ਅਫਵਾਹਾਂ ’ਤੇ ਧਿਆਨ ਨਾ ਦਿਓ, ਨਹੀਂ ਮਿਲੀਆਂ ਲੜਕੀਆਂ ਦੀਆਂ ਵੀਡੀਓ : ਐਸਐਸਪੀ

ਨਾ ਹੀ ਕਿਸੇ ਲੜਕੀ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ

60 ਲੜਕੀਆਂ ਦੀ ਵੀਡੀਓ ਅਤੇ 6 ਲੜਕੀਆਂ ਦੀ ਖੁਦਕੁਸ਼ੀ ਦੀ ਅਫਵਾਹ: ਵਿਵੇਕਸ਼ੀਲ

ਚੰਡੀਗੜ੍ਹ।(ਅਸ਼ਵਨੀ ਚਾਵਲਾ)। ਮੋਹਾਲੀ ਦੇ ਐਸਐਸਪੀ ਵਿਵੇਕਸ਼ੀਲ ਨੇ ਬੀਤੀ ਰਾਤ ਮੋਹਾਲੀ ਦੀ ਨਿੱਜੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਲੜਕੀਆਂ ਵੱਲੋਂ ਕੀਤੇ ਗਏ ਹੰਗਾਮੇ ਬਾਰੇ ਸਪਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਜਿਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੈ। ਐਸ.ਐਸ.ਪੀ ਮੋਹਾਲੀ ਵਿਵੇਕਸ਼ੀਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਿਸੇ ਵੀ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਦਕਿ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ 8 ਲੜਕੀਆਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਨ੍ਹਾਂ ਵਿੱਚੋਂ 2 ਲੜਕੀਆਂ ਦੀ ਮੌਤ ਹੋ ਗਈ ਹੈ, ਜੋ ਕਿ ਬਿਲਕੁਲ ਝੂਠ ਹੈ ਅਤੇ ਅਜਿਹੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।

ਐਸਐਸਪੀ ਵਿਵੇਕਸ਼ੀਲ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਲੜਕੀ ਦੇ ਮੋਬਾਈਲ ਵਿੱਚੋਂ ਸਿਰਫ਼ ਉਸ ਦੀਆਂ ਵੀਡੀਓਜ਼ ਹੀ ਮਿਲੀਆਂ ਹਨ, ਜਦੋਂਕਿ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ 60 ਤੋਂ ਵੱਧ ਲੜਕੀਆਂ ਦੇ ਵੀਡੀਓ ਵਾਇਰਲ ਹੋ ਚੁੱਕੇ ਹਨ। ਐਸਐਸਪੀ ਵਿਵੇਕਸ਼ੀਲ ਨੇ ਦੱਸਿਆ ਕਿ ਲੜਕੀ ਦੇ ਮੋਬਾਈਲ ਵਿੱਚ ਅਜਿਹਾ ਕੁਝ ਵੀ ਨਹੀਂ ਮਿਲਿਆ ਹੈ ਅਤੇ ਲੜਕੀ ਨੇ ਪੁੱਛਗਿੱਛ ਦੌਰਾਨ ਵੀ ਅਜਿਹੀ ਕੋਈ ਪੁਸ਼ਟੀ ਨਹੀਂ ਕੀਤੀ ਹੈ। ਵਿਵੇਕਸ਼ੀਲ ਨੇ ਕਿਹਾ ਕਿ ਇਹ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਹੈ, ਇਸ ਲਈ ਅਜਿਹੇ ਮਾਮਲਿਆਂ ’ਚ ਜਲਦਬਾਜ਼ੀ ’ਚ ਕੁਝ ਵੀ ਕਹਿਣਾ ਗਲਤ ਹੋਵੇਗਾ, ਜਿਸ ਕਾਰਨ ਉਹ ਅਪੀਲ ਕਰ ਰਹੇ ਹਨ ਕਿ ਕੋਈ ਵੀ ਵਿਅਕਤੀ ਅਫਵਾਹਾਂ ’ਤੇ ਵਿਸ਼ਵਾਸ ਨਾ ਕਰੇ ਸਗੋਂ ਪੁਲਿਸ ਵੱਲੋਂ ਪੇਸ਼ ਕੀਤੇ ਗਏ ਤੱਥਾਂ ’ਤੇ ਹੀ ਵਿਸ਼ਵਾਸ ਕਰੇ।

ਵਿਦਿਆਰਥੀ ਕਾਨੂੰਨ ਨੂੰ ਹੱਥ ’ਚ ਨਾ ਲੈਣ: ਐਸਐਸਪੀ

ਐਸਐਸਪੀ ਵਿਵੇਕਸ਼ੀਲ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ, ਨਹੀਂ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕਰਨੀ ਪਵੇਗੀ ਕਿਉਂਕਿ ਅਜਿਹੇ ਮਾਮਲਿਆਂ ਵਿੱਚ ਵਿਦਿਆਰਥੀ ਅਫਵਾਹਾਂ ਫੈਲਾ ਕੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਪੂਰਾ ਭਰੋਸਾ ਦਿੰਦੇ ਹਨ ਕਿ ਮਾਮਲੇ ਦੀ ਸੱਚਾਈ ਸਾਹਮਣੇ ਆ ਜਾਵੇਗੀ ਪਰ ਉਦੋਂ ਤੱਕ ਮੈਂ ਤੁਹਾਡੇ ਨਾਲ ਰਹਿੰਦਿਆਂ ਕਾਨੂੰਨ ਵਿਵਸਥਾ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ