ਰਾਖਵੇਂ ਕੋਟੇ ਵਾਲੀ ਵਿਵਾਦਤ ਪੰਚਾਇਤੀ ਜ਼ਮੀਨ ਸਬੰਧੀ ਪਿੰਡ ਹੇੜੀਕੇ ਪੁਲਿਸ ਛਾਉਣੀ ’ਚ ਤਬਦੀਲ

Disputed Panchayat Land Sachkahoon

ਵੱਡੀ ਗਿਣਤੀ ਪੁਲਿਸ ਫੋਰਸ ਦੀ ਮੌਜੂਦਗੀ ’ਚ ਨੇਪਰੇ ਚੜੀ ਬੋਲੀ

ਕਈ ਵਾਰ ਰੱਦ ਹੋ ਚੁੱਕੀ ਸੀ ਬੋਲੀ
ਜ਼ਮੀਨ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਵਿਵਾਦਿਤ ਜ਼ਮੀਨ ’ਚ ਝੰਡੇ ਗੱਡ ਨਾ- ਵਾਹੁਣ ਦੇਣ ਦਾ ਐਲਾਨ

ਰਵੀ ਗੁਰਮਾ, ਸ਼ੇਰਪੁਰ । ਪਿੰਡ ਹੇੜੀਕੇ ਦੀ ਰਾਖਵੇਂ ਕੋਟੇ ਵਾਲੀ ਵਿਵਾਦਤ ਪੰਚਾਇਤੀ ਸੱਤ ਕਿੱਲੇ ਜ਼ਮੀਨ ਦੀ ਬੋਲੀ ਅੱਜ ਕਈ ਵਾਰ ਰੱਦ ਹੋਣ ਤੋਂ ਬਾਅਦ ਵੱਡੀ ਗਿਣਤੀ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਨੇਪਰੇ ਚੜ੍ਹੀ । ਜ਼ਿਕਰਯੋਗ ਹੈ ਕਿ ਪਿੰਡ ਹੇੜੀਕੇ ਦੀ ਦਲਿਤ ਭਾਈਚਾਰੇ ਨਾਲ ਸੰਬੰਧਤ ਪੰਚਾਇਤੀ ਜ਼ਮੀਨ ਦੀ ਬੋਲੀ ਪਹਿਲਾਂ ਦਲਿਤ ਭਾਈਚਾਰੇ ਦੇ ਆਪਸੀ ਤਕਰਾਰ ਕਰਕੇ ਕਈ ਵਾਰ ਰੱਦ ਹੋ ਚੁੱਕੀ ਸੀ । ਅੱਜ ਸਵੇਰ ਸਮੇਂ ਤੋਂ ਹੀ ਪੁਲਿਸ ਵੱਲੋਂ ਪਿੰਡ ਹੇੜੀਕੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ ।ਵੱਡੀ ਗਿਣਤੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਅੱਜ ਬੀਡੀਪੀਓ ਜਗਰਾਜ ਸਿੰਘ ਦੀ ਅਗਵਾਈ ਵਿੱਚ ਬੋਲੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ । ਹਫੜਾ ਦਫੜੀ ਤੇ ਖਿੱਚੋਤਣ ਦੇ ਮਾਹੌਲ ਵਿੱਚ ਜਸਪ੍ਰੀਤ ਸਿੰਘ ਪੁੱਤਰ ਹਾਕਮ ਸਿੰਘ ਦੇ ਨਾਮ ਪੰਚਾਇਤੀ ਜ਼ਮੀਨ ਦੀ ਬੋਲੀ ਨੇਪਰੇ ਚੜੀ ।Disputed Panchayat Land Sachkahoonਬੋਲੀ ਦੌਰਾਨ ਅੱਜ ਵੀ ਦਲਿਤ ਭਾਈਚਾਰੇ ਦੇ ਕੁਝ ਲੋਕਾਂ ਵੱਲੋਂ ਬੋਲੀ ਦੀ ਪ੍ਰਕਿਰਿਆ ਨੂੰ ਗਲਤ ਦੱਸਦੇ ਹੋਏ ਪੰਚਾਇਤ ਤੇ ਸਿਵਲ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ । ਹਫੜਾ ਦਫੜੀ ਦੇ ਮਾਹੌਲ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਡੀ .ਐੱਸ .ਪੀ ਪਰਮਜੀਤ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਬਲਵੰਤ ਸਿੰਘ ਥਾਣਾ ਮੁਖੀ ਸ਼ੇਰਪੁਰ ਨੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਿਆ। ਪ੍ਰਸ਼ਾਸਨ ’ਤੇ ਦੋਸ਼ ਲਗਾਉਂਦਿਆਂ ਸ਼ਿੰਗਾਰਾ ਸਿੰਘ, ਗੁਰਪ੍ਰੀਤ ਸਿੰਘ ,ਜੋਗਾ ਸਿੰਘ ,ਹਰਚਰਨ ਸਿੰਘ ,ਹਰਬੰਸ ਕੌਰ ਨੇ ਕਿਹਾ ਕਿ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨਾਲ ਪੰਚਾਇਤ ਦੀ ਮਿਲੀ ਭੁਗਤ ਨਾਲ ਧੱਕਾ ਕੀਤਾ ਗਿਆ ਹੈ । ਜਦਕਿ ਇਹ ਬੋਲੀ ਦੀ ਪ੍ਰਕਿਰਿਆ ਗਲਤ ਹੈ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਡੰਮੀ ਬੋਲੀਆਂ ਨਹੀਂ ਹੋਣੀਆਂ ਚਾਹੀਦੀਆਂ ।

ਬੀਡੀਪੀਓ ਦੀ ਗੱਡੀ ’ਤੇ ਹੋਇਆ ਹਮਲਾ

ਬੋਲੀ ਪ੍ਰਕਿਰਿਆ ਨੂੰ ਨੇਪਰੇ ਚੜ੍ਹਾਉਣ ਤੋਂ ਬਾਅਦ ਜਦੋਂ ਬੀਡੀਪੀਓ ਜਗਰਾਜ ਸਿੰਘ ਚੋਰ ਮੋਰੀ ਰਾਹੀਂ ਆਪਣੀ ਗੱਡੀ ਵਿੱਚ ਬੈਠ ਕੇ ਜਾਣ ਲੱਗੇ ਤਾਂ ਬਾਹਰ ਨਾਅਰੇਬਾਜੀ ਕਰ ਰਹੇ ਲੋਕਾਂ ਵੱਲੋਂ ਬੀਡੀਪੀਓ ਜਗਰਾਜ ਸਿੰਘ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕੁਝ ਵਿਅਕਤੀਆਂ ਵੱਲੋਂ ਬੀਡੀਪੀਓ ਦੀ ਗੱਡੀ ਉਪਰ ਡਾਂਗਾਂ ਨਾਲ ਹਮਲਾ ਕੀਤਾ ਗਿਆ ਪਰ ਉਹ ਵਾਲ -ਵਾਲ ਬਚਕੇ ਉਥੋਂ ਨਿਕਲਣ ਵਿੱਚ ਕਾਮਯਾਬ ਰਹੇ ਪਰ ਉਨ੍ਹਾਂ ਦੀ ਗੱਡੀ ਨੁਕਸਾਨੀ ਗਈ।

ਇੱਕ ਬੋਲੀਕਰਤਾ ਵੱਲੋਂ ਪੁਲਿਸ ’ਤੇ ਹਮਲੇ ਦੀ ਨਾਕਾਮ ਕੋਸ਼ਿਸ਼

ਇੱਕ ਬੋਲੀਕਰਤਾ ਨੂੰ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਪੰਚਾਇਤ ਘਰ ਅੰਦਰ ਹੰਗਾਮਾ ਕਰਨ ਤੋਂ ਬਾਅਦ ਬਾਹਰ ਕੱਢਿਆ ਗਿਆ ਤਾਂ ਉਸ ਵੱਲੋਂ ਇੱਟ ਚੁੱਕਕੇ ਪੁਲਿਸ ਉੱਪਰ ਹਮਲਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ । ਜਦ ਕਿ ਵੱਡੀ ਗਿਣਤੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕਾਇਮ ਰੱਖੀ ਗਈ । ਪ੍ਰੰਤੂ ਪੰਚਾਇਤ ਘਰ ਦੇ ਅੰਦਰ ਤੇ ਬਾਹਰ ਪ੍ਰਦਰਸ਼ਨ ਕਰ ਰਹੇ ਲੋਕ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਕਈ ਵਾਰ ਉਲਝਦੇ ਦੇਖੇ ਗਏ ।

ਭਾਰੀ ਪੁਲਿਸ ਫੋਰਸ ਕਾਰਨ ਹੀ ਨੇਪਰੇ ਚੜ੍ਹੀ ਬੋਲੀ

ਇੰਸਪੈਕਟਰ ਬਲਵੰਤ ਸਿੰਘ ਥਾਣਾ ਮੁਖੀ ਸ਼ੇਰਪੁਰ ਦੀ ਅਗਵਾਈ ਵਿੱਚ ਭਾਰੀ ਪੁਲਿਸ ਫੋਰਸ ਵੱਲੋਂ ਅੱਜ ਸਵੇਰ ਤੋਂ ਹੀ ਪਿੰਡ ਹੇੜੀਕੇ ਵਿੱਚ ਫੋਰਸ ਤਾਇਨਾਤ ਕੀਤੀ ਹੋਈ ਸੀ ਜਿਸ ਕਰਕੇ ਹੀ ਅੱਜ ਇਹ ਬੋਲੀ ਕਈ ਵਾਰ ਰੱਦ ਹੋਣ ਤੋਂ ਬਾਅਦ ਨੇਪਰੇ ਚੜ੍ਹ ਸਕੀ ਤੇ ਲਾਅ ਐਂਡ ਆਰਡਰ ਦੀ ਸਥਿਤੀ ਕਾਇਮ ਰੱਖੀ ਗਈ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਬੋਲੀਕਰਤਾ ਤੇ ਪੰਚਾਇਤੀ ਅਹੁਦੇਦਾਰਾਂ ਤੋਂ ਬਿਨਾਂ ਕਿਸੇ ਵੀ ਬਾਹਰੀ ਤੇ ਜਨਰਲ ਕੈਟਾਗਿਰੀ ਦੇ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜਤ ਨਹੀਂ ਦਿੱਤੀ ਗਈ ।

ਨਾਰਾਜ਼ ਬੋਲੀਕਰਤਾ ਵੱਲੋਂ ਲਗਾਏ ਗਏ ਵਿਵਾਦਤ ਪੰਚਾਇਤੀ ਜ਼ਮੀਨ ’ਚ ਡੇਰੇ

ਜ਼ਮੀਨ ਸੰਘਰਸ਼ ਕਮੇਟੀ ਪਿੰਡ ਹੇੜੀਕੇ ਦੇ ਇਕਾਈ ਪ੍ਰਧਾਨ ਸ਼ਿੰਗਾਰਾ ਸਿੰਘ ਹੇੜੀਕੇ ਦੀ ਅਗਵਾਈ ਵਿੱਚ ਨਾਰਾਜ਼ ਬੋਲੀਕਰਤਾ ਵੱਲੋਂ ਪਿੰਡ ਵਿੱਚ ਰੋਸ ਮੁਜ਼ਾਹਰਾ ਕਰਦਿਆਂ ਪੰਚਾਇਤੀ ਜ਼ਮੀਨ ਵਿੱਚ ਪਹੁੰਚਕੇ ਡੇਰੇ ਲਗਾਏ ਗਏ । ਉਨ੍ਹਾਂ ਕਿਹਾ ਕਿ ਇਹ ਬੋਲੀ ਰੱਦ ਹੋਣੀ ਚਾਹੀਦੀ ਹੈ ਤੇ ਦਲਿਤ ਲੋਕਾਂ ਨੂੰ ਬਣਦਾ ਹੱਕ ਮਿਲਣਾ ਚਾਹੀਦਾ ਹੈ । ਉਨ੍ਹਾਂ ਵੱਲੋਂ ਪੰਚਾਇਤੀ ਜ਼ਮੀਨ ਵਿੱਚ ਝੰਡੇ ਗੱਡ ਕੇ ਜਿੱਥੇ ਨਾਅਰੇਬਾਜ਼ੀ ਕੀਤੀ ਗਈ, ਉੱਥੇ ਹੀ ਪੱਕੇ ਡੇਰੇ ਲਗਾਉਣ ਦਾ ਐਲਾਨ ਕੀਤਾ ਗਿਆ ਤੇ ਕਿਹਾ ਗਿਆ ਕਿ ਉਹ ਬੋਲੀਕਰਤਾ ਨੂੰ ਜ਼ਮੀਨ ਵਾਹੁਣ ਨਹੀਂ ਦੇਣਗੇ ।

ਕਾਨੂੰਨ ਅਨੁਸਾਰ ਕੀਤੀ ਗਈ ਬੋਲੀ :-ਬੀਡੀਪੀਓ

ਇਸ ਮੌਕੇ ਬੀਡੀਪੀਓ ਜਗਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਨਾਲ ਪੱਖ-ਪਾਤ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਬੋਲੀ ਕਾਨੂੰਨ ਦੀ ਪ੍ਰਕਿਰਿਆ ਅਨੁਸਾਰ ਕੀਤੀ ਗਈ ਹੈ । ਅੱਜ ਦਲਿਤ ਭਾਈਚਾਰੇ ਦੇ 15 ਮੈਂਬਰਾਂ ਵੱਲੋਂ ਬੋਲੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਸਕਿਊਰਿਟੀ ਭਰੀ ਗਈ ਸੀ । ਕਿਉਂਕਿ ਲੋਕਤੰਤਰ ਅੰਦਰ ਰਾਖਵੇਂ ਕੋਟੇ ਦੀ ਜ਼ਮੀਨ ਉੱਪਰ ਪਿੰਡ ਦਾ ਕੋਈ ਵੀ ਦਲਿਤ ਵਿਅਕਤੀ ਬੋਲੀ ਦੇ ਸਕਦਾ ਹੈ । ਅੱਜ ਵੀ ਸਭ ਤੋਂ ਜ਼ਿਆਦਾ ਬੋਲੀ ਦੇਣ ਵਾਲੇ ਪਿੰਡ ਦੇ ਹੀ ਦਲਿਤ ਵਿਅਕਤੀ ਦੇ ਨਾਮ ਇਹ ਬੋਲੀ ਕੀਤੀ ਗਈ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।