ਕਤਲ ਵੇਲੇ ਤਿੰਨ ਤਰ੍ਹਾਂ ਦੇ ਹਥਿਆਰ ਵਰਤੇ ਗਏ
- ਐਸਆਈਟੀ ਦਾ ਗਠਨ ਕਰਨ ਦੇ ਦਿੱਤੇ ਆਦੇਸ਼
- ਕਾਤਲਾਂ ਨੂੰ ਫੜਨ ਲਈ ਪੰਜਾਬ ਭਰ ’ਚ ਕੀਤੀ ਜਾ ਰਹੀ ਹੈ ਛਾਪੇਮਾਰੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਮਾਨਸਾ ‘ਚ ਕਤਲ ਹੋਏ ਸਿੱਧੂ ਮੂਸੇ ਵਾਲਾ ਦੇ ਮਾਮਲੇ ‘ਚ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ SIT ਦਾ ਗਠਨ ਕੀਤਾ ਜਾ ਰਿਹਾ ਹੈ ਜੋ ਪੂਰੇ ਮਾਮਲੇ ਦੀ ਜਾਂਚ ਕਰਨ ਦੇ ਨਾਲ-ਨਾਲ ਕਾਰਵਾਈ ਕਰੇਗੀ। ਸਿੱਧੂ ਮੂਸੇ ਵਾਲਾ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਪੰਜਾਬ ਭਰ ‘ਚ ਛਾਪੇਮਾਰੀ ਕਰਨ ਲਈ ਨਿਕਲੀਆਂ ਹਨ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਹ ਬਿਆਨ ਪੰਜਾਬ ਦੇ ਡੀਜੀਪੀ ਵੀ. ਕੇ. ਭੰਵਰਾ ਵੱਲੋਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਦੌਰਾਨ ਦਿੱਤਾ ਗਿਆ ਹੈ।
ਡੀਜੀਪੀ ਨੇ ਦੱਸਿਆ ਕਿ ਕਰੀਬ 4:30 ਵਜੇ ਸਿੱਧੂ ਮੂਸੇਵਾਲਾ ਆਪਣੇ ਘਰੋਂ ਨਿਕਲੇ ਸਨ ਅਤੇ ਕਰੀਬ 5:30 ਵਜੇ ਉਨ੍ਹਾਂ ਦੀਆਂ ਗੱਡੀਆਂ ‘ਤੇ ਹਮਲਾ ਕੀਤਾ ਗਿਆ। ਸਿੱਧੂ ਮੂਸੇ ਵਾਲਾ ਕੋਲ ਪਹਿਲਾਂ ਚਾਰ ਸੁਰੱਖਿਆ ਮੁਲਾਜ਼ਮ ਸਨ ਪਰ ਦੋ ਨੂੰ ਵਾਪਸ ਲੈਣ ਤੋਂ ਬਾਅਦ ਉਨ੍ਹਾਂ ਕੋਲ ਦੋ ਕਮਾਂਡਰ ਸਨ ਜਿਨ੍ਹਾਂ ਨੂੰ ਅੱਜ ਉਹ ਨਾਲ ਨਹੀਂ ਲੈ ਕੇ ਗਏ। ਇਸ ਦੇ ਨਾਲ ਹੀ ਉਸ ਕੋਲ ਇੱਕ ਪ੍ਰਾਈਵੇਟ ਬੁਲੇਟ ਪਰੂਫ ਗੱਡੀ ਵੀ ਸੀ, ਜਿਸ ਨੂੰ ਲੈ ਕੇ ਜਾਣ ਦੀ ਬਜਾਏ ਉਹ ਕੋਈ ਗੱਡੀ ਲੈ ਕੇ ਗਏ। ਡੀਜੀਪੀ ਨੇ ਦੱਸਿਆ ਕਿ ਜਦੋਂ ਉਹ ਸੜਕ ਤੋਂ ਲੰਘ ਰਹੇ ਸਨ ਤਾਂ ਅਚਾਨਕ ਸਾਹਮਣੇ ਤੋਂ ਦੋ ਗੱਡੀਆਂ ਆਈਆਂ ਅਤੇ ਉਨ੍ਹਾਂ ਨੂੰ ਰੋਕਣ ਤੋਂ ਬਾਅਦ ਤਾਬੜਤੋਲ਼ ਗੋਲੀਆਂ ਚਲਾ ਦਿੱਤੀਆਂ, ਇਹ ਫਾਇਰਿੰਗ ਤਿੰਨ ਵੱਖ-ਵੱਖ ਤਰ੍ਹਾਂ ਦੇ ਹਥਿਆਰਾਂ ਨਾਲ ਕੀਤੀ ਗਈ ਹੈ।
ਡੀਜੀਪੀ ਨੇ ਕਿਹਾ ਕਿ ਮਾਨਸਾ ਅਤੇ ਐਸਐਸਪੀ ਬਠਿੰਡਾ ਮੌਕੇ ’ਤੇ ਕਾਰਵਾਈ ਕਰ ਰਹੇ ਹਨ, ਜਦੋਂਕਿ ਦੂਜੇ ਪਾਸੇ ਪੁਲਿਸ ਪੰਜਾਬ ਭਰ ਵਿੱਚ ਛਾਪੇਮਾਰੀ ਕਰ ਰਹੀ ਹੈ। ਭਾਜਪਾ ਨੇ ਕਿਹਾ ਕਿ ਇਸ ਮਾਮਲੇ ‘ਚ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੈ ਕਿਉਂਕਿ ਇਸ ਮਾਮਲੇ ‘ਚ ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਕਤਲ ਦੀ ਜ਼ਿੰਮੇਵਾਰੀ ਵੀ ਲੈ ਲਈ ਗਈ ਹੈ।
ਇਹ ਵੀ ਪੜ੍ਹੋਂ…
ਪੰਜਾਬ ਵਿਧਾਨ ਸਭਾ ਚੋਣਾਂ ਲੜਨ ਵਾਲੇ ਪੰਜਾਬੀ ਗਾਇਕ ਸੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਕੋਲ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਰਣਜੀਤ ਰਾਏ ਵੱਲੋਂ ਕੀਤੀ ਗਈ। ਇਸ ਗੋਲੀਬਾਰੀ ਵਿੱਚ ਉਸਦੇ ਦੋ ਸਾਥੀ ਵੀ ਵੀ ਜ਼ਖਮੀ ਹੋ ਗਏ ਹਨ ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ।
ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਮਿਲਦਿਆਂ ਹੀ ਵੱਡੀ ਗਿਣਤੀ ‘ਚ ਭੀੜ ਸਿਵਲ ਹਸਪਤਾਲ ਦੇ ਬਾਹਰ ਇਕੱਠੀ ਹੋ ਗਈ। ਭੀੜ ਐਨੀ ਜ਼ਿਆਦਾ ਸੀ ਕਿ ਪੁਲਿਸ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਗਿਆ। ਸਿਵਲ ਹਸਪਤਾਲ ਦੇ ਦੋਵੇਂ ਗੇਟ ਬੰਦ ਕੀਤੇ ਗਏ ਤੇ ਸਿਵਲ ਹਸਪਤਾਲ ਨੂੰ ਆਉਂਦੇ ਰਸਤੇ ਪੁਲਿਸ ਵੱਲੋਂ ਰਸਤੇ ਬੰਨ ਕੇ ਬੰਦ ਕੀਤੇ ਗਏ। ਇੱਥੇ ਮੌਜ਼ੂਦ ਕਾਂਗਰਸੀ ਆਗੂਆਂ ਨੇ ਮਾਨ ਸਰਕਾਰ ’ਤੇ ਦੋਸ਼ ਲਾਇਆ ਕਿ ਪਿਛਲੀ ਦਿਨੀਂ ਹੀ ਗਾਇਕ ਸਿੱਧੂ ਮੂਸੇਵਾਲਾ ਦੀ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲਈ ਸੀ, ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਵਾਲੀ ਗੱਲ ਨੂੰ ਵਾਇਰਲ ਕੀਤਾ ਸੀ, ਇਹ ਵੱਡਾ ਕਾਰਨ ਹੀ ਸਿੱਧੂ ਮੂਸੇਵਾਲਾ ਦੀ ਮੌਤ ਦਾ ਕਾਰਨ ਬਣਿਆ ਹੈ। ਇਸ ਵੇਲੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ