ਬਰੂਨਸਨ ਦੀ ਰਿਹਾਈ ਨੂੰ ਲੈ ਕੇ ਤੁਰਕੀ ਨੂੰ ਚਿਤਾਵਨੀ ਦੇ ਚੁੱਕਿਆ ਅਮਰੀਕਾ
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਅਤੇ ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੂਸੋਗਲੂ ਨੇ ਸ਼ਨਿੱਚਰਵਾਰ ਨੂੰ ਅਮਰੀਕੀ ਪਾਦਰੀ ਐਂਡਰਿਊ ਬਰੂਨਸਨ ਨੂੰ ਲੈ ਕੇ ਚਰਚਾ ਕੀਤੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਗ ੱਲ ਦੀ ਜਾਣਕਾਰੀ ਦਿੱਤੀ। ਤੁਰਕੀ ‘ਚ ਪਾਦਰੀ ਬਰੂਨਸਨ ਨੂੰ ਹਿਰਾਸਤ ‘ਚ ਲਏ ਜਾਣ ਦੀ ਘਟਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇੱਕ ਜਵਲੰਤ ਮੁੱਦਾ ਬਣਿਆ ਹੋਇਆ ਹੈ। ਟਰੰਪ ਪ੍ਰਸ਼ਾਸਨ ਨੇ ਪਾਦਰੀ ਬਰੂਨਸਨ ਦੀ ਰਿਹਾਈ ਲਈ ਤੁਰਕੀ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਨੇ ਇਸ ਸਬੰਘ ‘ਚ ਤੁਰਕੀ ‘ਤੇ ਪਾਬੰਦੀ ਲਾਉਣ ਦੀ ਵੀ ਚਿਤਾਵਨੀ ਦਿੱਤੀ ਹੈ। ਤੁਰਕੀ ਦੀ ਇੱਕ ਅਦਾਲਤ ਨੇ ਇਸ ਹਫਤੇ ਪਾਦਰੀ ਬਰੂਨਸਨ ਨੂੰ ਘਰ ‘ਚ ਨਜ਼ਰਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਜਿਕਰਯੋਗ ਹੈ ਕਿ ਅੱਤਵਾਦ ਅਤੇ ਜਾਸੂਸੀ ਦੇ ਆਰੋਪ ‘ਚ ਪਾਦਰੀ ਐਂਡਰਿਊ ਬਰੂਨਸਨ ਪਿਛਲੇ 21 ਮਹੀਨਿਆਂ ਤੋਂ ਤੁਰਕੀ ਦੀ ਇੱਕ ਜੇਲ੍ਹ ‘ਚ ਬੰਦ ਹੈ। ਪਾਦਰੀ ਬਰੂਨਸਨ ਅਮਰੀਕਾ ‘ਚ ਨਾਰਥ ਕੈਰੋਲਿਨਾ ਦੇ ਰਹਿਣ ਵਾਲੇ ਹਨ ਅਤੇ 20 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੱਕ ਉਹਨਾਂ ਨੇ ਤੁਰਕੀ ‘ਚ ਕੰਮ ਕੀਤਾ ਹੈ। ਸ੍ਰੀ ਬਰੂਨਸਨ ਨੇ ਆਪਣੇ ਉਪਰ ਲੱਗੇ ਆਰੋਪਾਂ ਤੋਂ ਇਨਕਾਰ ਕੀਤਾ ਹੈ। ਜੇਕਰ ਪਾਦਰੀ ਬਰੂਨਸਨ ਦੋਸ਼ੀ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ 35 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ।