ਕੀ ਸਹੀ ਅਰਥਾਂ ’ਚ ਔਰਤਾਂ ਨੂੰ ਬਰਾਬਰੀ ਮਿਲੀ?

Women Equality

ਮਹਿਲਾ ਸਮਾਨਤਾ ਦਿਵਸ ’ਤੇ ਵਿਸ਼ੇਸ਼ | Women Equality

ਔਰਤ ਮਨੁੱਖਤਾ ਦਾ ਆਧਾਰ ਹੈ। ਔਰਤ ਜ਼ਿੰਦਗੀ ਨੂੰ ਅੱਗੇ ਤੋਰਦੀ ਹੈ। ਔਰਤ ਨਾ ਸਿਰਫ ਬੱਚੇ ਨੂੰ ਜਨਮ ਦਿੰਦੀ ਹੈ ਸਗੋਂ ਉਸ ਦਾ ਪਾਲਣ-ਪੋਸ਼ਣ ਵੀ ਕਰਦੀ ਹੈ। ਬੱਚੇ ਨੂੰ ਚੰਗੇ ਸੰਸਕਾਰ ਮਾਂ ਤੋਂ ਹੀ ਮਿਲਦੇ ਹਨ। ਬੱਚੇ ਦੀ ਪਹਿਲੀ ਅਧਿਆਪਕਾ ਵੀ ਉਸ ਦੀ ਮਾਂ ਹੀ ਹੁੰਦੀ ਹੈ। ਔਰਤ ਪਤਾ ਨਹੀਂ ਕਿੰਨੇ ਰਿਸ਼ਤਿਆਂ ਵਿੱਚ ਰੰਗ ਭਰਦੀ ਹੈ। ਕਦੇ ਮਾਂ ਬਣ ਕੇ ਮਮਤਾ ਲੁਟਾਉਂਦੀ ਹੈ, ਕਦੇ ਪਤਨੀ, ਧੀ, ਭੈਣ ਬਣ ਕੇ ਰਿਸ਼ਤੇ ਨਿਭਾਉਂਦੀ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਵੀ ਇਹ ਔਰਤ ਆਪਣੇ ਹੱਕਾਂ ਲਈ ਲੜ ਰਹੀ ਹੈ। ਅੱਜ ਔਰਤਾਂ ਹਰ ਫਰੰਟ ’ਤੇ ਮਰਦਾਂ ਨੂੰ ਟੱਕਰ ਦੇ ਰਹੀਆਂ ਹਨ। (Women Equality)

ਚਾਹੇ ਉਹ ਦੇਸ਼ ਸੰਭਾਲਣ ਦੀ ਗੱਲ ਹੋਵੇ, ਕਾਰਪੋਰੇਸ਼ਨ ਚਲਾਉਣ ਦੀ ਗੱਲ ਹੋਵੇ, ਘਰ ਸੰਭਾਲਣ ਦੀ ਜਾਂ ਦੇਸ਼ ਦੀ ਸੁਰੱਖਿਆ ਦੀ। ਔਰਤ ਹਰੇਕ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੀ ਹੈ। ਆਮ ਤੌਰ ’ਤੇ ਔਰਤਾਂ ਨੇ ਹਰ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਹੈ ਪਰ ਅੱਜ ਵੀ ਉਹ ਜ਼ਿਆਦਾਤਰ ਮਾਮਲਿਆਂ ਵਿੱਚ ਬਰਾਬਰੀ ਹਾਸਲ ਨਹੀਂ ਕਰ ਸਕੀਆਂ।

26 ਅਗਸਤ 1970 ਨੂੰ ਵਿਸ਼ਵ ਭਰ ਦੀਆਂ ਔਰਤਾਂ ਨੇ ਬਰਾਬਰੀ ਲਈ ਹੜਤਾਲ ਕੀਤੀ | Women Equality

ਹਰ ਸਾਲ 26 ਅਗਸਤ ਨੂੰ, ਪੂਰੀ ਦੁਨੀਆ ਵਿੱਚ ਮਹਿਲਾ ਸਮਾਨਤਾ ਦਿਵਸ ਮਨਾਇਆ ਜਾਂਦਾ ਹੈ। ਔਰਤਾਂ ਦੇ ਸ਼ਕਤੀਕਰਨ ਅਤੇ ਸਮਾਨਤਾ ਦਾ ਜਸ਼ਨ ਮਨਾਉਣ ਲਈ ਪੂਰੀ ਦੁਨੀਆ ਵਿੱਚ ਮਹਿਲਾ ਸਮਾਨਤਾ ਦਿਵਸ ਮਨਾਇਆ ਜਾਂਦਾ ਹੈ। 1973 ਵਿੱਚ, ਵਿਸ਼ਵ ਭਰ ਵਿੱਚ ਪਹਿਲਾ ਮਹਿਲਾ ਸਮਾਨਤਾ ਦਿਵਸ ਮਨਾਇਆ ਗਿਆ। ਹਰ ਸਾਲ 26 ਅਗਸਤ ਨੂੰ ਮਹਿਲਾ ਸਮਾਨਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਅਮਰੀਕਾ ਨੇ ਔਰਤਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਸੀ। ਇਹ ਦਿਨ ਸਮਾਜ ਵਿੱਚ ਔਰਤਾਂ ਦੁਆਰਾ ਮਰਦਾਂ ਦੀ ਬਰਾਬਰੀ ਲਈ ਔਰਤਾਂ ਦੇ ਲਗਾਤਾਰ ਯਤਨਾਂ ਨੂੰ ਉਜਾਗਰ ਕਰਦਾ ਹੈ। ਮਹਿਲਾ ਸਮਾਨਤਾ ਦਿਵਸ 2023 ਹਰ ਉਸ ਔਰਤ ਨੂੰ ਸਮਰਪਿਤ ਹੈ ਜਿਸ ਨੇ ਇਸ ਸਮਾਜ ਵਿੱਚ ਆਪਣੇ ਬਰਾਬਰੀ ਦੇ ਦਰਜੇ ਲਈ ਲੜਾਈ ਲੜੀ ਹੈ। ਇਹ ਦਿਨ ਉਨ੍ਹਾਂ ਸਾਰਿਆਂ ਨੂੰ ਵੀ ਸਮਰਪਿਤ ਹੈ ਜੋ ਸਮਾਜ ਵਿੱਚ ਬਰਾਬਰੀ ਲਈ ਲੜਦੇ ਰਹਿੰਦੇ ਹਨ।

ਇਹ ਦਿਨ ਹਮੇਸ਼ਾ ਇਹ ਯਾਦ ਕਰਨ ਲਈ ਮਨਾਇਆ ਜਾਂਦਾ ਹੈ ਕਿ ਕਿਵੇਂ ਸਾਡੇ ਸਮਾਜ ਨੇ ਔਰਤਾਂ ਤੇ ਮਰਦਾਂ ਨੂੰ ਬਰਾਬਰੀ ਨਾ ਦੇਣ ਤੋਂ ਲੈ ਕੇ ਔਰਤਾਂ ਦੀ ਬਰਾਬਰੀ ਲਈ ਇੱਕ ਦਿਨ ਮਨਾਉਣ ਤੱਕ ਦਾ ਸਫਰ ਕੀਤਾ ਹੈ। 26 ਅਗਸਤ 1970 ਨੂੰ ਵਿਸ਼ਵ ਭਰ ਦੀਆਂ ਔਰਤਾਂ ਨੇ ਬਰਾਬਰੀ ਲਈ ਹੜਤਾਲ ਕੀਤੀ। 1971 ਵਿੱਚ ਨਿਊਯਾਰਕ ਦੀ ਕਾਂਗਰਸ ਵੂਮੈਨ ਬੇਲਾ ਅਬਜੁਗ ਨੇ ਪ੍ਰਸਤਾਵ ਦਿੱਤਾ ਕਿ 26 ਅਗਸਤ ਨੂੰ ਮਹਿਲਾ ਸਮਾਨਤਾ ਦਿਵਸ ਘੋਸ਼ਿਤ ਕੀਤਾ ਜਾਵੇ। ਮਹਿਲਾ ਸਮਾਨਤਾ ਦਿਵਸ ਉਸ ਪਲ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ ਜਦੋਂ ਸੈਕਟਰੀ ਆਫ ਸਟੇਟ ਬੈਨਬਿ੍ਰਜ ਕੋਲਬੀ ਨੇ ਅਮਰੀਕੀ ਔਰਤਾਂ ਨੂੰ ਦੇਸ਼ ਦੇ ਸੰਵਿਧਾਨ ਦੇ ਤਹਿਤ ਵੋਟ ਪਾਉਣ ਦੇ ਅਧਿਕਾਰ ਦੀ ਗਰੰਟੀ ਦੇਣ ਲਈ ਇੱਕ ਜਨਤਕ ਘੋਸ਼ਣਾ ਕੀਤੀ ਸੀ।

ਕਈ ਦੇਸ਼ ਅਜਿਹੇ ਹਨ ਜਿੱਥੇ ਔਰਤਾਂ ਨੂੰ ਅੱਜ ਵੀ ਬਰਾਬਰੀ ਲਈ ਲੜਨਾ ਪੈਂਦਾ ਹੈ

ਮਹਿਲਾ ਸਮਾਨਤਾ ਦਿਵਸ ਦੀ ਰਸਮੀ ਘੋਸ਼ਣਾ 26 ਅਗਸਤ 1972 ਨੂੰ ਕੀਤੀ ਗਈ ਸੀ ਜੋ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਘੋਸ਼ਣਾ ਪੱਤਰ 4147 ਰਾਹੀਂ ਜਾਰੀ ਕੀਤੀ। ਔਰਤਾਂ ਦੀ ਸਮਾਨਤਾ ਦਿਵਸ ਔਰਤਾਂ ਨੂੰ ਸਨਮਾਨ ਦੇਣ, ਉਨ੍ਹਾਂ ਦੀ ਕਦਰ ਕਰਨ ਅਤੇ ਲਿੰਗ ਸਮਾਨਤਾ ਪ੍ਰਾਪਤ ਕਰਨ ਵੱਲ ਤਰੱਕੀ ਕਰਨ ਲਈ ਮਨਾਇਆ ਜਾਂਦਾ ਹੈ। ਸਮਾਜ ਵਿੱਚ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਅਤੇ ਸਨਮਾਨ ਦੇਣ ਵੱਲ ਇਹ ਪਹਿਲਾ ਕਦਮ ਸੀ।

ਅਸੀਂ ਉਸ ਦੇਸ਼ ਵਿੱਚ ਰਹਿੰਦੇ ਹਾਂ ਜਿੱਥੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਅਤੇ ਪ੍ਰਤਿਭਾ ਦੇਵੀ ਸਿੰਘ ਪਾਟਿਲ ਰਾਸ਼ਟਰਪਤੀ ਦੇ ਅਹੁਦੇ ’ਤੇ ਬਿਰਾਜਮਾਨ ਰਹੇ ਹੋਣ ਅਤੇ ਦ੍ਰੌਪਦੀ ਮੁਰਮੂ ਦੇਸ਼ ਦੇ ਸਭ ਤੋਂ ਉੱਚ ਅਹੁਦੇ ਰਾਸ਼ਟਰਪਤੀ ਦੇ ਅਹੁਦੇ ’ਤੇ ਬਿਰਾਜਮਾਨ ਹਨ। ਇਸ ਦੇ ਬਾਵਜੂਦ ਭਾਰਤ ਸਮੇਤ ਕਈ ਦੇਸ਼ ਅਜਿਹੇ ਹਨ ਜਿੱਥੇ ਔਰਤਾਂ ਨੂੰ ਅੱਜ ਵੀ ਬਰਾਬਰੀ ਲਈ ਲੜਨਾ ਪੈਂਦਾ ਹੈ। ਘਰ ਹੋਵੇ ਜਾਂ ਦਫਤਰ, ਔਰਤਾਂ ਨੂੰ ਹਮੇਸ਼ਾ ਹੀ ਮਰਦਾਂ ਨੇ ਘੱਟ ਸਮਝਿਆ ਹੈ। ਪਰ ਕੀ ਤੁਸੀਂ ਇਸ ਬਾਰੇ ਕਦੇ ਸੋਚਿਆ ਹੈ ਕਿ ਇੱਕ ਵਾਰ ਔਰਤ ਨੂੰ ਕੋਈ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇ ਤਾਂ ਦੇਖੋ ਕਿ ਉਹ ਇਸ ਨੂੰ ਮਰਦਾਂ ਦੇ ਮੁਕਾਬਲੇ ਬਿਹਤਰ ਤਰੀਕੇ ਨਾਲ ਨਿਭਾਉਂਦੀ ਹੈ।

ਇਹ ਵੀ ਪੜ੍ਹੋ : ਸਮਾਰਟ ਸਿਟੀ ਮਿਸ਼ਨ ਤਹਿਤ ਪੰਜਾਬ ਦੇ ਸ਼ਹਿਰੀ ਇਲਾਕਿਆਂ ਵਿਚ ਵੱਡੇ ਵਿਕਾਸ ਪ੍ਰਾਜੈਕਟ ਸ਼ੁਰੂ ਹੋਣਗੇ : ਮੁੱਖ ਮੰਤਰੀ

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਔਰਤਾਂ ਹਰ ਚੀਜ਼ ਨੂੰ ਸੁੰਦਰ ਬਣਾਉਂਦੀਆਂ ਹਨ। ਔਰਤਾਂ ਅੱਜ ਤੋਂ ਨਹੀਂ ਸਗੋਂ ਸਾਲਾਂ ਤੋਂ ਆਪਣੇ ਹੱਕਾਂ ਲਈ ਲੜ ਰਹੀਆਂ ਹਨ। ਭਾਰਤ ਨੇ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਔਰਤਾਂ ਨੂੰ ਮਰਦਾਂ ਦੇ ਬਰਾਬਰ ਵੋਟ ਦਾ ਅਧਿਕਾਰ ਦਿੱਤਾ ਹੋਇਆ ਹੈ ਪਰ ਜੇਕਰ ਅਸਲ ਬਰਾਬਰੀ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਆਜਾਦੀ ਦੇ ਇੰਨੇ ਸਾਲਾਂ ਬਾਅਦ ਵੀ ਔਰਤਾਂ ਦੀ ਹਾਲਤ ਵਿਚਾਰਨਯੋਗ ਹੈ। ਇੱਥੇ ਉਹ ਸਾਰੀਆਂ ਔਰਤਾਂ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਨੇ ਹਰ ਤਰ੍ਹਾਂ ਦੇ ਭੇਦਭਾਵ ਦੇ ਬਾਵਜੂਦ ਹਰ ਖੇਤਰ ਵਿੱਚ ਮੁਕਾਮ ਹਾਸਲ ਕੀਤਾ ਹੈ ਅਤੇ ਹਰ ਕੋਈ ਉਨ੍ਹਾਂ ’ਤੇ ਮਾਣ ਮਹਿਸੂਸ ਕਰਦਾ ਹੈ। ਪਰ ਇਸ ਕਤਾਰ ਵਿੱਚ ਉਨ੍ਹਾਂ ਸਾਰੀਆਂ ਔਰਤਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ, ਜੋ ਔਰਤਾਂ ਹੋਣ ਕਾਰਨ ਆਪਣੇ ਘਰਾਂ ਤੇ ਸਮਾਜ ਵਿੱਚ ਹਰ ਰੋਜ ਅਸਮਾਨਤਾ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਚਾਹੇ ਉਹ ਘਰ ਵਿੱਚ ਧੀ ਹੋਵੇ, ਪਤਨੀ ਹੋਵੇ, ਮਾਂ ਹੋਵੇ ਜਾਂ ਭੈਣ ਹੋਵੇ ।

ਇਹ ਵੀ ਪੜ੍ਹੋ: ਮਨਪ੍ਰੀਤ ਸਿੰਘ ਗਿੱਲ 1 ਮਿੰਟ ’ਚ ਲਾਏ 124 ਡੰਡ, ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ’ਚ ਨਾਂਅ ਦਰਜ 

ਹਰ ਰੋਜ ਅਖਬਾਰਾਂ, ਟੈਲੀਵਿਜਨ, ਸੋਸ਼ਲ ਮੀਡੀਆ ਵਿੱਚ ਕੁੜੀਆਂ ਨਾਲ ਛੇੜਛਾੜ ਤੇ ਜਬਰ ਜਨਾਹ ਵਰਗੀਆਂ ਖਬਰਾਂ ਪੜ੍ਹੀਆਂ ਤੇ ਵੇਖੀਆਂ ਜਾ ਸਕਦੀਆਂ ਹਨ। ਹਾਲ ਹੀ ਵਿੱਚ ਮਨੀਪੁਰ ਵਿੱਚ ਹੋਈ ਦਰਿੰਦਗੀ ਨੇ ਭਾਰਤ ਦੇਸ਼ ਨੂੰ ਸ਼ਰਮਸਾਰ ਕਰ ਦਿੱਤਾ। ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਕਾਰਨ ਪੈਦਾ ਹੋਣ ਵਾਲੇ ਤਣਾਅ ਬਾਰੇ ਵਿਸ਼ਵ ਦੇ ਪ੍ਰਮੁੱਖ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਭਾਰਤੀ ਔਰਤਾਂ ’ਤੇ ਕੀਤੇ ਸਰਵੇਖਣ ਅਨੁਸਾਰ ਭਾਰਤ ਦੀਆਂ ਜ਼ਿਆਦਾਤਰ ਔਰਤਾਂ ਤਣਾਅ ਵਿੱਚ ਰਹਿੰਦੀਆਂ ਹਨ। ਔਰਤਾਂ ਆਪਣੇ-ਆਪ ਨੂੰ ਬਹੁਤ ਜ਼ਿਆਦਾ ਤਣਾਅ ਅਤੇ ਦਬਾਅ ਵਿੱਚ ਮਹਿਸੂਸ ਕਰਦੀਆਂ ਹਨ।

ਇਹ ਵੀ ਪੜ੍ਹੋ: ਦੁਨੀਆ ’ਚ ਬਿ੍ਰਕਸ ਦਾ ਵਧਦਾ ਰੁਤਬਾ

ਇਹ ਸਮੱਸਿਆ ਆਰਥਿਕ ਤੌਰ ’ਤੇ ਉੱਭਰ ਰਹੇ ਦੇਸ਼ਾਂ ਵਿਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇੰਟਰਨੈੱਟ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ’ਤੇ ਕੀਤੇ ਗਏ ਸਰਵੇਖਣ ’ਚ ਭਾਰਤੀ ਔਰਤਾਂ ਨੇ ਆਪਣੇ-ਆਪ ਨੂੰ ਸਭ ਤੋਂ ਜ਼ਿਆਦਾ ਤਣਾਅਗ੍ਰਸਤ ਦੱਸਿਆ ਹੈ। ਸਰਵੇ ’ਚ 50 ਫੀਸਦੀ ਤੋਂ ਜ਼ਿਆਦਾ ਭਾਰਤੀ ਔਰਤਾਂ ਨੇ ਕਿਹਾ ਕਿ ਉਹ ਜ਼ਿਆਦਾਤਰ ਸਮੇਂ ਤਣਾਅ ’ਚ ਰਹਿੰਦੀਆਂ ਹਨ ਅਤੇ 60 ਫੀਸਦੀ ਨੇ ਕਿਹਾ ਕਿ ਉਨ੍ਹਾਂ ਕੋਲ ਆਰਾਮ ਕਰਨ ਦਾ ਸਮਾਂ ਨਹੀਂ ਹੈ। ਅੱਜ ਵੀ ਜ਼ਿਆਦਾਤਰ ਘਰਾਂ ਵਿੱਚ ਪਤੀ ਹੀ ਘਰ ਦਾ ਮੁਖੀ ਹੁੰਦਾ ਹੈ। ਘਰ ਅਤੇ ਸਮਾਜ ਦੇ ਜ਼ਿਆਦਾਤਰ ਫੈਸਲੇ ਲੈਣ ਵਿੱਚ ਮਰਦਾਂ ਦੀ ਮੁੱਖ ਭੂਮਿਕਾ ਮੰਨੀ ਜਾਂਦੀ ਹੈ। ਪਰਿਵਾਰ ਦੇ ਫੈਸਲੇ ਵੀ ਪਤੀਆਂ ਦੇ ਹੱਥ ਵਿੱਚ ਹੁੰਦੇ ਹਨ। ਔਰਤਾਂ ਨੂੰ ਨੌਕਰੀਆਂ ਲੈਣ ਜਾਂ ਬੈਂਕ ਖਾਤੇ ਖੋਲ੍ਹਣ ਦੀ ਇਜਾਜ਼ਤ ਦੇਣ ਵਿੱਚ ਪਤੀਆਂ ਦੀ ਵੱਡੀ ਭੂਮਿਕਾ ਹੁੰਦੀ ਹੈ। ਇਸ ਮਰਦ ਪ੍ਰਧਾਨ ਸਮਾਜ ਦੀ ਪ੍ਰਥਾ ਨੂੰ ਬਦਲਣ ਦੀ ਸਖ਼ਤ ਜਰੂਰਤ ਹੈ।

ਲੈਕਚਰਾਰ ਲਲਿਤ ਗੁਪਤਾ
ਗੋਪਾਲ ਭਵਨ ਰੋਡ,
ਅਹਿਮਦਗੜ੍ਹ (ਮਾਲੇਰਕੋਟਲਾ)
ਮੋ. 97815-90500