ਉਪ ਮੁੱਖ ਮੰਤਰੀ ਓ.ਪੀ. ਸੋਨੀ ਵਲੋਂ ਅਧਿਕਾਰੀਆਂ ਨੂੰ ਸਖ਼ਤ ਆਦੇਸ਼, ਕੰਟਰੋਲ ਕਰਨ ਡੇਂਗੂ

ਜਾਗਰੂਕਤਾ ਗਤੀਵਿਧੀਆਂ ਵਿੱਚ ਕੀਤਾ ਵਾਧਾ

  • ਸੂਬੇ ਵਿੱਚ ਹਰ ਐਤਵਾਰ ਨੂੰ ‘ਡਰਾਈ-ਡੇ‘ ਵਜੋਂ ਮਨਾਇਆ ਜਾਵੇਗਾ
  • ਸਰਗਰਮੀ ਨਾਲ ਕੰਮ ਕਰੋ ਨਹੀਂ ਤਾਂ ਤਬਾਦਲੇ ਲਈ ਤਿਆਰ ਰਹੋ : ਸੋਨੀ

(ਅਸ਼ਵਨੀ ਚਾਵਲਾ) ਚੰਡੀਗੜ। ਲੋਕਾਂ ਨੂੰ ਡੇਂਗੂ ਕੰਟਰੋਲ ਕਰਨ ਸਬੰਧੀ ਯਤਨਾਂ ਵਿੱਚ ਸਾਮਲ ਹੋਣ ਦਾ ਸੱਦਾ ਦਿੰਦਿਆਂ ਉਪ ਮੁੱਖ ਮੰਤਰੀ ਪੰਜਾਬ ਸ੍ਰੀ ਓ.ਪੀ. ਸੋਨੀ, ਜਿਨਾਂ ਕੋਲ ਸਿਹਤ ਵਿਭਾਗ ਵੀ ਹੈ, ਨੇ ਲੋਕਾਂ ਨੂੰ ਸੂਬੇ ਵਿੱਚ ਲਗਾਤਾਰ ਹਰ ਐਤਵਾਰ ਨੂੰ ‘ਡ੍ਰਾਈ-ਡੇ‘ ਮਨਾਉਣ ਲਈ ਕਿਹਾ। ਉਨਾਂ ਕਿਹਾ, “ਡੇਂਗੂ ਦੇ ਵਾਧੇ ਨੂੰ ਰੋਕਣ ਲਈ, ਇਹ ਲਾਜਮੀ ਹੈ ਕਿ ਲੋਕ ਹਫਤੇ ਵਿੱਚ ਘੱਟੋ ਘੱਟ ਇੱਕ ਵਾਰ ਪਾਣੀ ਦੇ ਸਾਰੇ ਡੱਬਿਆਂ ਨੂੰ ਸਾਫ ਕਰਨ ਅਤੇ ਲਾਰਵੇ ਦੇ ਪ੍ਰਜਨਨ ਚੱਕਰ ਨੂੰ ਤੋੜਨ।

ਸੂਬੇ ਦੇ ਸਾਰੇ ਸਿਵਲ ਸਰਜਨਾਂ ਅਤੇ ਮਹਾਂਮਾਰੀ ਵਿਗਿਆਨੀਆਂ ਨਾਲ ਇੱਕ ਵਰਚੁਅਲ ਮੀਟਿੰਗ ਦੌਰਾਨ ਡੇਂਗੂ ਦੇ ਫੈਲਾਅ ਦੀ ਸਥਿਤੀ ਅਤੇ ਕੀਤੇ ਗਏ ਨਿਯੰਤਰਣ ਉਪਾਵਾਂ ਦੀ ਸਮੀਖਿਆ ਕਰਦਿਆਂ ਸ੍ਰੀ ਸੋਨੀ ਨੇ ਦੱਸਿਆ ਕਿ 12,80,645 ਘਰਾਂ ਵਿੱਚ ਡੇਂਗੂ ਸਬੰਧੀ ਜਾਂਚ ਕੀਤੀ ਗਈ ਹੈ ਅਤੇ 21,683 ਘਰਾਂ ਵਿੱਚ ਮੱਛਰਾਂ ਦੀ ਪੈਦਾਵਾਰ ਸਬੰਧੀ ਰਿਪੋਰਟ ਸਾਹਮਣੇ ਆਈ ਹੈ। ਉਹਨਾਂ ਅੱਗੇ ਕਿਹਾ ਕਿ ਇਸ ਲਈ, ਇਹ ਲਾਜਮੀ ਹੈ ਕਿ ਲੋਕ ਆਪਣੇ ਘਰਾਂ ਵਿੱਚ ਪਾਣੀ ਦੇ ਜਮਾਂ ਹੋਣ ਸਬੰਧੀ ਸੁਚੇਤ ਰਹਿਣ। ਵੱਧ ਤੋਂ ਵੱਧ ਲੋਕਾਂ ਨੂੰ ਡਰਾਈ-ਡੇਅ ਮਨਾਉਣ ਵਿੱਚ ਸ਼ਾਮਲ ਕਰਨ ਲਈ ਡਰਾਈ-ਡੇ ਸੁੱਕਰਵਾਰ ਦੀ ਥਾਂ ਐਤਵਾਰ ਤੱਕ ਮਨਾਉਣਾ ਜਰੂਰੀ ਹੈ ਕਿਉਂਕਿ ਕੰਮਕਾਜੀ ਲੋਕਾਂ ਲਈ ਹਫਤੇ ਦੇ ਅੰਤ ਵਿੱਚ ਸਫਾਈ/ਡੱਬੇ ਖਾਲੀ ਕਰਨ ਲਈ ਸਮਾਂ ਕੱਢਣਾ ਸੌਖਾ ਹੁੰਦਾ ਹੈ। ਇਸ ਦੇ ਨਾਲ ਹੀ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਹੁਣ ਸੁੱਕਰਵਾਰ ਦੀ ਬਜਾਇ ਐਤਵਾਰ ਨੂੰ ਡਰਾਈ ਡੇ ਮਨਾਇਆ ਜਾਵੇਗਾ। ਉਨਾਂ ਅੱਗੇ ਕਿਹਾ ਕਿ ਇਸ ਨਾਲ ਲਾਰਵਾ ਪ੍ਰਜਨਨ ਨਿਰੀਖਣ ਟੀਮਾਂ ਨੂੰ ਵੱਧ ਤੋਂ ਵੱਧ ਘਰਾਂ ਤੱਕ ਪਹੁੰਚ ਬਣਾਉਣ ਵਿੱਚ ਸਹਾਇਤਾ ਮਿਲੇਗੀ ਕਿਉਂਕਿ ਹਫਤੇ ਦੇ ਕਿਸੇ ਹੋਰ ਦਿਨ ਦੇ ਮੁਕਾਬਲੇ ਐਤਵਾਰ ਨੂੰ ਲਾਰਵਾ ਪ੍ਰਜਨਨ ਜਾਂਚ ਲਈ ਵਧੇਰੇ ਲੋਕ ਘਰ ਮੌਜੂਦ ਹੋਣਗੇ।

ਡੇਂਗੂ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜਰ, ਉਪ ਮੁੱਖ ਮੰਤਰੀ ਨੇ ਕਿਹਾ, “ਅਸੀਂ ਡੇਂਗੂ ਕੰਟਰੋਲ ਸਬੰਧੀ ਉਪਾਅ ਤੇਜ ਕਰ ਦਿੱਤੇ ਹਨ। ਲਾਰਵਾ ਪ੍ਰਜਨਨ ਜਾਂਚ ਵਿੱਚ ਤੇਜੀ ਲਿਆਂਦੀ ਗਈ ਹੈ; ਪ੍ਰਜਨਨ ਜਾਂਚਕਰਤਾਵਾਂ ਦੀ ਸਮਰੱਥਾ ਲਗਭਗ ਦੋ ਗੁਣਾ ਵਧਾ ਦਿੱਤੀ ਗਈ ਹੈ।“ ਉਹਨਾਂ ਅੱਗੇ ਦੱਸਿਆ ਕਿ ਮੌਜੂਦਾ 480 ਪ੍ਰਜਨਨ ਜਾਂਚਕਰਤਾਵਾਂ ਦੇ ਸਹਿਯੋਗ ਲਈ 220 ਨਵੇਂ ਪ੍ਰਜਨਨ ਜਾਂਚਕਰਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸ੍ਰੀ ਸੋਨੀ ਨੇ ਕਿਹਾ ਕਿ ਹਰੇਕ ਜਲਿੇ ਵਿੱਚ ਵਾਧੂ ਪ੍ਰਜਨਨ ਜਾਂਚਕਰਤਾਵਾਂ ਨੂੰ ਡੇਂਗੂ ਦੇ ਫੈਲਾਅ ਅਤੇ ਜਿਲੇ ਦੇ ਭੂਗੋਲਿਕ ਖੇਤਰ ਦੇ ਅਨੁਪਾਤ ਅਨੁਸਾਰ ਤਾਇਨਾਤ ਕੀਤਾ ਗਿਆ ਹੈ। ਲਾਰਵੀਸਾਈਡ ਅਤੇ ਕੀਟਨਾਸ਼ਕਾਂ ਦੀ ਵੰਡ ਨੂੰ ਵੀ ਤੇਜ ਕੀਤਾ ਗਿਆ ਹੈ ਅਤੇ ਸੂਬੇ ਭਰ ਵਿੱਚ ਜਾਗਰੂਕਤਾ ਗਤੀਵਿਧੀਆਂ ਨੂੰ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਨਗਰ ਨਿਗਮ/ਕਮੇਟੀਆਂ ਅਤੇ ਪੇਂਡੂ ਵਿਕਾਸ ਵਿਭਾਗ ਦੇ ਕਰਮਚਾਰੀ ਨਿਰੀਖਣ ਟੀਮਾਂ ਨੂੰ ਸਹਿਯੋਗ ਦੇ ਰਹੇ ਹਨ ਅਤੇ ਫੌਗਿੰਗ ਅਤੇ ਛਿੜਕਾਅ ਵਿੱਚ ਸਹਾਇਤਾ ਕਰ ਰਹੇ ਹਨ। ਡੇਂਗੂ ਦੇ ਹੌਟਸਪੌਟ ਅਤੇ ਸੰਭਾਵਤ ਉੱਚ ਜੋਖਮ ਵਾਲੇ ਖੇਤਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਹਨਾਂ ਦੇ ਕੰਟਰੋਲ ਲਈ ਲੋੜੀਂਦੇ ਯਤਨ ਜਾਰੀ ਹਨ।

ਜਾਂਚ ਅਤੇ ਇਲਾਜ ਦੇ ਯਤਨਾਂ ਨੂੰ ਵੀ ਮਜਬੂਤ ਕੀਤਾ ਗਿਆ ਹੈ। ਡੇਂਗੂ ਡਾਇਗਨੌਸਟਿਕ ਕਿੱਟਾਂ ਦੀ ਲੋੜੀਂਦੀ ਸਪਲਾਈ ਉਪਲਬਧ ਕਰਵਾਈ ਜਾ ਰਹੀ ਹੈ। ਲਗਭਗ 28,000 ਟੈਸਟ ਕੀਤੇ ਗਏ ਹਨ ਜਿਸ ਦੇ ਸਿੱਟੇ ਵਜੋਂ ਡਾਕਟਰੀ ਦਖਲ ਨਾਲ ਤਕਰੀਬਨ ਦਸ ਹਜਾਰ ਡੇਂਗੂ ਪਾਜੇਟਿਵ ਕੇਸਾਂ ਦਾ ਪਤਾ ਲਗਾਇਆ ਗਿਆ ਹੈ। ਉਨਾਂ ਦੱਸਿਆ ਕਿ ਲੋੜੀਂਦੇ ਹਸਪਤਾਲਾਂ ਵਿੱਚ ਪੂਰੀ ਤਰਾਂ ਲੈਸ ਡੈਡੀਕੇਟਡ ਡੇਂਗੂ ਵਾਰਡ ਸਥਾਪਤ ਕੀਤੇ ਗਏ ਹਨ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ ਹਫਤੇ ਦੇ ਮੁਕਾਬਲੇ ਇਸ ਹਫਤੇ ਕੁਝ ਜਿਲਿਆਂ ਵਿੱਚ ਡੇਂਗੂ ਦੇ ਕੇਸਾਂ ਦੀ ਗਿਣਤੀ ਕੁਝ ਘਟੀ ਹੋਈ ਪਾਈ ਗਈ ਹੈ ਜੋ ਕਿ ਚੰਗਾ ਸੰਕੇਤ ਹੈ ਪਰ “ ਅਸੀਂ ਉਦੋਂ ਤੱਕ ਨਿਰੰਤਰ ਯਤਨ ਜਾਰੀ ਰੱਖਾਂਗੇ ਜਦੋਂ ਤੱਕ ਪੂਰੇ ਸੂਬੇ ਵਿੱਚ ਡੇਂਗੂ ਨੂੰ ਸਫਲਤਾਪੂਰਵਕ ਰੋਕ ਨਹੀਂ ਲੈਂਦੇ ।’’

ਉਪ ਮੁੱਖ ਮੰਤਰੀ ਨੇ ਸਿਵਲ ਸਰਜਨਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਸਥਾਨਕ ਮੈਂਬਰਾਂ ਅਤੇ ਸਥਾਨਕ ਟੀਵੀ/ ਰੇਡੀਓ ਚੈਨਲਾਂ ਨੂੰ ਜਾਣਕਾਰੀ ਦੇਣ ਅਤੇ ਜਾਗਰੂਕਤਾ ਫੈਲਾਉਣ ਵਿੱਚ ਸ਼ਾਮਲ ਕਰਨ ਅਤੇ ਬ੍ਰੀਡਿੰਗ ਚੈਕਿੰਗ, ਛਿੜਕਾਅ ਅਤੇ ਫੌਗਿੰਗ, ਨਿਰੰਤਰ ਜਾਰੀ ਰੱਖਣ। ਉਨਾਂ ਸਾਰੇ ਸਿਵਲ ਸਰਜਨਾਂ ਨੂੰ ਸਪੱਸ਼ਟ ਕੀਤਾ ਕਿ “ਕ੍ਰਾਈਸਿਸ ਮੈਨੇਜਮੈਂਟ ਮੋਡ ਵਿੱਚ ਸਰਗਰਮੀ ਨਾਲ ਕੰਮ ਕਰੋ ਨਹੀਂ ਤਾਂ ਤਬਾਦਲੇ ਲਈ ਤਿਆਰ ਰਹੋ।’’ ਇਸ ਮੌਕੇ ਸਿਹਤ ਸਕੱਤਰ ਵਿਕਾਸ ਗਰਗ ਅਤੇ ਸਿਹਤ ਅਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਡਾ: ਅੰਦੇਸ਼ ਕੰਗ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ