ਪਸ਼ੂਆਂ ਵਿੱਚ “ਲੰਪੀ ਸਕਿੱਨ“ ਬੀਮਾਰੀ ਦੀ ਰੋਕਥਾਮ ਲਈ ਜ਼ਿਲ੍ਹਾ ਪੱਧਰੀ ਟੀਮਾਂ ਗਠਤ, ਮੰਤਰੀ ਨੇ ਦਿੱਤੇ ਆਦੇਸ਼

laljeet singh bular

ਐਨ.ਆਰ.ਡੀ.ਡੀ.ਐਲ. ਜਲੰਧਰ ਦੀ ਟੀਮ ਨੂੰ ਜ਼ਿਲ੍ਹਿਆਂ ਦਾ ਦੌਰਾ ਕਰਨ ਦੀ ਹਦਾਇਤ

  • ਪਸ਼ੂਆਂ ਨੂੰ ਬੀਮਾਰੀ ਹੋਣ ‘ਤੇ ਸਰਕਾਰੀ ਹਸਪਤਾਲਾਂ ਨਾਲ ਤੁਰੰਤ ਰਾਬਤਾ ਕਰਨ ਦੀ ਅਪੀਲ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਹਦਾਇਤ ‘ਤੇ ਪਸ਼ੂ ਪਾਲਣ ਵਿਭਾਗ ਨੇ ਅੱਜ ਦੁਧਾਰੂ ਪਸ਼ੂਆਂ ਵਿੱਚ ਲਾਗ ਦੀ ਬੀਮਾਰੀ “ਲੰਪੀ ਸਕਿੱਨ“ ਦੀ ਰੋਕਥਾਮ ਲਈ ਜ਼ਿਲ੍ਹਾ ਪੱਧਰੀ ਟੀਮਾਂ ਗਠਤ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਭੁੱਲਰ ਨੇ ਦੱਸਿਆ ਕਿ ਸੂਬੇ ਵਿੱਚ ਦੁਧਾਰੂ ਪਸ਼ੂਆਂ ਵਿੱਚ ਲੰਪੀ ਸਕਿੱਨ ਨਾਮੀ ਛੂਤ ਦੇ ਰੋਗ ਤੋਂ ਬਚਾਅ ਲਈ ਹਰ ਜ਼ਿਲ੍ਹੇ ਵਿੱਚ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਜੋ ਪਿੰਡ-ਪਿੰਡ ਜਾ ਕੇ ਪ੍ਰਭਾਵਿਤ ਪਸ਼ੂਆਂ ਨੂੰ ਬਿਮਾਰੀ ਤੋਂ ਬਚਾਉਣ ਦੇ ਉਪਾਅ ਲਈ ਜਾਣਕਾਰੀ ਦੇਣਗੀਆਂ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਨਾਰਥ ਰੀਜਨਲ ਡਿਵੀਜ਼ਨ ਡਾਇਗਨੌਸਟਿਕ ਲੈਬ (ਐਨ.ਆਰ.ਡੀ.ਡੀ.ਐਲ.) ਜਲੰਧਰ ਦੀ ਟੀਮ ਨੂੰ ਸਮੂਹ ਜ਼ਿਲ੍ਹਿਆਂ ਦਾ ਦੌਰਾ ਕਰਨ ਦੀ ਹਦਾਇਤ ਕੀਤੀ ਗਈ ਹੈ, ਜੋ ਕੱਲ੍ਹ 28 ਜੁਲਾਈ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰ ਰਹੀਆਂ ਹਨ।
ਉਨਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਪਸ਼ੂ-ਪਾਲਕਾਂ ਦੀ ਹਰ ਪੱਖੋਂ ਸਹਾਇਤਾ ਕਰਨ ਲਈ ਪਾਬੰਦ ਕੀਤਾ ਗਿਆ ਹੈ। ਇਸ ਲਈ ਪਸ਼ੂਪਾਲਕ ਕਿਸੇ ਘਬਰਾਹਟ ਵਿੱਚ ਨਾ ਆਉਣ ਅਤੇ ਕਿਸੇ ਵੀ ਤਰਾਂ ਦੀਆਂ ਅਫ਼ਵਾਹਾਂ ਤੋਂ ਬਚਣ। ਉਨਾਂ ਕਿਹਾ ਕਿ ਕਿਸਾਨ ਜਾਂ ਪਸ਼ੂ-ਪਾਲਕ ਬੇਝਿਜਕ ਆਪਣੀ ਨੇੜਲੀ ਪਸ਼ੂ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।

ਸ. ਭੁੱਲਰ ਨੇ ਦੱਸਿਆ ਕਿ ਇਹ ਬਿਮਾਰੀ ਦੱਖਣੀ ਸੂਬਿਆਂ ਤੋਂ ਆਈ ਹੈ ਅਤੇ ਬਰਸਾਤਾਂ ਵਿਚ ਵਧੇਰੇ ਫੈਲਦੀ ਹੈ ਕਿਉਂਕਿ ਮੱਛਰ ਮੱਖੀ ਆਦਿ ਦੇ ਕੱਟਣ ਨਾਲ ਇਸ ਬਿਮਾਰੀ ਦੇ ਅੱਗੇ ਤੋਂ ਅੱਗੇ ਵਧਣ ਦਾ ਖਦਸਾ ਬਣਿਆ ਰਹਿੰਦਾ ਹੈ। ਇਸ ਲਈ ਪਸ਼ੂਆਂ ਦਾ ਆਲਾ-ਦੁਆਲਾ ਸਾਫ ਰੱਖਿਆ ਜਾਵੇ ਅਤੇ ਬੀਮਾਰ ਪਸੂਆਂ ਨੂੰ ਦੂਜਿਆਂ ਤੋਂ ਵੱਖ ਕਰ ਲਿਆ ਜਾਵੇ।

lumpy skin
ਬਿਮਾਰੀ ਨਾਲ ਪਸ਼ੂਆਂ ਨੂੰ ਤੇਜ਼ ਬੁਖਾਰ ਚੜਦਾ ਹੈ

ਇਸ ਦੌਰਾਨ ਵਿਭਾਗ ਦੇ ਡਾਇਰੈਕਟਰ ਡਾ. ਸੁਭਾਸ਼ ਚੰਦਰ ਨੇ ਕਿਹਾ ਕਿ ਪਸ਼ੂ ਪਾਲਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਸਗੋਂ ਇਹਤਿਆਤ ਵਰਤਣਾ ਚਾਹੀਦਾ ਹੈ। ਬਿਮਾਰੀ ਦੇ ਲੱਛਣਾਂ ਦਾ ਜ਼ਿਕਰ ਕਰਦਿਆਂ ਡਾ. ਸੁਭਾਸ਼ ਨੇ ਦੱਸਿਆ ਕਿ ਇਸ ਬੀਮਾਰੀ ਨਾਲ ਪਸ਼ੂਆਂ ਨੂੰ ਤੇਜ਼ ਬੁਖਾਰ ਚੜਦਾ ਹੈ ਅਤੇ ਉਨਾਂ ਦੀ ਚਮੜੀ ‘ਤੇ ਛਾਲੇ ਹੋ ਜਾਂਦੇ ਹਨ। ਉਨਾਂ ਕਿਹਾ ਕਿ ਜੇ ਕਿਸੇ ਕਿਸਾਨ ਦੇ ਪਸ਼ੂਆਂ ਵਿੱਚ ਅਜਿਹੇ ਬਿਮਾਰੀ ਦੇ ਲੱਛਣ ਦਿਸਦੇ ਹਨ ਤਾਂ ਤੁਰੰਤ ਨੇੜਲੀ ਪਸ਼ੂ ਸੰਸਥਾ ਨਾਲ ਰਾਬਤਾ ਕਰਨ। ਉਨਾਂ ਕਿਹਾ ਕਿ ਇਸ ਬੀਮਾਰੀ ਦੇ ਲੱਛਣ ਦਿੱਸਣ ‘ਤੇ ਕਿਸਾਨ ਆਪਣੇ ਸਿਹਤਮੰਦ ਪਸ਼ੂਆਂ ਨੂੰ ਪੀੜਤ ਪਸ਼ੂ ਤੋਂ ਵੱਖ ਕਰ ਲੈਣ।

ਡਾ. ਸੁਭਾਸ਼ ਨੇ ਦੱਸਿਆ ਕਿ ਮੀਡੀਆ ਦੇ ਇੱਕ ਹਿੱਸੇ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਸੈਂਕੜੇ ਜਾਨਵਰਾਂ ਦੀ ਮੌਤ ਦੀ ਖ਼ਬਰ ਬੇਬੁਨਿਆਦ ਹੈ। ਉਨਾਂ ਦੱਸਿਆ ਕਿ ਡਿਪਟੀ ਡਾਇਰੈਕਟਰ ਪਸ਼ੂ ਪਾਲਕ ਵਿਭਾਗ ਫ਼ਾਜ਼ਿਲਕਾ ਦੀ ਟੀਮ ਵੱਲੋਂ ਅੱਜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਹੈ ਅਤੇ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here