(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਕਈ ਪੰਜਾਬੀ ਤੇ ਧਾਰਮਿਕ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਗਾਇਕ ਬੂਟਾ ਪ੍ਰਦੇਸੀ (ਬੀ.ਪ੍ਰਦੇਸੀ) ਦਾ ਦੇਹਾਂਤ ਹੋ ਗਿਆ ਹੈ। ਹਲਕਾ ਦੀਨਾਨਗਰ ਦੇ ਪਿੰਡ ਲੰਘੇ ਦੇ ਵਸਨੀਕ ਬੂਟਾ ਪ੍ਰਦੇਸੀ (Buta Pradesi Singer) ਗਾਇਕ ਤੇ ਨਾਲ-ਨਾਲ ਇੱਕ ਚੰਗੇ ਗੀਤਕਾਰ ਵੀ ਸਨ, ਜੋ ਨਿੱਕੀ ਉਮਰ ਤੋਂ ਹੀ ਸੰਗੀਤ ਨਾਲ ਜੁੜੇ ਹੋਏ ਸਨ। ਉਨ੍ਹਾਂ ਪੰਜਾਬੀ ਗੀਤ ‘ਮਹਿੰਦੀ ਸ਼ਗਨਾਂ ਦੀ’, ਧੀ ਬਾਬਲਾ, ਚੋਟਾਂ ਦਿਲ ’ਤੇ ਲੱਗੀਆਂ, ਦਸਤਾਰ, ਦਿਲ ’ਤੇ ਵਾਰ ਅਤੇ ਨੱਚਕੇ ਵੇਖ ਲਓ ਸਮੇਤ ‘ਬੰਸੀ ਬਜਾ ਕੇ ਕਾਨਹਾ’ ਅਤੇ ਭੋਲੇ ਦੀ ਬਰਾਤ ਆ ਗਈ ਵਰਗੇ ਭਜਨਾਂ ਨੂੰ ਆਪਣੀ ਆਵਾਜ਼ ਦਿੱਤੀ।
ਇਹ ਵੀ ਪੜ੍ਹੋ: ਦੁਨੀਆਂ ਤੋਂ ਜਾਂਦੇ ਹੋਏ ਵੀ ਸਮਾਜ ਪ੍ਰਤੀ ਆਪਣਾ ਫ਼ਰਜ਼ ਨਿਭਾ ਗਏ ਗੁਰਸੇਵਕ ਸਿੰਘ ਇੰਸਾਂ
ਉਨਾਂ ਦੀ ਇਸ ਬੇਵੱਕਤੀ ਮੌਤ ’ਤੇ ਦੀਨਾਨਗਰ ਸੱਭਿਆਚਾਰਕ ਮੰਚ ਦੇ ਪ੍ਰਧਾਨ ਗਾਇਕ ਸਾਬੀ ਸਾਗਰ, ਵਾਈਸ ਪ੍ਰਧਾਨ ਰਾਜ ਕੁਮਾਰ ਰਾਜਾ, ਮੁੱਖ ਪ੍ਰਬੰਧਕ ਜੀਵਨ ਖੈਰੀ, ਕਲਾਕਾਰ ਯੂਨੀਅਨ ਦੀਨਾਨਗਰ ਦੇ ਪ੍ਰਧਾਨ ਰਮੇਸ਼ ਕਲੌਤਰਾ, ਗਾਇਕ ਅਸ਼ੋਕ ਅਨੁਰਾਗ, ਗੀਤਕਾਰ ਬਿੱਟੂ ਦੀਨਾਨਗਰੀ, ਗਾਇਕ ਬਲਬੀਰ ਬੀਰਾ ਗੁਲੇਲੜਾ, ਮਦਨ ਕਲਿਆਣ ਅਤੇ ਸੰਗੀਤਕਾਰ ਜਸਵਿੰਦਰ ਬੱਬਲੂ ਮੁਕੇਰੀਆਂ ਸਮੇਤ ਜ਼ਿਲਾ ਗੁਰਦਾਸਪੁਰ ਦੇ ਵੱਖ-ਵੱਖ ਕਲਾਕਾਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।