ਸਿਹਤ ਮੰਤਰੀ ਕਰ ਰਿਹਾ ਐ ਕਰੋੜਾਂ ਦਾ ਘਪਲਾ, ਕਰੋ ਬਰਖ਼ਾਸਤ

Dissemination, Millions, Crores, Health, Minister, DISC

ਵਿਧਾਇਕ ਸਿਮਰਜੀਤ ਬੈਂਸ ਨੇ ਕੀਤੀ ਮੁੱਖ ਮੰਤਰੀ ਤੋਂ ਮੰਗ

ਬ੍ਰਹਮ ਮਹਿੰਦਰਾ ਦੇਵੇ ਅਸਤੀਫ਼ਾ, ਜੇਕਰ ਮੈਂ ਹੋਇਆ ਗਲਤ ਤਾਂ ਛੱਡ ਦਿਆਂਗਾ ਸਿਆਸਤ : ਬੈਂਸ

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਪੰਜਾਬ ਦਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਵਾਈ ਖ੍ਰੀਦ ਵਿੱਚ ਕਰੋੜਾ ਰੁਪਏ ਦਾ ਘਪਲਾ ਕਰਨ ਦੀ ਤਿਆਰੀ ਵਿੱਚ ਹੈ, ਇਸ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨਾ ਸਿਰਫ਼ ਰੋਕਣ, ਸਗੋਂ ਬ੍ਰਹਮ ਮਹਿੰਦਰਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰ ਦੇਣ ਇਹ ਮੰਗ ਆਤਮ ਨਗਰ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਬੈਂਸ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਚਿੱਠੀ ਭੇਜ ਕੇ ਕੀਤੀ ਹੈ।

ਸਿਮਰਜੀਤ ਬੈਂਸ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਸਮਾਂ ਨਹੀਂ ਮਿਲਣ ਦੀ ਸੂਰਤ ਵਿੱਚ ਆਪਣਾ ਪੱਤਰ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੂੰ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਸੁਰੇਸ਼ ਕੁਮਾਰ ਵੱਲੋਂ ਇਸ ਪੱਤਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਗਿਆ ਹੈ, ਕਿਉਂਕਿ ਦੋਸ਼ ਕੈਬਨਿਟ ਮੰਤਰੀ ‘ਤੇ ਹੋਣ ਕਾਰਨ ਇਸ ਸਬੰਧੀ ਫੈਸਲਾ ਖ਼ੁਦ ਮੁੱਖ ਮੰਤਰੀ ਹੀ ਕਰਨਗੇ।

ਸਿਮਰਜੀਤ ਬੈਂਸ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬ੍ਰਹਮ ਮਹਿੰਦਰਾ ਪਹਿਲਾਂ ਤੋਂ ਹੀ ਨਸ਼ਾ ਛੁਡਾਊ ਦਵਾਈ ਨੂੰ ਸਪਲਾਈ ਕਰਨ ਵਾਲੀ ਆਰਬਰ ਬਾਇਓਟੈੱਕ ਕੰਪਨੀ ਚਲਾਉਣ ਵਿੱਚ ਲੱਗੇ ਹੋਏ ਹਨ। ਹੁਣ ਉਨ੍ਹਾਂ ਨੇ ਸਰਕਾਰੀ ਹਸਪਤਾਲ ਅਤੇ ਡਿਸਪੈਂਸਰੀਆਂ ਨੂੰ ਸਪਲਾਈ ਹੋਣ ਵਾਲੀ 223 ਦਵਾਈਆਂ ਦਾ ਟੈਂਡਰ ਨੋਟਿਸ ਕੱਢਿਆ ਹੋਇਆ ਹੈ, ਜਿਹੜਾ ਕਿ ਲਗਭਗ 80 ਕਰੋੜ ਰੁਪਏ ਦਾ ਹੈ।

ਮਹਿੰਗੀਆਂ ਦਵਾਈਆਂ ਦੇ ਟੈਂਡਰ ਜਾਰੀ ਕਰਕੇ ਕਰੋੜਾਂ ਰੁਪਏ ਦੀ ਕੀਤੀ ਜਾ ਰਹੀ ਐ ਚੋਰੀ

ਉਨ੍ਹਾਂ ਦੋਸ਼ ਲਗਾਇਆ ਕਿ ਪੇਟ ਦੀ ਜਲਨ ਅਤੇ ਸ਼ੂਗਰ ਦੀ ਦਵਾਈ ਸਣੇ ਹੋਰ ਆਮ ਜਿਹੀ ਦਵਾਈ ਨੂੰ ਖ਼ਰੀਦਣ ਲਈ ਜਿਹੜੀ ਕੰਪਨੀ ਤੈਅ ਕੀਤੀ ਗਈ ਹੈ, ਉਸ ਦਾ ਰੇਟ ਆਮ ਦਵਾਈਆਂ ਕੰਪਨੀਆਂ ਦੇ ਰੇਟ ਨਾਲੋਂ ਕਈ ਹਜ਼ਾਰ ਗੁਣਾ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜੀ ਸ਼ੂਗਰ ਦੀ ਗੋਲੀ ਸਰਕਾਰ 50 ਰੁਪਏ ਵਿੱਚ ਖਰੀਦਣ ਦੀ ਤਿਆਰੀ ਕਰ ਰਹੀਂ ਹੈ, ਉਹ 25 ਪੈਸੇ ਤੱਕ ਦੀ ਮਿਲ ਰਹੀ ਹੈ ਫਿਰ ਵੀ ਮੋਟੀ ਕਮਾਈ ਅਤੇ ਕਮਿਸ਼ਨ ਲੈਣ ਲਈ ਬ੍ਰਹਮ ਮਹਿੰਦਰਾ ਵੱਲੋਂ ਵੱਡੀ ਕੰਪਨੀਆਂ ਨੂੰ ਇਹ ਟੈਂਡਰ ਦਿੱਤਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਲਗਾਏ ਦੋਸ਼ਾ ਸਬੰਧੀ ਬ੍ਰਹਮ ਮਹਿੰਦਰਾ ਨੇ ਉਨ੍ਹਾਂ ਖ਼ਿਲਾਫ਼ ਮਾਣਹਾਣੀ ਦਾ ਕੇਸ ਕਰਨ ਲਈ ਕਿਹਾ ਸੀ ਪਰ ਅਜੇ ਤੱਕ ਮਾਣਹਾਨੀ ਦਾ ਕੇਸ ਨਹੀਂ ਕੀਤਾ ਹੈ। ਉਹ ਇੰਤਜਾਰ ਕਰ ਰਹੇ ਹਨ ਤਾਂ ਕਿ ਮੌਕੇ ‘ਤੇ ਉਹ ਬ੍ਰਹਮ ਮਹਿੰਦਰਾ ਖ਼ਿਲਾਫ਼ ਸਾਰੇ ਸਬੂਤ ਪੇਸ਼ ਕਰ ਸਕਣ। ਉਨ੍ਹਾਂ ਇਥੇ ਇਹ ਵੀ ਕਿਹਾ ਕਿ ਜੇਕਰ ਬ੍ਰਹਮ ਮਹਿੰਦਰਾ ਉਨ੍ਹਾਂ ਵੱਲੋਂ ਲਗਾਏ ਗਏ ਸਾਰੇ ਦੋਸ਼ਾ ਨੂੰ ਗਲਤ ਸਾਬਿਤ ਕਰ ਦਿੰਦੇ ਹਨ ਤਾਂ ਉਹ ਸਿਆਸਤ ਤੋਂ ਹੀ ਸੰਨਿਆਸ ਲੈ ਲੈਣਗੇ, ਨਹੀਂ ਤਾਂ ਖ਼ੁਦ ਬ੍ਰਹਮ ਮਹਿੰਦਰਾ ਆਪਣਾ ਅਸਤੀਫ਼ਾ ਦੇ ਦੇਣ। ਇਸ ਸਬੰਧੀ ਬ੍ਰਹਮ ਮਹਿੰਦਰਾ ਦਾ ਪੱਖ ਲੈਣ ਕੋਸ਼ਸ਼ ਕੀਤੀ ਗਈ ਪਰ ਉਨ੍ਹਾਂ ਦੇ ਸਟਾਫ਼ ਵੱਲੋਂ ਹਰ ਵਾਰ ਗੱਲ ਨਹੀਂ ਕਰਵਾਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।