ਸ਼ਹੀਦ ਸੁਖਦੇਵ ਦਾ ਜਨਮ ਦਿਨ 15 ਮਈ ਨੂੰ ਕੋਟਕਪੂਰਾ ਵਿਖੇ ‘ਜਵਾਨੀ ਬਚਾਓ ਦਿਵਸ’ ਵਜੋਂ ਮਨਾਉਣ ਦਾ ਫੈਸਲਾ
ਕੋਟਕਪੂਰਾ, (ਸੁਭਾਸ਼ ਸ਼ਰਮਾ)। ਰਾਮ ਮੁਹੰਮਦ ਸਿੰਘ ਅਜ਼ਾਦ ਵੈੱਲਫੇਅਰ ਸੁਸਾਇਟੀ ਵੱਲੋਂ ਸ਼ਹੀਦ -ਏ–ਆਜ਼ਮ ਸ. ਭਗਤ ਸਿੰਘ , ਰਾਜਗੁਰੂ ਦੇ ਸੰਗਰਾਮੀ ਸਾਥੀ ਅਤੇ ‘ਹਿੰਦੁਸਤਾਨ ਸਮਾਜਵਾਦੀ ਰਿਪਬਲਿਕਨ ਐਸੋਸੀਏਸ਼ਨ’ ਦੇ ਜੱਥੇਬੰਦਕ ਇੰਚਾਰਜ ਸ਼ਹੀਦ ਸੁਖਦੇਵ ਜੀ ਦਾ 115ਵਾਂ ਜਨਮ ਦਿਨ 15 ਮਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਪੰਜਾਬ ਪੈਨਸ਼ਨਰਜ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ( ਏਟਕ ) ਦੇ ਦਫ਼ਤਰ,, ਸ਼ਹੀਦ ਭਗਤ ਸਿੰਘ ਪਾਰਕ, ਸਾਹਮਣੇ ਪੁਰਾਣਾ ਕਿਲਾ ਕੋਟਕਪੂਰਾ ਵਿਖੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ ।
ਇਹ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਪ੍ਰਧਾਨ ਅਸ਼ੋਕ ਕੌਸ਼ਲ , ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਸੋਮ ਨਾਥ ਅਰੋੜਾ ਅਤੇ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਹੈ ਕਿ ਇਹ ਦਿਨ ‘ ‘ਜਵਾਨੀ ਬਚਾਓ ਦਿਵਸ ‘ ਵਜੋਂ ਮਨਾਇਆ ਜਾਵੇਗਾ ਜਿਸ ਦੀ ਵਜ੍ਹਾ ਇਹ ਹੈ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਦੇਸ਼ ਦੇ ਨੌਜਵਾਨ ਵਰਗ ਨੂੰ ਬੇਰੁਜ਼ਗਾਰ ਰੱਖ ਕੇ ਉਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਗਰਕ ਜਾਣ , ਫਿਰਕੂ ਨਫ਼ਰਤ ਦੀ ਪਾਣ ਚੜ੍ਹਾ ਕੇ ਦੰਗਈ ਬਨਾਉਣ ਦੀਆਂ ਕੋਝੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।
ਸੁਸਾਇਟੀ ਦੇ ਆਗੂਆਂ ਨੇ ਅੱਗੇ ਦੱਸਿਆ ਕਿ ਨਿਰਾਸ਼ਾ ਦੇ ਆਲਮ ਕਰਕੇ ਪਿਛਲੇ ਪੰਜ ਸਾਲ ਦੌਰਾਨ ਸਿਰਫ਼ ਪੰਜਾਬ ਦੇ ਤਿੰਨ ਲੱਖ ਨੌਜਵਾਨ ਅਤੇ ਮੁਟਿਆਰਾਂ ਵਿਦੇਸ਼ਾਂ ਨੂੰ ਪ੍ਰਵਾਸ ਕਰਕੇ ਉਨਾਂ ਸਾਮਰਾਜੀ ਹਕੂਮਤਾਂ ਦੀ ਸੇਵਾ ਕਰਨ ਲਈ ਮਜਬੂਰ ਹੋ ਗਏ ਹਨ, ਜਿਨ੍ਹਾਂ ਵਿਦੇਸ਼ੀ ਹਾਕਮਾਂ ਨੂੰ ਇੱਥੋਂ ਚੱਲਦਾ ਕਰਨ ਲਈ ਸੁਖਦੇਵ ਵਰਗੇ ਕ੍ਰਾਂਤੀਕਾਰੀਆਂ ਨੇ ਫਾਂਸੀ ਦੇ ਰੱਸੇ ਚੁੰਮੇ ਸਨ। ਆਗੂਆਂ ਨੇ ਅੱਗੇ ਦੱਸਿਆ ਕਿ ਸਮਾਗਮ ਦੌਰਾਨ ਸ਼ਹੀਦ ਸੁਖਦੇਵ, ਉਸਦੇ ਸਾਥੀਆਂ ਅਤੇ ਉਸਦੀ ਜੱਥੇਬੰਦੀ ਦੇ ਉਦੇਸ਼ਾਂ ਬਾਰੇ ਚਰਚਾ ਕਰਨ ਦੇ ਨਾਲ-ਨਾਲ ਅੱਜ ਕਲ੍ਹ ਦੇ ਹਾਲਾਤਾਂ ਮੁਤਾਬਕ ਉਸਦੀ ਪ੍ਰਸੰਗਿਕਤਾ ਬਾਰੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ।
ਸੋਸਾਇਟੀ ਵੱਲੋਂ ਇਨਾਂ ਨੌਜਵਾਨ ਦੇਸ਼ ਭਗਤਾਂ ਦੀ ਕਦਰ ਕਰਨ ਵਾਲੇ ਸੱਜਣਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੇਵਾ ਮੁਕਤ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ,ਤਰਸੇਮ ਨਰੂਲਾ , ਇਕਬਾਲ ਸਿੰਘ ਮੰਘੇਡ਼ਾ ,ਪ੍ਰੋ. ਹਰਬੰਸ ਸਿੰਘ ਪਦਮ ,ਗੁਰਚਰਨ ਸਿੰਘ ਮਾਨ ,ਮੁਖਤਿਆਰ ਸਿੰਘ ਮੱਤਾ ,ਸੁਖਚੈਨ ਸਿੰਘ ਥਾਂਦੇਵਾਲਾ ਤੇ ਮਨਦੀਪ ਸਿੰਘ ਮਿੰਟੂ ਗਿੱਲ ਆਦਿ ਸ਼ਾਮਲ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ