2 ਕਰੋੜ 48 ਲੱਖ ਦੀ ਲਾਗਤ ਨਾਲ ਬਣਿਆ 280 ਫੁੱਟ ਲੰਮਾ ਪੁਲ ਦੇਸ਼ ਨੂੰ ਸਮਰਪਿਤ
ਫ਼ਿਰੋਜ਼ਪੁਰ, ਸਤਪਾਲ ਥਿੰਦ/ਸੱਚ ਕਹੂ ਨਿਊਜ਼
ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਤੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਵੱਲੋਂ ਚੇਤਕ ਪ੍ਰੋਜੈਕਟ ਤਹਿਤ 2 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ 280 ਫੁੱਟ ਲੰਮੇ ਪੁਲ ਨੂੰ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਰੱਖਿਆ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਹੁਸੈਨੀਵਾਲਾ ਰੋਡ ‘ਤੇ ਪੱਕੇ ਪੁਲ ਦੇ ਨਿਰਮਾਣ ਨਾਲ ਨਾ ਸਿਰਫ਼ ਸੁਰੱਖਿਆ ਬਲਾਂ ਨੂੰ ਸਗੋਂ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਆਪਣੀ ਰੋਜ਼ਾਨਾ ਆਵਾਜਾਈ ‘ਚ ਆਸਾਨੀ ਹੋਵੇਗੀ।
ਉਨ੍ਹਾਂ ਕਿਹਾ ਕਿ ਹੁਸੈਨੀਵਾਲਾ ਸਾਡੇ ਮਹਾਨ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੇ ਬਹੁਤ ਸਾਰੇ ਯੁੱਧ ਨਾਇਕਾ ਕਾਰਨ ਇੱਕ ਪਵਿੱਤਰ ਸਥਾਨ ਹੈ ਤੇ ਇਸ ਇਤਿਹਾਸਿਕ ਪੁਲ ਜੋ ਕਿ 1971 ਦੇ ਯੁੱਧ ‘ਚ ਬਰਬਾਦ ਹੋ ਗਿਆ ਸੀ, ਦਾ ਉਦਘਾਟਨ ਕਰਕੇ ਸਨਮਾਨ ਤੇ ਗੌਰਵ ਮਹਿਸੂਸ ਕਰ ਰਹੀ ਹਾਂ। ਨਵੇਂ ਪੁਲ ਦੇ ਨਿਰਮਾਣ ਨਾਲ ਹੁਸੈਨੀਵਾਲਾ ਦੇ ਬਹੁਤ ਸਾਰੇ ਖੇਤਰਾਂ ਨਾਲ ਵਿਕਾਸ ਦੇ ਰਸਤੇ ਖੁੱਲ੍ਹਣਗੇ। ਇਸ ਨਾਲ ਇਲਾਕੇ ਦੇ ਵਿਕਾਸ, ਵਪਾਰ, ਖੇਤੀ ਤੇ ਸੈਨਾ ਦੇ ਵਾਹਨਾਂ ਗੋਲਾ-ਬਾਰੂਦ ਤੇ ਹੋਰ ਸਮੱਗਰੀ ਨੂੰ ਲਿਆਉਣ ਤੇ ਲਿਜਾਉਣ ‘ਚ ਮੱਦਦ ਮਿਲੇਗੀ। ਬਾਅਦ ਵਿੱਚ ਰੱਖਿਆ ਮੰਤਰੀ ਨੇ ਹੁਸੈਨੀਵਾਲਾ ਸ਼ਹੀਦੀ ਸਮਾਰਕ ਤੇ ਸ਼ਹੀਦਾਂ ਨੂੰ ਫੁੱਲਾਂ ਦੇ ਨਾਲ ਸ਼ਰਧਾਂਜਲੀ ਦਿੱਤੀ ਤੇ ਇੱਥੇ ਹਾਜ਼ਰ ਸਾਰਿਆਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਉਨ੍ਹਾਂ ਵੱਲੋਂ ਫੌਜ ਦੇ ਜਵਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਜਵਾਨਾਂ ਨੇ ਦੱਸਿਆ ਕਿ ਸ਼ਹੀਦਾਂ ਦੀ ਧਰਤੀ ‘ਤੇ ਫਰਜ਼ ਨਿਭਾ ਕੇ ਉਹ ਫਕਰ ਮਹਿਸੂਸ ਕਰ ਰਹੇ ਹਨ। ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਕਮਿਸ਼ਨਰ ਫ਼ਿਰੋਜ਼ਪੁਰ ਡਵੀਜ਼ਨ ਸੁਮੇਰ ਗੁਰਜ਼ਰ, ਆਈਜੀ ਗੁਰਿੰਦਰ ਸਿੰਘ, ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਤੇ ਐੱਸਐੱਸਪੀ ਪ੍ਰੀਤਮ ਸਿੰਘ ਵੀ ਹਾਜ਼ਰ ਸਨ।
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਲੈਫ ਜਨਰਲ ਸੁਰਿੰਦਰ ਸਿੰਘ, ਆਰਮੀ ਕਮਾਂਡਰ ਪੱਛਮੀ ਕਮਾਂਡ ਤੇ ਲੈਫ ਜਨਰਲ ਹਰਪਾਲ ਸਿੰਘ, ਡਾਇਰੈਕਟਰ ਜਨਰਲ ਸੀਮਾ ਸੜਕ ਸੰਗਠਨ ਨਾਲ ਐਤਵਾਰ ਸਵੇਰੇ ਫ਼ਿਰੋਜਪੁਰ, ਪਹੁੰਚੇ ਜਿੱਥੇ ਹੈਲੀਪੈਡ ‘ਤੇ ਉਨ੍ਹਾਂ ਦਾ ਸਵਾਗਤ ਲੈਫ ਜਨਰਲ ਦੁਸ਼ਅੰਤ ਸਿੰਘ, ਜੀਓਸੀ ਵਜਰਾ ਕੌਰ ਨੇ ਕੀਤਾ ਤੇ ਹੁਸੈਨੀਵਾਲਾ ਪੁਲ ‘ਤੇ ਉਨ੍ਹਾਂ ਦਾ ਸਵਾਗਤ ਬ੍ਰਿਗੇਡੀਅਰ ਰਿਪੂ ਸੂਦਨ, ਮੁੱਖ ਇੰਜੀਨੀਅਰ (ਪ) ਚੇਤਕ ਨੇ ਕੀਤਾ ਤੇ ਪੁਲ ਦੇ ਨਿਰਮਾਣ ਤੇ ਤਕਨੀਕ ਬਾਰੇ ਜਾਣਕਾਰੀ ਦਿੱਤੀ।
1971 ਦੇ ਯੁੱਧ ਦੌਰਾਨ ਉੱਡਾ ਦਿੱਤਾ ਗਿਆ ਸੀ ਹੁਸੈਨੀ ਵਾਲਾ ਪੁਲ
ਫਿਰੋਜ਼ਪੁਰ-ਲਾਹੌਰ ਰਾਜਮਾਰਗ ‘ਤੇ ਹੁਸੈਨੀਵਾਲਾ ਕੋਲ ਸਤਲੁਜ ਦਰਿਆ ‘ਤੇ ਬਣੇ ਪੁਲ ਨੂੰ 1971 ਦੇ ਭਾਰਤ-ਪਾਕਿ ਯੁੱਧ ਦੌਰਾਨ ਉਡਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਸ ਜਗ੍ਹਾ ‘ਤੇ ਆਵਾਜਾਈ ਲਈ ਸੈਨਾ ਨੇ ਅਸਥਾਈ ਪੁਲ ਦਾ ਨਿਰਮਾਣ ਕੀਤਾ ਸੀ। ਇਸ ਪੁਰਾਣੇ ਪੁਲ ਨੂੰ ਪੱਕੇ ਪੁਲ ਦੇ ਰੂਪ ‘ਚ ਬਦਲਣ ਲਈ ਸੈਨਾ ਦੀ ਸੀਮਾ ਸੜਕ ਸੰਗਠਨ ਦੇ ਪ੍ਰੋਜੈਕਟ ਚੇਤਕ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ। ਪੁਲ ਦੇ ਤਿਆਰ ਹੋਣ ‘ਤੇ ਇਸ ਨੂੰ ਰੱਖਿਆ ਮੰਤਰੀ ਨੇ ਦੇਸ਼ ਨੂੰ ਸਮਰਪਿਤ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।