ਬਠਿੰਡਾ ਵਿਖੇ ਏਮਜ ਦੇ ਉਦਘਾਟਨ ਮੌਕੇ ਓ.ਪੀ. ਸੋਨੀ ਨੇ ਵਾਰ ਵਾਰ ਲਿਆ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦਾ ਨਾਅ
ਹਰਸਿਮਰਤ ਕੌਰ ਬਾਦਲ ਪੰਜਾਬ ਲਈ ਕਰਦੀ ਐ ਬਹੁਤ ਜਿਆਦਾ ਮਿਹਨਤ, ਏਮਜ਼ ਅਤੇ ਸੈਂਟਰਲ ਯੂਨੀਵਰਸਿੱਟੀ ਲੈ ਕੇ ਆਇਆ ਐ ਬਾਦਲ ਪਰਿਵਾਰ : ਸੋਨੀ
ਚੰਡੀਗੜ (ਅਸ਼ਵਨੀ ਚਾਵਲਾ)। ਬਾਦਲ ਪਰਿਵਾਰ ਅਤੇ ਖ਼ਾਸ ਕਰਕੇ ਸੁਖਬੀਰ ਬਾਦਲ ਨੂੰ ਰਗੜੇ ਲਾਉਣ ਵਾਲੀ ਕਾਂਗਰਸ ਪਾਰਟੀ ਦੇ ਹੀ ਕੈਬਨਿਟ ਮੰਤਰੀ Minister OP Soni ਨੇ ਭਰੀ ਸਟੇਜ ‘ਤੇ ਨਾ ਸਿਰਫ਼ ਬਾਦਲ ਪਰਿਵਾਰ ਦੀ ਜੰਮ ਕੇ ਤਾਰੀਫ਼ ਕੀਤੀ ਹੈ, ਸਗੋਂ ਪੰਜਾਬ ਵਿੱਚ ਹੁਣ ਤੱਕ ਦੇ ਸਾਰੇ ਵਿਕਾਸ ਕਾਰਜਾਂ ਨੂੰ ਬਾਦਲ ਪਰਿਵਾਰ ਦੀ ਦੇਣ ਹੀ ਕਰਾਰ ਦੇ ਦਿੱਤਾ ਹੈ। ਸੋਨੀ ਵੱਲੋਂ ਆਪਣੀ ਬਾਦਲ ਪਰਿਵਾਰ ਦੇ ਗਾਏ ਗਏ ਸੋਹਲੇ ਦੇਖ ਕੇ ਖ਼ੁਦ ਕਾਂਗਰਸ ਪਾਰਟੀ ਹੀ ਹੈਰਾਨ ਹੈ ਪਰ ਇਸ ਸਮੇਂ ਕੋਈ ਵੀ ਕੁਝ ਕਹਿਣ ਨੂੰ ਵੀ ਤਿਆਰ ਨਹੀਂ ਹੈ।
ਬਠਿੰਡਾ ਵਿਖੇ ਏਮਜ਼ ਦੇ ਉਦਘਾਟਨ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਦੀ ਮੌਜੂਦਗੀ ਵਿੱਚ ਓ.ਪੀ. ਸੋਨੀ ਆਪਣਾ ਭਾਸ਼ਨ ਦੇ ਰਹੇ ਸਨ। ਓ.ਪੀ. ਸੋਨੀ ਵਲੋਂ ਇਸ ਤਰਾਂ ਦੇ ਭਾਸ਼ਨ ਦੀ ਕੋਈ ਵੀ ਉਮੀਦ ਨਹੀਂ ਕਰ ਰਿਹਾ ਸੀ, ਜਿਸ ਨੂੰ ਦੇਖ ਕੇ ਖ਼ੁਦ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੀ ਹੈਰਾਨ ਸਨ। ਕਾਂਗਰਸੀ ਮੰਤਰੀ ਦੇ ਮੂੰਹੋਂ ਤਾਰੀਫ਼ ਸੁਣਦੇ ਹੋਏ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਵੀ ਰੱਜ ਕੇ ਤਾੜੀਆਂ ਮਾਰੀਆਂ।
ਅਮਰਿੰਦਰ ਸਿੰਘ ਦਾ ਨਾਅ ਇੱਕਾ ਦੁੱਕਾ ਵਾਰ ਹੀ ਲਿਆ
ਓ.ਪੀ. ਸੋਨੀ ਜਦੋਂ ਸਟੇਜ ‘ਤੇ ਭਾਸ਼ਨ ਦੇਣ ਲਈ ਆਏ ਤਾਂ ਹਰ ਕਿਸੇ ਨੂੰ ਉਮੀਦ ਸੀ ਕਿ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਦੇ ਪੱਖ ਵਿੱਚ ਜਿਆਦਾ ਸੁਣਨ ਨੂੰ ਮਿਲੇਗਾ ਪਰ ਓ.ਪੀ. ਸੋਨੀ ਵਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਾਅ ਇੱਕਾ ਦੁੱਕਾ ਵਾਰ ਹੀ ਲਿਆ ਗਿਆ, ਜਦੋਂ ਕਿ ਸੁਖਬੀਰ ਬਾਦਲ ਤੋਂ ਲੈ ਕੇ ਪਰਕਾਸ਼ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਵਾਰ ਵਾਰ ਨਾਅ ਲੈਂਦੇ ਹੋਏ ਉਨਾਂ ਨੂੰ ਵਧਾਈ ਤੱਕ ਵੀ ਦਿੱਤੀ।
ਓ.ਪੀ. ਸੋਨੀ ਨੇ ਕਿਹਾ ਕਿ ਪੰਜਾਬ ਦੇ 5-6 ਵਾਰ ਮੁੱਖ ਮੰਤਰੀ ਰਹੇ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਸੋਚ ਹਮੇਸ਼ਾ ਪੰਜਾਬ ਲਈ ਹੀ ਰਹੀ ਹੈ। ਉਨਾਂ ਕਿਹਾ ਕਿ ਅਕਾਲੀ ਆਗੂਆਂ ਨੇ ਬਹੁਤ ਹੀ ਜਿਆਦਾ ਡਿਵੈਲਪਮੈਂਟ ਕਰਵਾਈ ਹੈ ਅਤੇ ਬਠਿੰਡਾ ਵਿਖੇ ਤਾਂ ਬਹੁਤ ਹੀ ਜਿਆਦਾ ਕੰਮ ਕਰਵਾਇਆ ਹੈ। ਇੱਥੋਂ ਤੱਕ ਕਿ ਅੰਮ੍ਰਿਤਸਰ ਨੂੰ ਮਿਲਣ ਵਾਲੀ ਸੈਂਟਰਲ ਯੂਨੀਵਰਸਿੱਟੀ ਨੂੰ ਵੀ ਬਠਿੰਡਾ ਵਿਖੇ ਸੁਖਬੀਰ ਬਾਦਲ ਹੀ ਲੈ ਕੇ ਆਏ ਹਨ। ਓ.ਪੀ. ਸੋਨੀ ਨੇ ਕਿਹਾ, ” ਪੰਜਾਬ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਸਾਡੀ ਭੈਣ ਹਰਸਿਮਰਤ ਕੌਰ ਬਾਦਲ ਹੀ ਲੈ ਕੇ ਆਈ ਸੀ। ਇਸ ਲਈ ਉਹ ਹਰਸਿਮਰਤ ਕੌਰ ਬਾਦਲ ਦਾ ਜਿੰਨਾ ਵੀ ਧੰਨਵਾਦ ਕਰਨ, ਉਨਾਂ ਹੀ ਥੋੜ੍ਹਾ ਹੈ। ਉਨਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਬਹੁਤ ਹੀ ਜਿਆਦਾ ਮਿਹਨਤ ਕਰਦੇ ਹਨ।”
ਕਈ ਸਿਆਸੀ ਮਾਅਨੇ ਨਿਕਲ ਰਹੇ ਹਨ ਸੋਨੀ ਵੱਲੋਂ ਕੀਤੀ ਵਾਹ ਵਾਹ ਦੇ
ਓ.ਪੀ. ਸੋਨੀ ਵਲੋਂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਕੀਤੀ ਗਈ ਵਾਹੋ ਵਾਹੀ ਦੇ ਕਈ ਮਾਅਨੇ ਕੱਢੇ ਜਾ ਰਹੇ ਹਨ, ਕਿਉਂਕਿ ਇਨਾਂ ਦਿਨਾਂ ਵਿੱਚ ਓ.ਪੀ. ਸੋਨੀ ਆਪਣੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਨਰਾਜ਼ ਚਲ ਰਹੇ ਹਨ। ਓ.ਪੀ. ਸੋਨੀ ਤੋਂ ਇਸੇ ਸਾਲ ਸਿੱਖਿਆ ਵਿਭਾਗ ਖੋਹ ਲਿਆ ਗਿਆ ਸੀ, ਜਿਸ ਤੋਂ ਬਾਅਦ ਓ.ਪੀ. ਸੋਨੀ ਨੇ ਚੰਡੀਗੜ ਵਿਖੇ ਆਪਣੇ ਦਫ਼ਤਰ ਵਿੱਚ ਬੈਠਣਾ ਵੀ ਛੱਡਿਆ ਹੋਇਆ ਹੈ ਅਤੇ ਉਹ ਇੱਕਾ ਦੂਕਾ ਵਾਰ ਹੀ ਆਪਣੇ ਦਫ਼ਤਰ ਵਿਖੇ ਆਏ ਹਨ।
ਓ.ਪੀ. ਸੋਨੀ ਵਲੋਂ ਬਾਦਲ ਪਰਿਵਾਰ ਦੀ ਕੀਤੀ ਗਈ ਤਾਰੀਫ਼ ਪਿੱਛੇ ਆਪਣੀ ਹੀ ਸਰਕਾਰ ਪ੍ਰਤੀ ਨਰਾਜ਼ਗੀ ਜ਼ਾਹਿਰ ਹੋ ਰਹੀਂ ਹੈ। ਇਸ ਨਾਲ ਹੀ ਓ.ਪੀ. ਸੋਨੀ ਨੇ ਬਾਦਲ ਪਰਿਵਾਰ ਨਾਲ ਆਪਣੇ ਨੇੜਤਾ ਵੀ ਜ਼ਾਹਿਰ ਕਰਨ ਦੀ ਕੋਸ਼ਸ਼ ਕੀਤੀ ਹੈ ਕਿ ਉਹ ਭਾਵੇਂ ਵਿਰੋਧੀ ਪਾਰਟੀ ਦੇ ਮੰਤਰੀ ਹਨ ਪਰ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨਾਲ ਵੀ ਉਨਾਂ ਦੀ ਨੇੜਤਾ ਉਨੀਂ ਹੀ ਹੈ, ਜਿੰਨੀ ਕਿ ਕਾਂਗਰਸ ਪਾਰਟੀ ਜਾਂ ਫਿਰ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਹੈ। ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਬਾਦਲਾਂ ਪ੍ਰਤੀ ਸੋਨੀ ਦਾ ਇਹ ਪਿਆਰ ਕਿਤੇ ਆਉਣ ਵਾਲੇ ਸਮੇਂ ‘ਚ ਸਿਆਸੀ ਪਲਟੀ ਦਾ ਰੂਪ ਤਾਂ ਨਹੀਂ ਧਾਰ ਲੈਂਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।