ਅਮਰਿੰਦਰ ਸਿੰਘ ਨੂੰ ਬਦਲਣ ਦੀ ਨਹੀਂ ਐ ਜਰੂਰਤ, ਸੰਗਠਨ ‘ਚ ਹੋਏਗਾ ਫੇਰਬਦਲ? :ਅਗਰਵਾਲ
-
ਖੜਗੇ ਕਮੇਟੀ ਦੇ ਮੈਂਬਰ ਨੇ ਕੀਤਾ ਖ਼ੁਲਾਸਾ
-
ਕਿਹਾ, ਅਮਰਿੰਦਰ ਸਿੰਘ ਖ਼ਿਲਾਫ਼ ਨਹੀਂ ਮਿਲੀ ਕੋਈ ਜਿਆਦਾ ਨਰਾਜ਼ਗੀ, 150 ਤੋਂ ਵੱਧ ਲੀਡਰਾਂ ਨੂੰ ਸੁਣਿਆ
ਚੰਡੀਗੜ, ਅਸ਼ਵਨੀ ਚਾਵਲਾ। ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਫੇਰਬਦਲ ਲੈ ਕੇ 20 ਜੂਨ ਨੂੰ ਦਿੱਲੀ ਵਿਖੇ ਕੋਈ ਵੀ ਮੀਟਿੰਗ ਨਹੀਂ ਹੋ ਰਹੀ ਅਤੇ ਇਸ ਤਰਾਂ ਦੀ ਕੋਈ ਮੀਟਿੰਗ ਨਾ ਹੀ ਤੈਅ ਕੀਤੀ ਗਈ ਸੀ ਅਤੇ ਨਾ ਹੀ ਹੁਣ ਤੱਕ ਕਿਸੇ ਨੂੰ ਇਸ ਤਰਾਂ ਦੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ, ਇਸ ਲਈ 20 ਜੂਨ ਨੂੰ ਕੋਈ ਮੀਟਿੰਗ ਨਹੀਂ ਹੋ ਰਹੀ। ਜਦੋਂ ਵੀ ਕਾਂਗਰਸ ਹਾਈ ਕਮਾਨ ਨੇ ਮੀਟਿੰਗ ਕਰਨੀ ਹੋਈ ਤਾਂ ਉਸ ਬਾਰੇ ਸਾਰਿਆਂ ਨੂੰ ਸੂਚਿਤ ਕੀਤਾ ਜਾਏਗਾ ਪਰ ਮੌਜੂਦਾ ਸਮੇਂ ਵਿੱਚ ਕੋਈ ਮੀਟਿੰਗ ਤੈਅ ਨਹੀਂ ਹੈ। ਇਹ ਖ਼ੁਲਾਸਾ ਖੜਗੇ ਕਮੇਟੀ ਦੇ ਮੈਂਬਰ ਜੇ.ਪੀ. ਅਗਰਵਾਲ ਨੇ ਕੀਤਾ।
ਜੇ.ਪੀ. ਅਗਰਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਬਦਲਣ ਸਬੰਧੀ ਕੋਈ ਵੀ ਸਿਫ਼ਾਰਸ਼ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਇਸ ਸਬੰਧੀ ਕੋਈ ਜਰੂਰਤ ਹੈ। ਉਨਾਂ ਕਿਹਾ ਕਿ ਕਮੇਟੀ ਵੱਲੋਂ ਜਦੋਂ ਸੁਣਵਾਈ ਕੀਤੀ ਜਾ ਰਹੀ ਸੀ ਤਾਂ 150 ਦੇ ਕਰੀਬ ਕਾਂਗਰਸੀ ਲੀਡਰ ਪੰਜਾਬ ਵਿੱਚੋਂ ਆਏ ਸਨ ਅਤੇ ਉਨਾਂ ਵਿੱਚੋਂ ਨਰਾਜ਼ ਲੀਡਰਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਹਨ, ਉਨਾਂ ਨੂੰ ਸੁਲਝਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕਈਆਂ ਨੇ ਸ਼ਿਕਾਇਤ ਕੀਤੀ ਸੀ ਕਿ ਅਧਿਕਾਰੀ ਨਹੀਂ ਸੁਣਦੇ ਹਨ ਅਤੇ ਕਈਆਂ ਦੀ ਕਿਸੇ ਹੋਰ ਪ੍ਰਕਾਰ ਦੀ ਸ਼ਿਕਾਇਤ ਸੀ ਪਰ ਕਿਸੇ ਨੇ ਵੀ ਅਮਰਿੰਦਰ ਸਿੰਘ ਨੂੰ ਹਟਾਉਣ ਸਬੰਧੀ ਕੁਝ ਵੀ ਨਹੀਂ ਕਿਹਾ। ਇਸ ਲਈ ਉਹ ਨਹੀਂ ਸਮਝਦੇ ਹਨ ਕਿ ਪੰਜਾਬ ਵਿੱਚ ਅਮਰਿੰਦਰ ਸਿੰਘ ਨੂੰ ਹਟਾਉਣ ਸਬੰਧੀ ਕੋਈ ਲੋੜ ਵੀ ਹੈ। ਉਨਾਂ ਕਿਹਾ ਕਿ ਪੰਜਾਬ ਸੰਗਠਨ ਨੂੰ ਲੈ ਕੇ ਜਰੂਰ ਚਰਚਾ ਹੋਈ ਹੈ ਅਤੇ ਜਲਦ ਹੀ ਪੰਜਾਬ ਵਿੱਚ ਸੰਗਠਨ ਵਿੱਚ ਕਾਫ਼ੀ ਜਿਆਦਾ ਬਦਲਾਓ ਹੁੰਦੇ ਨਜ਼ਰ ਆਉਣਗੇ। ਇਥੇ ਹੀ ਉਨਾਂ ਨੇ ਕੈਬਨਿਟ ਵਿੱਚ ਫੇਰਬਦਲ ਬਾਰੇ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਉਨਾਂ ਕਿਹਾ ਕਿ ਕੈਬਨਿਟ ਵਿੱਚ ਫੇਰਬਦਲ ਦਾ ਅਖਤਿਆਰ ਮੁੱਖ ਮੰਤਰੀ ਕੋਲ ਹੁੰਦਾ ਹੈ ਅਤੇ ਇਸ ਸਬੰਧੀ ਹਾਈ ਕਮਾਨ ਨਾਲ ਉਹ ਸਲਾਹ ਮਸ਼ਵਰਾ ਕਰ ਸਕਦੇ ਹਨ ਪਰ ਕਮੇਟੀ ਵਲੋਂ ਇਸ ਤਰਾਂ ਦਾ ਕੋਈ ਵੀ ਫੈਸਲਾ ਨਹੀਂ ਲਿਆ ਜਾ ਰਿਹਾ ਹੈ। ਉਨਾਂ ਨਵਜੋਤ ਸਿੱਧੂ ਬਾਰੇ ਕਿਹਾ ਕਿ ਆਉਣ ਵਾਲੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਹਰ ਲੀਡਰ ਨੂੰ ਨਾਲ ਲੈ ਕੇ ਚੱਲਣਾ ਜਰੂਰੀ ਹੈ, ਇਸ ਲਈ ਨਵਜੋਤ ਸਿੱਧੂ ਪਾਰਟੀ ਵਿੱਚ ਰਹਿੰਦੇ ਹੋਏ ਕੰਮ ਕਰਨਗੇ। ਨਵਜੋਤ ਸਿੱਧੂ ਨੂੰ ਕਿਹੜਾ ਅਹੁਦਾ ਦਿੱਤਾ ਜਾ ਰਿਹਾ ਹੈ ਤਾਂ ਉਨਾਂ ਨੇ ਇਸ ਸਬੰਧੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।













