ਵਾਤਾਵਰਨ ਪ੍ਰਦੂਸ਼ਨ: ਖ਼ਤਰਨਾਕ ਬਿਮਾਰੀਆਂ ਨੂੰ ਸੱਦਾ

Dangerous, Environment Pollution, Diseases, Ariticle

ਵੱਧ ਤੋਂ ਵੱਧ ਉਪਜ ਲੈਣ ਲਈ ਕਿਸਾਨਾਂ ਨੇ ਅੰਨੇਵਾਹ ਸਪਰੇਆਂ ਤੇ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਤੇ ਕਰ ਰਹੇ ਹਨ, ਜਿਸ ਨੇ ਜਨਜੀਵਨ ਲਈ ਮੁਸ਼ਕਿਲਾਂ ਦੇ ਪਹਾੜ ਖੜ੍ਹੇ ਕਰ ਦਿੱਤੇ ਹਨ ਅਜੋਕੇ ਸਮੇਂ ‘ਚ ਖੇਤੀ ਹੇਠਲਾ ਘਟ ਰਿਹਾ ਜ਼ਮੀਨੀ ਰਕਬਾ , ਕੁਦਰਤੀ ਸੋਮਿਆਂ ਪ੍ਰਤੀ ਅਣਗਹਿਲੀ ਅਤੇ ਲਾਲਚ ਨੇ ਕਈ ਸਮੱਸਿਆਵਾਂ ਦੇ ਬੀਜ ਬੀਜ ਦਿੱਤੇ ਹਨ ਖੇਤੀ ਮਾਹਿਰ ਮੰਨਦੇ ਹਨ ਕਿ ਕਿਸਾਨ, ਖੇਤੀਬਾੜੀ ਯੂਨੀਵਰਸਿਟੀ ਦੇ ਮਾਪਦੰਡਾਂ ਤੋ ਕਿਤੇ ਜ਼ਿਆਦਾ ਖਾਦਾਂ, ਕੀਟਨਾਸ਼ਕਾਂ ਦਾ ਉਪਯੋਗ ਕਰ ਰਿਹਾ ਹੈ, ਜਿਸ ਨੇ ਧਰਤੀ ਤੇ ਪਾਣੀ ਨੂੰ ਦੂਸ਼ਿਤ ਕਰਨ ‘ਚ ਕੋਈ ਕਸਰ ਨਹੀਂ ਛੱਡੀ, ਸਿੱਟੇ ਵਜੋਂ ਦੇਸ਼ ‘ਚ  ਬੀਮਾਰੀਆਂ ਨੇ ਲੋਕਾਂ ਨੂੰ  ਬੁਰੀ ਤਰ੍ਹਾਂ ਜਕੜ ਲਿਆ ਹੈ

ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ‘ਚ ਯੁਰੇਨੀਅਮ ਤੇ ਹੋਰ ਖਤਰਨਾਕ ਤੱਤਾਂ ਦਾ ਰਿਸਾਅ ਹੋ ਚੁੱਕਾ ਹੈ, ਜਿਸ ਕਰਕੇ ਕੈਂਸਰ ਤੇ ਹੋਰ ਖਤਰਨਾਕ ਬੀਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ ਪੰਜਾਬ ਦੇ ਮਾਲਵੇ ਇਲਾਕੇ ਖਾਸ ਕਰਕੇ ਬਠਿੰਡਾ, ਮਾਨਸਾ ਅਤੇ ਨਾਲ ਲੱਗਦੇ ਇਲਾਕਿਆਂ ‘ਚ ਕੈਂਸਰ ਨੇ ਆਪਣੀਆਂ ਜੜ੍ਹਾਂ ਪਸਾਰ ਲਈਆਂ ਹਨ ਸਰਕਾਰ ਦੀਆਂ ਹਜ਼ਾਰ ਕੋਸ਼ਿਸ਼ਾਂ ਦੇ ਬਾਵਜੂਦ ਇੱਥੋਂ ਦੇ ਲੋਕ , ਖਾਸ ਕਰਕੇ ਗਰੀਬ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ ਤੇ ਇਲਾਜ ਮਹਿੰਗਾ ਹੋਣ ਕਾਰਨ ਮੌਤ ਦੇ ਮੂੰਹ ‘ਚ ਜਾ ਰਹੇ ਹਨ

 ਭੋਜਨ-ਪਾਣੀ ‘ਚ ਜ਼ਹਿਰ ਸਿਖਰਾਂ ‘ਤੇ ਹੈ, ਛੇ ਮਹੀਨੇ ਦੀ ਫਸਲ ਉੱਪਰ ਪਤਾ ਨਹੀਂ ਕਿੰਨੀ ਵਾਰ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦਾ ਪ੍ਰਯੋਗ ਹੁੰਦਾ ਹੈ, ਉਹੀ ਫਸਲ ਨੂੰ ਅਸੀ ਅੰਨ ਦੇ ਰੂਪ ‘ਚ ਖਾਂਦੇ ਹਾਂ ਅਤੇ ਕੱਪੜੇ ਦੇ ਰੂਪ ‘ਚ ਪਹਿਨਦੇ ਹਾਂ ਫਲਾਂ, ਸਬਜ਼ੀਆਂ, ਦਾਲਾਂ ਉੱਪਰ ਤਾਂ ਜ਼ਹਿਰਾਂ ਦਾ ਛਿੜਕਾਅ ਬਹੁਤ ਜ਼ਿਆਦਾ ਕੀਤਾ ਜਾਦਾ ਹੈ ਫਲਾਂ, ਸਬਜ਼ੀਆਂ ਨੂੰ ਜਲਦੀ ਤਿਆਰ ਕਰਨ ਲਈ ਕੈਮੀਕਲਾਂ ਦੀ ਵਰਤੋਂ ਧੜੱਲੇ ਨਾਲ ਕੀਤੀ ਜਾ ਰਹੀ ਹੈ  ਅਜਿਹੀਆਂ ਜ਼ਹਿਰ ਯੁਕਤ ਫਲ ਤੇ ਸਬਜ਼ੀਆਂ ਖਾਣ ਵਾਲੇ ਲੋਕ ਤੰਦਰੁਸਤ ਕਿਵੇਂ ਰਹਿ ਸਕਦੇ ਹਨ?

ਇਨਸਾਨ ਨੂੰ ਜਿਉਂਦਾ ਰੱਖਣ ਵਾਲੀ ਵਸਤੂ ਭਾਵ ਖੁਰਾਕ ਹੀ ਜਦ ਜ਼ਹਿਰ ਬਣ ਗਈ ਤਾਂ ਜ਼ਿੰਦਗੀ ਕਿੱਦਾਂ ਬਿਮਾਰੀਆਂ ਤੋਂ ਸੁਰੱਖਿਅਤ ਤੇ ਤੰਦਰੁਸਤ ਰਹੇਗੀ? ਜਦੋਂ ਤੱਕ ਅਸੀਂ ਆਪਣਾ ਖਾਣਾ- ਪੀਣਾ ਸ਼ੁੱਧ ਨਹੀਂ ਕਰਦੇ , ਬੀਮਾਰੀਆਂ ਦੀ ਮਾਰ ਪੈਂਦੀ ਰਹੇਗੀ ਇਹ ਗੱਲ੍ਹ ਨਹੀਂ ਕਿ ਅੱਜ ਡਾਕਟਰਾਂ ਜਾਂ ਹਸਪਤਾਲਾਂ ਦੀ ਕਮੀ ਹੈ ਫਿਰ ਵੀ ਲੋਕ ਬੀਮਾਰ ਕਿਉਂ ਹਨ? ਹਰ ਸਾਲ ਲੋਕ ਕਰੋੜਾਂ ਰੁਪਏ ਦੀਆਂ ਦਵਾਈਆਂ ਖਾਂਦੇ ਹਨ  ਤੰਦਰੁਸਤੀ ਫਿਰ ਵੀ ਨਹੀਂ ਪਰ ਜੇ ਉਹ ਚਾਹੁਣ ਤਾਂ ਇਸ ਤੋਂ ਬਚਾਅ ਸੰਭਵ ਹੈ  ਖੇਤੀ ‘ਚ ਹੁਣ ਫਸਲ ਵਿਭਿੰਨਤਾ ਦੀ ਬਹੁਤ ਜ਼ਿਆਦਾ ਲੋੜ ਹੈ, ਜਿਸ ਨਾਲ ਜ਼ਮੀਨ ਹੇਠਲੇ ਪਾਣੀ ਅਤੇ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ

ਕਣਕ ਜਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ‘ਤੇ ਪਾਬੰਦੀ ਸਖ਼ਤੀ ਨਾਲ ਲਾਗੂ ਕੀਤੀ ਜਾਵੇ  ਇਸਨੂੰ ਸਾੜਣ ਨਾਲ ਮਿੱਤਰ ਕੀਟਾਂ ਦਾ ਅੰਤ ਹੁੰਦਾ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਕਿਸਾਨ ਤਾਂ ਅੱਗ ਲਗਾ ਕੇ ਆਪਣਾ ਕੰਮ ਮੁਕਾ ਦਿੰਦੇ ਹਨ, ਪਰ ਕਦੇ ਸਾਹ, ਦਮੇ ਦੇ ਮਰੀਜ਼ ਨੂੰ ਪੁੱਛੋ ਕਿ ਉਸ ਉੱਪਰ ਕੀ ਬੀਤਦੀ ਹੈ ? ਉਸਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਦਾ ਹੈ ਇਸ ਤੋਂ ਨਿਕਲੇ ਅਣਜਲੇ ਕਾਰਬਨ, ਕਾਰਬਨ ਮੋਨੋਆਕਸਾਈਡ ਅਤੇ ਹੋਰ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਨੂੰ ਦੂਸ਼ਿਤ ਕਰ ਰਹੀਆਂ ਹਨ

ਇਨ੍ਹਾਂ ‘ਚ ਕਾਰਬਨ ਮੋਨੋਅਕਸਾਈਡ ਦੀ ਮਾਤਰਾ ਲਗਭਗ 75 ਫੀਸਦੀ ਹੁੰਦੀ ਹੈ  ਤੰਬਾਕੂਨੋਸ਼ੀ ਕਰਨ ਵਾਲੇ ਵੀ ਲਗਾਤਾਰ ਹਵਾ ‘ਚ ਜ਼ਹਿਰ ਘੋਲ ਰਹੇ ਹਨ ਉਹ ਆਪ ਤਾਂ ਸਾਹ ਦਮੇ ਦੇ ਸ਼ਿਕਾਰ ਹੋਣਗੇ ਹੀ, ਨਾਲ  ਦੂਜਿਆਂ ਨੂੰ ਵੀ ਇਸਦੀ ਚਪੇਟ ‘ਚ ਲੈਣਗੇ ਹਵਾ ਪਾਣੀ ‘ਚ ਵਧਦੀ ਸਲਫਰ, ਨਾਈਟ੍ਰੋਜਨ ਆਕਸਾਈਡ, ਹਾਈਕਲੋਰਿਕ ਐਸਿਡ ਦੇ ਜ਼ਹਿਰੀਲੇ ਤੱਤਾਂ ਨੇ ਤੇਜ਼ਾਬੀ ਵਰਖਾ ਨੂੰ ਸੱਦਾ ਦਿੱਤਾ ਹੈ ਹੁਣ ਤੱਕ ਸਭ ਤੋਂ ਵੱਧ ਤੇਜ਼ਾਬੀ ਵਰਖਾ ਪੱਛਮੀ ਵਰਜੀਨੀਆ ‘ਚ ਹੋਈ ਜਿਸਦਾ ਪੀ.ਐੱਚ. ਮੁੱਲ 1.5 ਸੀ ਜਰਮਨੀ, ਸਵੀਡਨ, ਰੋਮਾਨੀਆ ਅਤੇ ਪੋਲੈਂਡ ਜਿਹੇ ਦੇਸ਼ਾਂ ‘ਚ ਪੰਜਾਹ ਫੀਸਦੀ ਕੁਦਰਤੀ ਜੰਗਲ ਤੇਜ਼ਾਬੀ ਵਰਖਾ ਨੇ ਨਸ਼ਟ ਕਰ ਦਿੱਤੇ ਹਨ ਇਸ ਨੇ ਤਾਂ ਤਾਜ ਮਹੱਲ ਨੂੰ ਵੀ ਨਹੀ ਬਖਸ਼ਿਆ ਉਸਦੀ ਸੁੰਦਰਤਾ ਨੂੰ ਦਾਗ ਲੱਗਣੇ ਸ਼ੁਰੂ ਹੋ ਗਏ ਹਨ

ਦਿੱਲੀ ਵਿਸ਼ਵ ਦਾ 41 ਵਾਂ ਪ੍ਰਦੂਸ਼ਿਤ ਸ਼ਹਿਰ ਹੈ ਇੱਥੇ ਆਟੋਮੋਬਾਇਲਾਂ ਤੇ ਹੋਰ ਵਾਹਨਾਂ ਰਾਹੀਂ ਲੈੱਡ ਵਾਤਾਵਰਨ ‘ਚ ਛੱਡੇ ਜਾ ਰਹੇ ਸਨ, ਜਿਸਦਾ ਹੱਲ  ਸਰਕਾਰ ਨੇ ਸੀ.ਐੱਨ. ਜੀ ਦੀ ਵਰਤੋਂ ਕਰਨ ਦਾ ਆਦੇਸ਼ ਦੇ ਕੇ ਕੀਤਾ ਹਰ ਸਾਲ ਅੱਧਾ ਮਿਲੀਅਨ ਲੈੱਡ ਸਾਡੇ ਵਾਤਾਵਰਨ ‘ਚ ਸ਼ਾਮਿਲ ਹੋ ਰਿਹਾ ਹੈ ਵਧਦੀਆਂ ਗੈਸਾਂ ਅਤੇ ਧੂੜ ਨੇ ਧਰਤੀ ਨੂੰ ਵਧੇਰੇ ਗਰਮ ਹੋਣ ਲਈ ਮਜ਼ਬੂਰ ਕੀਤਾ ਹੈ ਹਰ ਸਾਲ ਤਾਪਮਾਨ ਲਗਭਗ 0.6 ਸੈਲਸੀਅਸ ਦੀ ਦਰ ਨਾਲ ਵਧ ਰਿਹਾ ਹੈ, ਜਿਸਨੇ ਗੀ੍ਰਨ ਹਾਊਸ ਪ੍ਰਭਾਵ ਨੂੰ ਜਨਮ ਦਿੱਤਾ ਹੈ ਅਤੇ ਗਲੋਬਲ ਵਾਰਮਿੰਗ ਦਾ ਖਤਰਾ ਵਧਾ ਦਿੱਤਾ ਹੈ  ਆਉਣ ਵਾਲੇ ਸਮੇਂ ‘ਚ ਧਰਤੀ ਦਾ ਤਾਪਮਾਨ ਦੋ ਤੋਂ ਚਾਰ ਡਿਗਰੀ ਵਧ ਜਾਵੇਗਾ

ਗਲੇਸ਼ੀਅਰਾਂ ਦਾ ਪਿਘਲਣਾ ਜਾਰੀ ਹੈ, ਗੰਗੋਤਰੀ ਗਲੇਸ਼ੀਅਰ ਦੇ ਪਿਘਲਣ ਦੀ ਦਰ ਹੁਣ ਤੀਹ ਮੀਟਰ ਪ੍ਰਤੀ ਸਾਲ ਹੈ ਸਮੁੰਦਰਾਂ ‘ਚ  ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਜਿਸ ਕਰਕੇ ਹੜ, ਸੁਨਾਮੀ ਆਮ ਹੋ ਜਾਣਗੇ ਓਜ਼ੋਨ ਪਰਤ ‘ਚ ਹੋ ਰਹੇ ਛੇਕਾਂ ਕਾਰਨ ਵਿਗਿਆਨੀਆਂ ਨੇ ਚਿਤਾਵਨੀ ਦਿਤੀ ਹੈ ਕਿ ਆਉਣ ਵਾਲੇ ਸਮੇਂ ‘ਚ ਤਕਰੀਬਨ ਢਾਈ ਲੱਖ ਲੋਕ ਚਮੜੀ ਦੇ ਕੈਂਸਰ ਅਤੇ ਪੰਜ ਲੱਖ ਤੋਂ ਜ਼ਿਆਦਾ ਅੰਨ੍ਹੇਪਣ ਦਾ ਸ਼ਿਕਾਰ ਹੋਣਗੇ ਪ੍ਰਮਾਣੂ ਤਜ਼ਰਬਿਆਂ ਤੇ ਫੌਜ਼ ਦੇ ਸਾਜ਼ੋ- ਸਮਾਨ ਨੇ ਵੀ ਪ੍ਰਦੂਸ਼ਣ ‘ਚ ਵਾਧਾ ਕੀਤਾ ਹੈ ਨਾਗਾਸਾਕੀ-ਹੀਰੋਸ਼ੀਮਾ ਤੇ ਭੋਪਾਲ ਗੈਸ ਕਾਂਡ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ, ਜਿਸਨੇ ਲੱਖਾਂ ਨਿਰਦੋਸ਼ ਲੋਕਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਸੀ ਅਤੇ ਕਿੰਨੇ ਹੀ ਲੋਕਾਂ ਨੂੰ ਜ਼ਿੰਦਗੀ ਭਰ ਲਈ ਅਪਾਹਿਜ ਬਣਾ ਦਿਤਾ ਸੀ ਹੁਣ ਉਹ ਸਮਾਂ ਆ ਗਿਆ ਹੈ ਕਿ ਅਸੀ ਆਪਣੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਨੂੰ ਸਮਝੀਏ ਤੇ ਆਪਣਾ ਬਣਦਾ ਯੋਗਦਾਨ ਦੇਈਏ

   ਖਾਣ-ਪੀਣ ਵਾਲੀਆਂ ਚੀਜ਼ਾਂ ‘ਚ ਮਿਲਾਵਟ ਕਰਨ ਵਾਲੇ ਮਿਲਾਵਟਖੋਰਾਂ ਦੇ ਖਿਲਾਫ ਸਿਹਤ ਅਮਲਾ ਕਾਰਵਾਈ ਕਰਦਾ ਹੈ ਤੇ ਲੋਕ ਵੀ ਰੌਲਾ ਪਾਉਂਦੇ ਹਨ, ਪਰ ਉਨ੍ਹਾਂ ਮਿਲਾਵਟਖੋਰਾਂ ਦੇ ਖਿਲਾਫ ਆਵਾਜ਼ ਨਹੀਂ ਉੱਠਦੀ, ਜੋ ਆਪਣੇ ਨਿੱਜੀ ਹਿੱਤਾਂ ਲਈ ਨਦੀਆਂ ‘ਚ  ਜ਼ਹਿਰਾਂ ਘੋਲ ਰਹੇ ਹਨ ਕੁਦਰਤ ਨਾਲ ਛੇੜਛਾੜ ਕਿੰਨੀ ਮਹਿੰਗੀ ਪੈ ਸਕਦੀ ਹੈ, ਇਹ ਕੁਦਰਤ ਨੇ ਕਿੰਨੀ ਵਾਰ ਸਾਬਤ ਕਰ ਦਿੱਤਾ ਹੈ ਫਿਰ ਵੀ ਅਸੀਂ ਉਸ ਨਾਲ ਛੇੜਛਾੜ ‘ਚ ਕਮੀ ਕਰਨ ਦੀ ਬਜਾਇ ਹੋਰ ਤੇਜ਼ ਕਰ ਦਿੱਤੀ ਹੈ, ਜਿਸਦਾ ਖਮਿਆਜ਼ਾ ਤਬਾਹੀ ਹੋਵੇਗਾ

ਗੁਰਤੇਜ ਸਿੰਘ ਚੱੱਕ ਬਖਤੂ (ਬਠਿੰਡਾ)
ਮੋ.94641-72783

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।