ਅਵਾਰਾ ਡੰਗਰ ਨਾਲ ਹੋਇਆ ਹਾਦਸਾ, ਪੁੱਤ ਕੋਮਾ ‘ਚ, ਪਿਤਾ ਨੇ ਮੰਗਿਆ 30 ਲੱਖ ਹਰਜ਼ਾਨਾ

Post office scheme

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਾਰੀ ਕੀਤਾ ਸਰਕਾਰ ਨੂੰ ਨੋਟਿਸ

6 ਮਹੀਨੇ ਹਸਪਤਾਲ ਰਹਿਣ ਤੋਂ ਬਾਅਦ ਘਰ ‘ਚ ਐ ਮਰੀਜ਼

ਸੁਨੀਲ ਚਾਵਲਾ, ਸਮਾਣਾ

ਅਵਾਰਾ ਪਸ਼ੂ ਕਾਰਨ ਇੱਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੇ ਮਾਮਲੇ ‘ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਗਾਂ ਸੇਵਾ ਕਮਿਸ਼ਨ ਨੂੰ ਨੋਟਿਸ ਜਾਰੀ ਕਰਦੇ ਹੋਏ ਅਗਲੀ ਤਰੀਕ ਤੋਂ ਪਹਿਲਾਂ ਜਵਾਬ ਦੇਣ ਲਈ ਕਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਸਮਾਣਾ ਦੇ ਹਾਕਮ ਸਿੰਘ ਨੇ ਪਟੀਸ਼ਨ ਪਾਉਂਦੇ ਹੋਏ ਕਿਹਾ ਹੈ ਕਿ ਉਸ ਦਾ ਪੁੱਤਰ ਅਵਾਰਾ ਪਸ਼ੂ ਕਾਰਨ ਹਾਦਸਾ ਦਾ ਸ਼ਿਕਾਰ ਹੋਇਆ ਸੀ, ਜਿਸ ਕਾਰਨ ਉਸ ਦੀ ਯਾਦ ਸ਼ਕਤੀ ਚਲੀ ਗਈ ਹੈ, ਇਸ ਲਈ ਉਸ ਨੂੰ 30 ਲੱਖ ਦਾ ਹਰਜ਼ਾਨਾ ਦਿੱਤਾ ਜਾਵੇ।

ਹਾਕਮ ਸਿੰਘ ਨੇ ਪਟੀਸ਼ਨ ‘ਚ ਕਿਹਾ ਕਿ ਹੈ ਕਿ ਉਸ ਦਾ ਇਕਲੌਤਾ ਪੁੱਤਰ ਹਰਿੰਦਰ ਸਿੰਘ (25) ਆਈਟੀਆਈ ਤੋਂ ਡਿਪਲੋਮਾ ਹੋਲਡਰ ਹੈ। ਉਹ 15 ਸਤੰਬਰ ਨੂੰ ਮੋਟਰਸਾਈਕਲ ‘ਤੇ ਜਾ ਰਿਹਾ ਸੀ ਤਾਂ ਅਵਾਰਾ ਪਸ਼ੂ ਰਸਤੇ ‘ਚ ਆਉਣ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਸ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ‘ਤੇ ਉਹ ਬਿਹੋਸ਼ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਲਗਾਤਾਰ ਇਲਾਜ ਤੇ ਕਈ ਸਰਜਰੀਆਂ ਕਰਨ ਤੋਂ ਬਾਅਦ 27 ਫਰਵਰੀ 2018 ਨੂੰ ਪੀਜੀਆਈ ਤੋਂ ਛੁੱਟੀ ਦੇ ਦਿੱਤੀ ਗਈ।

ਹਾਕਮ ਸਿੰਘ ਨੇ ਪਟੀਸ਼ਨ ‘ਚ ਕਿਹਾ ਕਿ ਉਸ ਦੇ ਪੁੱਤਰ ਦੇ ਇਲਾਜ ‘ਚ ਹੁਣ ਤੱਕ 2 ਲੱਖ ਰੁਪਏ ਖ਼ਰਚ ਹੋ ਚੁੱਕੇ ਹਨ ਅਤੇ ਅਜੇ ਤੱਕ ਹਰਿੰਦਰ ਠੀਕ ਨਹੀਂ ਹੋਇਆ ਹੈ, ਸਗੋਂ ਉਸ ਦੀ ਯਾਦ ਸ਼ਕਤੀ ਖ਼ਤਮ ਹੋ ਗਈ ਹੈ। ਇੱਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੇ ਠੀਕ ਹੋਣ ਦੇ ਜਿਆਦਾ ਆਸਾਰ ਵੀ ਨਹੀਂ ਹਨ।

ਹਾਕਮ ਸਿੰਘ ਦੀ ਇਸ ਪਟੀਸ਼ਨ ‘ਤੇ ਜਸਟਿਸ ਰਾਜਨ ਗੁਪਤਾ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਸੜਕਾਂ ਤੇ ਗਲੀਆਂ ਵਿੱਚ ਅਵਾਰਾ ਪਸ਼ੂ ਖੁੱਲ੍ਹੇ ਆਮ ਘੁੰਮ ਰਹੇ ਹਨ। ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਹੀ ਸੜਕੀ ਹਾਦਸੇ ਹੋ ਰਹੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਮੁਸੀਬਤ ਉਠਾਉਣੀ ਪੈ ਰਹੀ ਹੈ। ਹਾਈ ਕੋਰਟ ਨੇ ਸਰਕਾਰ ਨੂੰ ਇਸ ਮਾਮਲੇ ‘ਚ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 6 ਦਸੰਬਰ 2018 ਨੂੰ ਹੋਵੇਗੀ।

ਸਮਾਣਾ ਨਗਰ ਕੌਂਸਲ ਵੀ ਐ ਜਿੰਮੇਵਾਰ : ਹਾਕਮ ਸਿੰਘ

ਹਾਕਮ ਸਿੰਘ ਨੇ ਇਸ ਪਟੀਸ਼ਨ ਵਿੱਚ ਸਮਾਣਾ ਨਗਰ ਕੌਂਸਲ ‘ਤੇ ਵੀ ਉਂਗਲ ਚੁੱਕੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸਮਾਣਾ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਇਲਾਕੇ ‘ਚ ਅਵਾਰਾ ਪਸ਼ੂਆ ਨੂੰ ਕੰਟਰੋਲ ‘ਚ ਕਰਨ ਲਈ ਕੋਈ ਵੀ ਕਦਮ ਨਹੀਂ ਚੁੱਕੇ ਹਨ, ਜਿਸ ਕਾਰਨ ਇਸ ਤਰ੍ਹਾਂ ਦੇ ਹਾਦਸੇ ਹੋ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।