ਪੰਜਾਬ ਤੇ ਪੰਜਾਬੀਆਂ ਦੇ ਵਡੇਰੇ ਹਿੱਤਾਂ ਦੀ ਖਾਤਰ ਕਰਫਿਊ ਲਾਉਣ ਲਈ ਹੋਣਾ ਪਿਆ ਮਜਬੂਰ  : ਮੁੱਖ ਮੰਤਰੀ

Amrinder Singh

ਲੋਕਾਂ ਨੂੰ ਸਵੈ-ਇੱਛਾ ਨਾਲ ਕਰਫਿਊ ਦੀ ਪਾਲਣਾ ਕਰਨ ਦੀ ਅਪੀਲ

ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤ ਕਾਰਵਾਈ ਦੀ ਚਿਤਾਵਨੀ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਮੌਜੂਦਾ ਸਮੇਂ ਪੈਦਾ ਹੋਏ ਜੰਗ ਵਰਗੇ ਹਾਲਾਤ ਨਾਲ ਨਿਪਟਣ ਵਾਸਤੇ ਲਾਏ ਗਏ ਕਰਫਿਊ ਦੀ ਸਵੈ-ਇੱਛਾ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨਾਂ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਸੂਬੇ ਦੇ ਵਡੇਰੇ ਹਿੱਤ ਵਿੱਚ ਲਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਕ ਵੀਡੀਓ ਸੰਦੇਸ਼ ਰਾਹੀਂ ਪੰਜਾਬ ਦੇ ਲੋਕਾਂ ਨੂੰ ਮੁਖ਼ਾਤਬ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ  ਅੱਜ ਸਵੇਰ ਤੋਂ ਸੂਬੇ ਵਿੱਚ ਮੁਕੰਮਲ ਬੰਦ (ਲੌਕਡਾਊਨ) ਦੇ ਅਮਲ ਵਿੱਚ ਆਉਣ ਦੇ ਬਾਵਜੂਦ ਸ਼ਹਿਰਾਂ, ਮੁਹੱਲਿਆਂ ਅਤੇ ਕਸਬਿਆਂ ਵਿੱਚ ਲੋਕਾਂ ਦੇ ਆਮ ਵਾਂਗ ਇਧਰ-ਉਧਰ ਫਿਰਨ ਦੀਆਂ ਰਿਪੋਰਟਾਂ ਹਾਸਲ ਹੋਈਆਂ ਸਨ।

ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਬੰਦ ਦੀ ਉਲੰਘਣਾ ਕਰਨਾ ‘ਚ ਅਸਹਿ ਹੈ। ਉਨਾਂ ਕਿਹਾ,’ਇਕ ਮੁਖੀ ਹੋਣ ਦੇ ਨਾਤੇ ਪੰਜਾਬ ਨੂੰ ਬਚਾਉਣਾ ਮੇਰੀ ਅਤੇ ਮੇਰੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।”

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸੂਬੇ ਵਿੱਚ ਕਰਫਿਊ ਪੂਰੇ ਦਿਨ 24 ਘੰਟਿਆਂ ਲਈ ਲਾਗੂ ਰਹੇਗਾ ਅਤੇ ਹੰਗਾਮੀ ਲੋੜਾਂ ਪੈਦਾ ਹੋਣ ‘ਤੇ ਸਬੰਧਤ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਪਾਸੋਂ ਬਕਾਇਦਾ ਇਜਾਜ਼ਤ ਲੈ ਕੇ ਹੀ ਬਾਹਰ ਜਾਣ ਦੀ ਆਗਿਆ ਹੋਵੇਗੀ ਅਤੇ ਡਿਪਟੀ ਕਮਿਸ਼ਨਰਾਂ ਦੇ ਮੋਬਾਇਲ ਨੰਬਰ ਲੋਕਾਂ ਨਾਲ ਸਾਂਝੇ ਕੀਤੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਔਖੇ ਸਮਿਆਂ ਵਿੱਚ ਔਖੇ ਫੈਸਲੇ ਲੈਣ ਦੀ ਲੋੜ ਹੁੰਦੀ ਹੈ। ਉਨਾਂ ਕਿਹਾ ਕਿ ਇਨਾਂ ਮੁਸ਼ਕਲ ਸਮਿਆਂ ‘ਚੋਂ ਨਿਕਲਣ ਲਈ ਕਰਫਿਊ ਲਾਉਣਾ ਜ਼ਰੂਰੀ ਹੋ ਗਿਆ ਸੀ। ਉਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ,”ਕਿਰਪਾ ਕਰਕੇ ਮੇਰੀ ਗੱਲ ਧਿਆਨ ਨਾਲ ਸੁਣੋ ਅਤੇ ਮੇਰੇ ਨਾਲ ਸਹਿਯੋਗ ਕਰੋ।” ਉਨਾਂ ਕਿਹਾ,”ਅਸੀਂ ਸਾਰੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਅਤੇ ਇਸ ਸੰਕਟ ਵਿੱਚੋਂ ਨਿਕਲਣ ਲਈ ਸਾਨੂੰ ਮੋਢਾ ਨਾਲ ਮੋਢਾ ਜੋੜ ਕੇ ਕੰਮ ਕਰਨਾ ਚਾਹੀਦਾ ਹੈ।” ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਸਾਨੂੰ ਆਪਣੇ ਸੂਬੇ ਅਤੇ ਸਾਡੇ ਲੋਕਾਂ ਨੂੰ ਬਚਾਉਣਾ ਚਾਹੀਦਾ ਹੈ ਜਿੱਥੇ ਸਾਡੇ ਬੱਚੇ ਹਨ ਅਤੇ ਪਰਿਵਾਰ ਹਨ।”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।