ਦੁੱਖ ਦੇਖਦੇ ਹਾਂ। ਜਿੱਥੇ ਸੁੱਖ ਹੁੰਦੇ ਹਨ ਦੁੱਖ ਵੀ ਉੱਥੇ ਹੀ ਹੁੰਦੇ ਹਨ। ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਮੰਨੇ ਜਾਂਦੇ ਹਨ। ਜਦੋਂ ਕੰਨਾਂ ਦੇ ਕੱਚੇ ਮਰਦ ਤੇ ਔਰਤ ਬੇਗਾਨਿਆਂ ਦੀਆਂ ਗੱਲਾਂ ’ਤੇ ਯਕੀਨ ਕਰਕੇ ਆਪਣਿਆਂ ਨੂੰ ਹੀ ਵਿਸਾਰਦੇ ਹਨ ਤਾਂ ਉੱਥੇ ਹਮੇਸ਼ਾ ਹੀ ਸੁੱਖਾਂ ਨੂੰ ਪਰ੍ਹਾਂ ਸੁੱਟ ਕੇ ਦੁੱਖ ਆਪਣਾ ਘਰ ਬਣਾ ਲੈਂਦੇ ਹਨ। ਦੂਸਰਿਆਂ ਦੀਆਂ ਖ਼ੁਸ਼ੀਆਂ ਨੂੰ ਵੇਖ ਕੇ ਖ਼ੁਸ਼ ਹੋਣ ਵਾਲੇ ਬੰਦੇ ਸੱਚਮੁੱਚ ਹੀ ਮਹਾਨ ਹੁੰਦੇ ਹਨ।

ਸੁਣਿਆ ਹੈ ਜਿਉਣਾ ਝੂਠ ਹੈ ਅਤੇ ਮਰਨਾ ਸੱਚ ਪਰੰਤੂ ਉਸ ਨੂੰ ਦੇਖਣ ਦਾ ਨਜ਼ਰੀਆ ਵੀ ਹਰੇਕ ਇਨਸਾਨ ਦਾ ਆਪਣਾ-ਆਪਣਾ ਹੋ ਸਕਦਾ ਹੈ। ਜੇਕਰ ਕੋਈ ਇਨਸਾਨ ਕੁਦਰਤ ਵੱਲੋਂ ਬਖ਼ਸ਼ੇ ਇਸ ਜੀਵਨ ਨੂੰ ਹੀ ਰੱਬ ਮੰਨੇ ਤਾਂ ਉਸ ਲਈ ਜਿਉਣਾ ਸੱਚ ਤੇ ਮਰਨਾ ਝੂਠ ਹੋ ਜਾਂਦਾ ਹੈ। ਫਿਰ ਅਜਿਹੇ ਰਸਤਿਆਂ ਦੇ ਰਾਹੀਂ ਹੀ ਅਸਲ ਵਿੱਚ ਰਿਸ਼ਤਿਆਂ ਨੂੰ ਸਮਝਦੇ ਹਨ ਤੇ ਜ਼ਿੰਦਗੀ ਵਿੱਚ ਬੋਲੇ ਹਰ ਬੋਲਾਂ ਨੂੰ ਪੁਗਾਉਂਦੇ ਹਨ। ਦਾਦੇ-ਪੜਦਾਦਿਆਂ ਦੇ ਵੇਲੇ ਕੱਚੇ ਕੋਠਿਆਂ ਦੇ ਖੁੱਲ੍ਹੇ ਵਿਹੜਿਆਂ ਦੇ ਵਿੱਚ ਅਸਲ ਵਿੱਚ ਲੋਕ ਪਿਆਰ ਦਾ ਨਿੱਘ ਮਾਣਦੇ ਸਨ।

ਲੋਕਾਂ ਦੀਆਂ ਤੱਕੜੀਆਂ ਖ਼ੁਰਾਕਾਂ ਦੇ ਨਾਲ-ਨਾਲ ਤਕੜੇ ਹਾਜ਼ਮੇ ਵੀ ਹੁੰਦੇ ਸਨ। ਇਹ ਹਾਜ਼ਮੇ ਤਕੜੀਆਂ ਖ਼ੁਰਾਕਾਂ ਦੇ ਨਾਲ-ਨਾਲ ਹੀ ਕੌੜੀਆਂ ਅਤੇ ਚੁਭਵੀਆਂ ਗੱਲਾਂ ਵੀ ਹਜ਼ਮ ਕਰ ਜਾਂਦੇ ਸਨ। ਇੱਕ ਚੁੱਪ ਸੌ ਸੁੱਖ ਦੇ ਮਾਅਨੇ ਅਸਲ ਵਿੱਚ ਸਮਝੇ ਜਾਂਦੇ ਸਨ। ਟੈਲੀਫੋਨਾਂ ਦੇ ਜਨਮ ਤੋਂ ਪਹਿਲਾਂ ਰਾਤ ਦੀਆਂ ਲੜਾਈਆਂ ਸਵੇਰੇ ਉੱਠਦਿਆਂ ਹੀ ਖ਼ਤਮ ਹੋ ਜਾਂਦੀਆਂ ਸਨ।

ਅੱਜ ਨਿੱਕੇ ਜਿਹੇ ਮੋਬਾਇਲ ਫੋਨ ’ਤੇ ਕੀਤੀ ਗਈ ਨਿੱਕੀ ਜਿਹੀ ਚੁਗਲੀ ਵੀ ਰਿਸ਼ਤਿਆਂ ਦੇ ਮਹਿਲ ਨੂੰ ਪਲਾਂ-ਛਿਣਾਂ ਵਿੱਚ ਢਹਿ-ਢੇਰੀ ਕਰ ਦਿੰਦੀ ਹੈ। ਬਚਪਨ ਵਿੱਚ ਬਾਪੂ ਦੇ ਮੋਢਿਆਂ ’ਤੇ ਬੈਠ ਕੇ ਵੱਡੇ ਹੋਏ ਜੌੜੇ ਭਰਾ ਬੇਫ਼ਿਕਰੀ ਦੇ ਨਾਲ ਬਾਪੂ ਦੀ ਛਤਰ-ਛਾਇਆ ਹੇਠ ਪਲਦੇ ਅਤੇ ਜ਼ਿੰਦਗੀ ਵਿੱਚ ਤਰੱਕੀ ਕਰਦੇ ਹਨ, ਇਨ੍ਹਾਂ ਜੌੜੇ ਭਰਾਵਾਂ ਤੋਂ ਹੀ ਬਾਪੂ ਵੀ ਹਮੇਸ਼ਾ ਜ਼ਿੰਦਗੀ ਵਿੱਚ ਪਿਆਰ ਅਤੇ ਬੁਢਾਪੇ ਵਿਚ ਆਸਰੇ ਦੀ ਉਮੀਦ ਰੱਖਦਾ ਹੈ।

ਪਰੰਤੂ ਜੇਕਰ ਰੱਬ ਦੇ ਬੰਦਿਆਂ ਵੱਲੋਂ ਉਸਾਰੇ ਪਿੰਗਲਵਾੜਿਆਂ ਦੇ ਬਰੂਹਾਂ ’ਤੇ ਦਸਤਕ ਦੇ ਕੇ ਆਈਏ ਤਾਂ ਸਾਰੇ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ ਅਤੇ ਬੁੱਢੇ ਮਾਪਿਆਂ ਦੇ ਵੇਖੇ ਸੁਪਨੇ ਚੂਰ-ਚੂਰ ਹੁੰਦੇ ਦਿਖਾਈ ਦਿੰਦੇ ਹਨ। ਇਨਸਾਨ ਨੂੰ ਉਦੋਂ ਬਿਲਕੁਲ ਹੀ ਸਮਝ ਨਹੀਂ ਆਉਂਦਾ ਕਿ ਇਹ ਜੀਵਨ ਚੱਕਰ ਕੀ ਹੈ। ਇੱਥੇ ਮੇਰਾ ਕੀ ਹੈ? ਪੰਜਾਬ ਅਤੇ ਪੰਜਾਬੀਅਤ ਦੀ ਮੁਹੱਬਤ ਜੋ ਸਦੀਆਂ ਤੋਂ ਹੀ ਪਾਕ ਤੇ ਪਵਿੱਤਰ ਰਹੀ ਹੈ, ਇਸ ਦੇ ਵਿਹੜੇ ਵਿੱਚ ਵੀ ਕੰਡੇ ਤੇ ਮੋਹੜੀਆਂ ਉੱਗ ਗਈਆਂ ਪ੍ਰਤੀਤ ਹੁੰਦੀਆਂ ਹਨ। ਇਸ਼ਕ ਹਕੀਕੀ ’ਤੇ ਇਸ਼ਕ ਮਜਾਜ਼ੀ ਭਾਰੀ ਪੈ ਰਿਹਾ ਹੈ। ਦੂਰ ਦੀਆਂ ਰਿਸ਼ਤੇਦਾਰੀਆਂ ਦੀ ਗੱਲ ਤਾਂ ਦੂਰ ਦੀ ਰਹੀ ਅੱਜ-ਕੱਲ੍ਹ ਤਾਂ ਨੇੜੇ ਦੇ ਰਿਸ਼ਤੇਦਾਰਾਂ ਦੇ ਘਰ ਜਾਣ ਦਾ ਸਮਾਂ ਵੀ ਲੋਕਾਂ ਨੇ ਆਪਣੀ ਜ਼ਿੰਦਗੀ ਵਿੱਚੋਂ ਖ਼ਤਮ ਕਰ ਦਿੱਤਾ ਹੈ।

ਭੈਣਾਂ ਅੱਜ ਤਿਉਹਾਰਾਂ ਦੇ ਸੰਧਾਰਿਆਂ ’ਤੇ ਵੀ ਭਰਾਵਾਂ ਦੇ ਆਉਣ ਨੂੰ ਤਰਸਦੀਆਂ ਹਨ। ਨਾਨਕੇ ਜਾਣ ਦੀਆਂ ਖੁਸ਼ੀਆਂ ਬੱਚਿਆਂ ਦੀ ਜ਼ਿੰਦਗੀ ਵਿੱਚੋਂ ਮੂੰਹ ਮੋੜ ਗਈਆਂ ਹਨ। ਪੁਰਾਣੇ ਸਮਿਆਂ ਦੇ ਵਿਚ ਜਿੱਥੇ ਰਿਸ਼ਤੇਦਾਰਾਂ ਦਾ ਮੋਹ ਕੀਤਾ ਜਾਂਦਾ ਸੀ ਬੜੇ ਹੀ ਚਾਵਾਂ ਦੇ ਨਾਲ ਸੰਦੂਕੜੀਆਂ ਵਿੱਚੋਂ ਬੂਟੀਆਂ ਵਾਲੀਆਂ ਚਾਦਰਾਂ ਵਿਛਾਈਆਂ ਜਾਂਦੀਆਂ ਸਨ, ਖੋਏ ਦੀਆਂ ਪਿੰਨੀਆਂ ਕਾੜ੍ਹਨੀ ਵਿੱਚੋਂ ਦੁੱਧ ਕਾੜ੍ਹ ਕੇ ਪਰੋਸੇ ਜਾਂਦੇ ਸਨ। ਪਰੰਤੂ ਅਜੋਕੀ ਆਓ ਭਗਤ ਦੇ ਵਿੱਚ ਬਾਜ਼ਾਰ ਦੀਆਂ ਮੱਠੀਆਂ ਤੇ ਫਿੱਕੀ ਚਾਹ ਆਏ ਹੋਏ ਰਿਸ਼ਤੇਦਾਰ ਨੂੰ ਘੰਟੇ ਬਾਅਦ ਹੀ ਜਾਣ ਦਾ ਸੁਨੇਹਾ ਦੇ ਦਿੰਦੀ ਹੈ।

ਪੱਛਮੀ ਸੱਭਿਆਚਾਰ ਅਪਣਾਉਂਦੇ-ਅਪਣਾਉਂਦੇ ਜਿਉਂ ਜਿਉਂ ਅਸੀਂ ਆਪਣੇ ਰਿਸ਼ਤਿਆਂ, ਵਿਰਸੇ, ਅਤੀਤ, ਸੱਭਿਆਚਾਰ, ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਤਿਉਂ ਤਿਉਂ ਸਾਡੀ ਹੋਂਦ ਦੀਆਂ ਜੜ੍ਹਾਂ ਵਿੱਚ ਵੀ ਤੇਲ ਪਾਉਂਦੇ ਜਾ ਰਹੇ ਹਾਂ। ਹਰ ਪਰਿਵਾਰ ਇੱਕ ਅਨੋਖਾ ਜ਼ਹਿਰ ਸ਼ਰਬਤ ਸਮਝ ਕੇ ਪੀ ਰਿਹਾ ਹੈ। ਆਪਣੇ ਹੀ ਬੱਚਿਆਂ ਨੂੰ ਪਰਦੇਸੀ ਬਣਾ ਕੇ ਅੱਜ ਮਾਂ-ਬਾਪ ਖ਼ੁਸ਼ ਹੋ ਰਹੇ ਹਨ। ਸਾਡੇ ਜ਼ਿੰਦਗੀ ਦੇ ਬਦਲਦੇ ਹੋਏ ਸਵਰੂਪ ਕਰਕੇ ਮਨ ਅਕਸਰ ਹੀ ਉਦਾਸ ਹੋ ਉੱਠਦਾ ਹੈ। ਪਰੰਤੂ ਸਮੇਂ ਦੇ ਨਾਲ ਢਲ ਜਾਣਾ ਹੀ ਕੁਦਰਤ ਦਾ ਨਿਯਮ ਹੈ।
ਸ. ਸ. ਮਾਸਟਰ
ਮੋ. 94633-17199
ਅਮਨਿੰਦਰ ਸਿੰਘ ਕੁਠਾਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ