ਮੀਟਿੰਗ ’ਚ ਦੇਖ ਲਏ ਹਨ ਡੀ.ਸੀ. ਅਤੇ ਐਸ.ਐਸ.ਪੀ. ਦੇ ਰੰਗ ਢੰਗ, ਕਿਹੜਾ ਚੋਣ ਲਈ ਫਿੱਟ, ਕਿਹੜਾ ਨਹੀਂ, ਸਾਨੂੰ ਸਾਰਾ ਕੁਝ ਪਤਾ
ਜਿਹੜਾ ਵੀ ਅਧਿਕਾਰੀ ਕਰੇਗਾ ਪੱਖਪਾਤ, ਨਹੀਂ ਰਹੇਗਾ ਚੋਣ ਪ੍ਰਕਿ੍ਰਆ ਦਾ ਹਿੱਸਾ, ਕਾਰਵਾਈ ਵੀ ਤੈਅ
ਐਸ.ਐਸ.ਪੀ. ਅਤੇ ਡਿਪਟੀ ਕਮਿਸ਼ਨ ਦੀ ਮੀਟਿੰਗ ਤੋਂ ਬਾਅਦ ਕੇਂਦਰੀ ਚੋਣ ਕਮਿਸ਼ਨ ਨੇ ਕੀਤਾ ਸਪਸ਼ਟ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਐਸ.ਐਸ.ਪੀ. ਅਤੇ ਡਿਪਟੀ ਕਮਿਸ਼ਨਰਾਂ ਨਾਲ 4 ਘੰਟੇ ਤੋਂ ਜਿਆਦਾ ਲੰਬੇ ਸਮੇਂ ਦੀ ਮੀਟਿੰਗ ਤੋਂ ਬਾਅਦ ਕੇਂਦਰੀ ਚੋਣ ਕਮਿਸ਼ਨ ਵੱਲੋਂ ਇਨਾਂ ਅਧਿਕਾਰੀਆਂ ਨੂੰ ਸਿੱਧੀ ਚਿਤਾਵਨੀ ਦੇ ਦਿੱਤੀ ਹੈ ਕਿ ਉਨਾਂ ਵੱਲੋਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੇ ਰੰਗ ਢੰਗ ਦੇਖ ਲਏ ਗਏ ਹਨ। ਇਸ ਲਈ ਕਿਹੜਾ ਅਧਿਕਾਰੀ ਚੋਣ ਕਰਵਾਉਣ ਲਈ ਫਿੱਟ ਹੈ ਅਤੇ ਕਿਹੜਾ ਫਿੱਟ ਨਹੀਂ ਹੈ, ਇਸ ਸਬੰਧੀ ਸਾਰੀ ਜਾਣਕਾਰੀ ਮਿਲ ਗਈ ਹੈ। ਇਨ੍ਹਾਂ ਅਧਿਕਾਰੀਆਂ ਵਿੱਚੋਂ ਜਿਹੜਾ ਵੀ ਫਿੱਟ ਨਜ਼ਰ ਨਹੀਂ ਆਏਗਾ, ਉਸ ਅਧਿਕਾਰੀ ਨੂੰ ਤੁਰੰਤ ਬਦਲ ਦਿੱਤਾ ਜਾਏਗਾ। ਇਥੇ ਹੀ ਜਿਹੜੇ ਅਧਿਕਾਰੀ ਕਿਸੇ ਵੀ ਤਰਾਂ ਦਾ ਪੱਖਪਾਤ ਕਰਦੇ ਨਜ਼ਰ ਆਏ ਜਾਂ ਫਿਰ ਨਿਰਪਖ ਚੋਣ ਪ੍ਰਕਿ੍ਰਆ ਵਿੱਚ ਅੜਚਣ ਬਣੇ, ਉਨਾਂ ਅਧਿਕਾਰੀਆਂ ਦੇ ਖ਼ਿਲਾਫ਼ ਚੋਣ ਕਮਿਸ਼ਨ ਸਖ਼ਤ ਕਾਰਵਾਈ ਤੱਕ ਕਰ ਦੇਵੇਗਾ।
ਕੇਂਦਰੀ ਚੋਣ ਕਮਿਸ਼ਨ ਵੱਲੋਂ ਆਪਣੀ ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀ. ਨੂੰ ਹੁਣ ਤੋਂ ਇਹ ਜਾਣਕਾਰੀ ਦੇ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਸਾਰੇ ਅਧਿਕਾਰੀ ਚੋਣ ਕਮਿਸ਼ਨ ਦੇ ਅਧੀਨ ਹੀ ਕੰਮ ਕਰਨ ਵਾਲੇ ਹਨ। ਇਸ ਲਈ ਸਰਕਾਰ ਨਾਲ ਕੋਈ ਜਿਆਦਾ ਰਾਬਤਾ ਰੱਖਣ ਜਾਂ ਫਿਰ ਉਨਾਂ ਦੇ ਹੱਕ ਵਿੱਚ ਭੁਗਤਣ ਦੀ ਕੋਸ਼ਸ਼ ਤੱਕ ਨਹੀਂ ਕੀਤੀ ਜਾਵੇ।
ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਚੋਣ ਕਮਿਸ਼ਨ ਵਲੋਂ ਮੀਟਿੰਗ ਦੌਰਾਨ ਇਨਾਂ ਅਧਿਕਾਰੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਬੀਤੇ ਦਿਨੀਂ ਹੋਈ ਸਿਆਸੀ ਪਾਰਟੀਆਂ ਨਾਲ ਮੀਟਿੰਗ ਦੌਰਾਨ ਵਿਰੋਧੀ ਪਾਰਟੀਆਂ ਵਲੋਂ ਇਨਾਂ ਅਧਿਕਾਰੀਆਂ ਦੇ ਖ਼ਿਲਾਫ਼ ਹੀ ਸ਼ਿਕਾਇਤ ਦਿੱਤੀ ਹੈ ਕਿ ਸੂਬਾ ਸਰਕਾਰ ਵਲੋਂ ਉਨਾਂ ਨੂੰ ਨਿਰਪੱਖ ਚੋਣ ਪ੍ਰਕਿ੍ਰਆ ਵਿੱਚ ਰੁਕਾਵਟ ਪਾਉਣ ਲਈ ਉਨਾਂ ਨੂੰ ਲਗਾਇਆ ਗਿਆ ਹੈ, ਇਸ ਲਈ ਕੋਈ ਵੀ ਅਧਿਕਾਰੀ ਇਸ ਤਰਾਂ ਦੀ ਗਲਤੀ ਕਰਨ ਦੀ ਕੋਸ਼ਸ਼ ਨਾ ਕਰੇ।
ਕੇਂਦਰੀ ਚੋਣ ਮੁੱਖ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਨਿਰਪੱਖ ਚੋਣਾਂ ਕਰਵਾਈ ਜਾਣਗੀਆਂ। ਚੋਣ ਕਮਿਸ਼ਨ ਵਲੋਂ ਇਸ ਸਬੰਧੀ ਤਿਆਰੀਆਂ ਕੀਤੀ ਜਾ ਰਹੀਆਂ ਹਨ ਅਤੇ ਕੁਝ ਦਿਨਾਂ ਬਾਅਦ ਮੁੜ ਤੋਂ ਪੰਜਾਬ ਦਾ ਦੌਰਾ ਕੀਤਾ ਜਾਏਗਾ ਅਤੇ ਦੇਖਿਆ ਜਾਏਗਾ ਕਿ ਜਿਹੜੇ ਆਦੇਸ਼ ਉਨਾਂ ਵਲੋਂ ਦਿੱਤੇ ਗਏ ਸਨ। ਉਨਾਂ ਨੂੰ ਮੁਕੰਮਲ ਕਰਦੇ ਹੋਏ ਉਸੇ ਲਾਈਨ ’ਤੇ ਕਾਰਵਾਈ ਚਲ ਰਹੀ ਹੈ ਜਾਂ ਫਿਰ ਨਹੀਂ।
ਮੁੱਖ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਅੱਗੇ ਕਿਹਾ ਕਿ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਉਨਾਂ ਨੂੰ ਹਰ ਚੀਜ਼ ਦਾ ਅੰਦਾਜ਼ਾ ਲਗਾ ਲਿਆ ਹੈ ਅਤੇ ਚੋਣ ਕਮਿਸ਼ਨ ਆਪਣੇ ਜਿੰਮੇਵਾਰੀ ਨਾਲ ਨਿਰਪਖ ਚੋਣਾ ਕਰਵਾਏਗਾ। ਇਸ ਵਿੱਚ ਕੋਈ ਵੀ ਅਧਿਕਾਰੀ ਅੜਚਨ ਬਣੇਗਾ ਤਾਂ ਕਾਰਵਾਈ ਕੀਤੀ ਜਾਏਗੀ।
ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਵੋਟਰਾਂ ਅਤੇ ਪੋਲਿੰਗ ਸਟੇਸ਼ਨਾਂ ਦੇ ਵੇਰਵੇ ਜਾਰੀ ਕੀਤੇ ਗਏ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ