ਦਾਖਾ ਸੀਟ ਦੀ ਹਾਰ ਨੇ ਖੜੇ ਕੀਤੇ ਕਈ ਸੁਆਲ, ਕਈ ਸਿਰਕੱਢ ਕਾਂਗਰਸੀ ਆ ਸਕਦੇ ਹਨ ਘੇਰੇ ‘ਚ

Defeat, Dakha Seat , Six questions, Congressmen 

ਕੈਬਨਿਟ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਸਣੇ ਕਈ ਵਿਧਾਇਕਾਂ ਦੇ ਬਾਵਜੂਦ ਹੋਈ ਹਾਰ

ਅਸ਼ਵਨੀ ਚਾਵਲਾ/ਚੰਡੀਗੜ੍ਹ। ਦਾਖਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਹਾਰ ਨੇ ਕਈ ਸੁਆਲ ਖੜ੍ਹੇ ਕਰ ਦਿੱਤੇ ਹਨ। ਇਸ ਹਾਰ ਦੇ ਨਾਲ ਹੀ ਕਈ ਕਾਂਗਰਸ ਦੇ ਵੱਡੇ ਲੀਡਰ ਅਤੇ ਵਿਧਾਇਕਾਂ ਸਣੇ ਸੰਸਦ ਮੈਂਬਰ ਖ਼ੁਦ ਵੀ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ ਕਿ ਉਨ੍ਹਾਂ ਦੀ ਮੌਜ਼ੂਦਗੀ ਵਿੱਚ ਇੰਨੀ ਵੱਡੀ ਹਾਰ ਕਿਵੇਂ ਹੋ ਗਈ, ਜਦੋਂ ਕਿ ਮੁਸ਼ਕਲ ਸੀਟਾਂ ‘ਤੇ ਕਾਂਗਰਸ ਪਾਰਟੀ ਨੇ ਕਾਫ਼ੀ ਅਸਾਨੀ ਨਾਲ ਜਿੱਤ ਪ੍ਰਾਪਤ ਕਰ ਲਈ ਹੈ। ਇਸ ਹਾਰ ਦੇ ਮੰਥਨ ਤੋਂ ਬਾਅਦ ਹੀ ਕਾਂਗਰਸ ਦੇ ਕਈ ਵੱਡੇ ਆਗੂਆਂ ਦੀ ਸ਼ਾਮਤ ਆ ਸਕਦੀ ਹੈ, ਕਿਉਂਕਿ ਕਾਂਗਰਸ ਪਾਰਟੀ ਸਣੇ ਸਰਕਾਰ ਵੱਲੋਂ ਇਸ ਸੀਟ ਨੂੰ ਦਿਲ ਨਾਲ ਲੜਿਆਂ ਜਾ ਰਿਹਾ ਸੀ ਪਰ ਇਸੇ ‘ਤੇ ਕਾਫ਼ੀ ਵੱਡੇ ਫਰਕ ਨਾਲ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਹਾਰ ਦੇ ਪਿੱਛੇ ਕਾਂਗਰਸ ਪਾਰਟੀ ਵੱਲੋਂ ਕਾਰਨ ਲੱਭਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਹਾਰ ਦੇ ਕਾਰਨਾਂ ਨੂੰ ਲੈ ਕੇ ਦੋਸ਼ ਵੀ ਸ਼ੁਰੂ ਹੋ ਗਏ ਹਨ। ਇਸ ਹਾਰ ਪਿੱਛੇ ਕੋਈ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਜਿੰਮੇਵਾਰ ਠਹਿਰਾ ਰਿਹਾ ਹੈ ਤੇ ਕੋਈ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਦੋਸ਼ੀ ਠਹਿਰਾ ਰਿਹਾ ਹੈ। ਇਸ ਦੇ ਨਾਲ ਹੀ ਘੱਟ ਪ੍ਰਚਾਰ ਕਰਨ ਪਿੱਛੇ ਵੀ ਕਈ ਮੰਤਰੀਆਂ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਦੋਸ਼ੀ ਠਹਿਰਾਉਣ ਦੀ ਗੱਲ ਕਹੀ ਜਾ ਰਹੀਂ ਹੈ।

ਭਾਰਤ ਭੂਸ਼ਨ ਆਸ਼ੂ ਬਾਰੇ ਕਿਹਾ ਜਾ ਰਿਹਾ ਹੈ ਕਿ ਚੋਣਾਂ ਦੇ ਮੌਕੇ ਉਨ੍ਹਾਂ ਵੱਲੋਂ ਇੱਕ ਸਿੱਖ ਨੌਜਵਾਨ ਨੂੰ ਮਾਰੇ ਗਏ ਥੱਪੜ ਦੀ ਗੂੰਜ ਇੰਨੀ ਜ਼ਿਆਦਾ ਸੀ ਕਿ ਇਸ ਨਾਲ ਕਾਂਗਰਸ ਪਾਰਟੀ ਨੂੰ ਵੋਟਾਂ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਕਾਂਗਰਸੀ ਵਿਧਾਇਕਾਂ ਵੱਲੋਂ ਦਾਖਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਬੇਲੋੜੀ ਦਖ਼ਲ-ਅੰਦਾਜ਼ੀ ਨੇ ਵੀ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਪਿੱਛੇ ਕੁਲਬੀਰ ਜੀਰਾ ਨੂੰ ਵੀ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਪਿੰਡ ਸਰਾਭਾ ਵਿਖੇ ਆ ਕੇ ਹੰਗਾਮਾ ਕੀਤਾ ਅਤੇ ਉਸ ਤੋਂ ਬਾਅਦ ਮੁੜ ਫੇਸਬੁਕ ‘ਤੇ ਲਾਈਵ ਹੋ ਕੇ ਅਕਾਲੀ ਉਮੀਦਵਾਰ ਨੂੰ ਕਾਫ਼ੀ ਬੁਰਾ ਭਲਾ ਵੀ ਬੋਲਿਆ, ਜਿਹੜਾ ਦਾਖਾ ਦੇ ਵੋਟਰਾਂ ਨੂੰ ਪਸੰਦ ਨਹੀਂ ਆਇਆ ਕਿ ਕੋਈ ਬਾਹਰੀ ਵਿਅਕਤੀ ਹਲਕੇ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਉਮੀਦਵਾਰ ਨੂੰ ਇਸ ਤਰ੍ਹਾਂ ਕਿਵੇਂ ਬੋਲ ਸਕਦਾ ਹੈ।

ਇਸਦੇ ਨਾਲ ਹੀ ਦੋਸ਼ ਲੱਗ ਰਿਹਾ ਹੈ ਕਿ ਜਿਹੜੇ ਮੰਤਰੀਆਂ ਅਤੇ ਵਿਧਾਇਕਾਂ ਦੀ ਦਾਖਾ ਹਲਕੇ ਵਿੱਚ ਡਿਊਟੀ ਲਗੀ ਸੀ, ਉਨ੍ਹਾਂ ਨੇ ਦਿਲ ਨਾਲ ਨਾ ਤਾਂ ਪ੍ਰਚਾਰ ਕੀਤਾ ਅਤੇ ਨਾ ਹੀ ਜ਼ਿਆਦਾ ਸਮਾਂ ਡਿਊਟੀ ਦਿੱਤੀ, ਕਿਉਂਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਇਹ ਸੀਟ ਉਹ ਆਸਾਨੀ ਨਾਲ ਜਿੱਤ ਪ੍ਰਾਪਤ ਕਰ ਲੈਣਗੇ ਪਰ ਇੰਜ ਨਹੀਂ ਹੋਇਆ ਹੈ। ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਵੀ ਸੋਸ਼ਲ ਮੀਡੀਆ ਨੂੰ ਸਿੱਧੀਆਂ ਧਮਕੀਆਂ ਦੇਣ ਵਾਲਾ ਵੀਡੀਓ ਕਾਫ਼ੀ ਰਿਆਦਾ ਵਾਇਰਲ ਹੋਇਆ ਸੀ, ਜਿਸ ਦਾ ਨੁਕਸਾਨ ਵੀ ਦਾਖਾ ਵਿਧਾਨ ਸਭਾ ਸੀਟ ‘ਤੇ ਕਾਂਗਰਸ ਨੂੰ ਹੋਇਆ ਹੈ। ਬਾਕੀ ਵਿਧਾਨ ਸਭਾ ਸੀਟਾਂ ‘ਤੇ ਇਸ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੋਇਆ, ਜਿਸ ਕਾਰਨ ਹੀ ਉਨ੍ਹਾਂ ਸੀਟਾਂ ‘ਤੇ ਕਾਂਗਰਸ ਨੇ ਅਸਾਨੀ ਨਾਲ ਜਿੱਤ ਪ੍ਰਾਪਤ ਕਰ ਲਈ ਦਾਖਾ ਸੀਟ ‘ਤੇ ਵਿਵਾਦ ਜ਼ਿਆਦਾ ਹੋਣ ਕਾਰਨ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।