ਹਲਦੀ ਦੀ ਕਾਸ਼ਤ ਕਰਨ ਦੇ ਨਾਲ ਪ੍ਰੋਸੈੱਸ ਕਰਕੇ ‘ਸਾਂਝ ਫੂਡ’ ਦੇ ਬ੍ਰੈਂਡ ਹੇਠਾਂ ਹਲਦੀ ਨੂੰ ਵੇਚਦੇ ਹਨ ਬਜ਼ਾਰ ਵਿੱਚ | Farmer
- ਨਵਤੇਜ ਸਿੰਘ ਨੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਬਾਹਰ ਨਿਕਲਣ ਦੀ ਕੀਤੀ ਅਪੀਲ | haldi di kheti
ਗੁਰਦਾਸਪੁਰ (ਰਾਜਨ ਮਾਨ)। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹਰਚੋਵਾਲ ਦੇ ਕਿਸਾਨ ਨਵਤੇਜ ਸਿੰਘ ਨੇ ਖੇਤੀ ਖੇਤਰ ਵਿੱਚ ਨਵੀਆਂ ਪੈੜਾਂ ਪਾਉਂਦਿਆਂ ਹਲਦੀ ਦੀ ਸਫ਼ਲ ਕਾਸ਼ਤ ਕਰਕੇ ਮਿਸਾਲ ਪੈਦਾ ਕੀਤੀ ਹੈ। ਕੁਝ ਸਾਲ ਪਹਿਲਾਂ ਤੱਕ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚ ਪਏ ਕਿਸਾਨ ਨਵਤੇਜ ਸਿੰਘ ਨੂੰ ਜਦੋਂ ਇਹ ਮਹਿਸੂਸ ਹੋਇਆ ਕਿ ਉਸ ਨੂੰ ਆਪਣੀ ਆਮਦਨੀ ਵਧਾਉਣ ਲਈ ਇਸ ਫਸਲੀ ਚੱਕਰ ਵਿੱਚੋਂ ਨਿਕਲ ਕੇ ਹੋਰ ਫਸਲਾਂ ਦੀ ਪੈਦਾਵਾਰ ਕਰਨੀ ਚਾਹੀਦੀ ਹੈ ਤਾਂ ਫਿਰ ਉਸਨੇ ਇਸ ਬਾਰੇ ਸੋਚਣਾ ਸ਼ੁਰੂ ਕੀਤਾ।
ਇਸ ਤੋਂ ਬਾਅਦ ਨਵਤੇਜ ਸਿੰਘ ਨੇ ਗੁਰਦਾਸਪੁਰ ਵਿਖੇ ਬਾਗਬਾਨੀ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਅਤੇ ਉਨ੍ਹਾਂ ਕੋਲੋਂ ਬਾਗਬਾਨੀ ਅਤੇ ਸਬਜ਼ੀਆਂ ਦੀ ਕਾਸ਼ਤ ਬਾਰੇ ਜਾਣਕਾਰੀ ਹਾਸਲ ਕੀਤੀ। ਬਾਗਬਾਨੀ ਵਿਭਾਗ ਨੇ ਉਸਨੂੰ ਹਲਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ। ਇਸ ਸਬੰਧੀ ਉਸ ਨੇ ਬਾਗਬਾਨੀ ਵਿਭਾਗ ਕੋਲੋਂ ਹਲਦੀ ਦੀ ਕਾਸ਼ਤ ਅਤੇ ਇਸਨੂੰ ਪ੍ਰੋਸੈਸਿੰਗ ਕਰਨ ਦੀ ਸਿਖਲਾਈ ਵੀ ਲਈ।
ਚਾਰ ਏਕੜ ਤੋਂ ਸ਼ੁਰੂ ਕੀਤੀ ਹਲਦੀ ਦੀ ਕਾਸ਼ਤ | Haldi ki kheti | ਹਲਦੀ ਦੀ ਕਾਸ਼ਤ
3 ਸਾਲ ਪਹਿਲਾਂ ਕਿਸਾਨ ਨਵਤੇਜ ਸਿੰਘ ਆਪਣੇ ਖੇਤਾਂ ਵਿੱਚ 4 ਏਕੜ ਹਲਦੀ ਦੀ ਕਾਸ਼ਤ ਕੀਤੀ ਅਤੇ ਨਾਲ ਹੀ ਹਲਦੀ ਨੂੰ ਪ੍ਰੋਸੈਸਿੰਗ ਕਰਨ ਦਾ ਯੂਨਿਟ ਵੀ ਲਾ ਲਿਆ। ਇਸ ਤੋਂ ਬਾਅਦ ਉਸਨੇ ਹਲਦੀ ਪਾਊਡਰ ਦੀ ਪੈਕਿੰਗ ਕਰਕੇ ‘ਸਾਂਝ ਫੂਡ’ ਦੇ ਬ੍ਰੈਂਡ ਹੇਠਾਂ ਆਪਣੇ ਉਤਪਾਦ ਦਾ ਨਾਂਅ ਰਜ਼ਿਸਟਰਡ ਕਰਾ ਕੇ ਬਜ਼ਾਰ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ। ਬਜ਼ਾਰ ਵਿੱਚੋਂ ਚੰਗਾ ਹੁੰਗਾਰਾ ਮਿਲਣ ’ਤੇ ਨਵਤੇਜ ਸਿੰਘ ਨੇ ਹਲਦੀ ਦੀ ਕਾਸ਼ਤ ਹੇਠ ਰਕਬਾ ਹੋਰ ਵੀ ਵਧਾ ਦਿੱਤਾ। ਹੁਣ ਉਹ ਆਪਣੇ ਪਿੰਡ ਦੇ ਹੋਰ ਕਿਸਾਨਾਂ ਨਾਲ ਮਿਲ ਕੇ 15 ਏਕੜ ਵਿੱਚ ਹਲਦੀ ਦੀ ਕਾਸ਼ਤ ਕਰਦੇ ਹਨ ਅਤੇ ਉਸ ਹਲਦੀ ਨੂੰ ਪ੍ਰੋਸੈੱਸ ਕਰਕੇ ਬਜ਼ਾਰ ਵਿੱਚ ਸਿੱਧਾ ਵੇਚਦੇ ਹਨ। ਹਲਦੀ ਦੀ ਉੱਚ ਗੁਣਵਤਾ ਅਤੇ ਉਸਦੇ ਬਰੈਂਡ ਨੂੰ ਬਜ਼ਾਰ ਵਿੱਚ ਮਕਬੂਲੀਅਤ ਮਿਲਣ ਤੋਂ ਬਾਅਦ ਉਸਦਾ ਨਾਮ ਹੁਣ ਹਲਦੀ ਪੈਦਾ ਕਰਨ ਵਾਲੇ ਮੋਹਰੀ ਕਿਸਾਨਾਂ ਵਿੱਚ ਗਿਣਿਆ ਜਾਣ ਲੱਗਾ ਹੈ।
ਇਹ ਵੀ ਪੜ੍ਹੋ: ਅਣਪਛਾਤਿਆਂ ਨੇ ਘਰ ਬਾਹਰ ਖੜੀ ਕਾਰ ਨੂੰ ਤੇਲ ਛਿੜਕੇ ਕੀਤਾ ਅੱਗ ਹਵਾਲੇ, ਮਾਮਲਾ ਦਰਜ਼
ਕਿਸਾਨ ਨਵਤੇਜ ਸਿੰਘ ਦੱਸਦਾ ਹੈ ਕਿ ਹਲਦੀ ਦੀ ਫਸਲ ਨੂੰ ਅਪ੍ਰੈਲ ਮਹੀਨੇ ਵਿੱਚ ਬੀਜ਼ਿਆ ਜਾਂਦਾ ਹੈ ਅਤੇ ਫਰਵਰੀ ਮਹੀਨੇ ਪੁਟਾਈ ਕੀਤੀ ਜਾਂਦੀ ਹੈ। ਪੁਟਾਈ ਤੋਂ ਉਪਰੰਤ ਹਲਦੀ ਨੂੰ ਸਾਫ ਕਰਕੇ ਹਲਦੀ ਪ੍ਰੋਸੈਸਿੰਗ ਪਲਾਂਟ ਵਿੱਚ ਧੋਇਆ ਜਾਂਦਾ ਹੈ। ਧੋਣ ਉਪਰੰਤ ਹਲਦੀ ਨੂੰ ਉਬਾਲਿਆ ਜਾਂਦਾ ਹੈ। ਉਬਾਲਣ ਤੋਂ ਬਾਅਦ ਹਲਦੀ ਨੂੰ ਸੁਕਾ ਕੇ ਗਰਾਇੰਡ ਕੀਤਾ ਜਾਂਦਾ ਹੈ। ਫਿਰ ਇਸ ਹਲਦੀ ਪਾਊਡਰ ਦੀ ਪੈਕਿੰਗ ਕਰਕੇ ‘ਸਾਂਝ ਫੂਡ’ ਦੇ ਬ੍ਰੈਂਡ ਹੇਠਾਂ ਬਜ਼ਾਰ ਵਿੱਚ ਵੇਚਿਆ ਜਾਂਦਾ ਹੈ।
ਆਮਦਨ ਵਿੱਚ ਵਾਧਾ | haldi ki kheti | ਹਲਦੀ ਦੀ ਕਾਸ਼ਤ
ਨਵਤੇਜ ਸਿੰਘ ਦੱਸਦੇ ਹਨ ਕਿ ਕਣਕ-ਝੋਨੇ ਦੇ ਮੁਕਾਬਲੇ ਹਲਦੀ ਦੀ ਕਾਸ਼ਤ ਨਾਲ ਉਸਦੀ ਆਮਦਨ ਵਿੱਚ ਵਾਧਾ ਹੋਇਆ ਹੈ ਅਤੇ ਉਹ ਹੋਰ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਵੀ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲ ਕੇ ਹੋਰ ਫਸਲਾਂ ਦੀ ਕਾਸ਼ਤ ਕਰਨ। ਉਨ੍ਹਾਂ ਕਿਹਾ ਕਿ ਆਪਣੀ ਉੱਪਜ ਨੂੰ ਪ੍ਰੋਸੈੱਸ ਕਰਕੇ ਜਦੋਂ ਅਸੀਂ ਬਜ਼ਾਰ ਵਿੱਚ ਵੇਚਦੇ ਹਾਂ ਤਾਂ ਇਸਦਾ ਬਹੁਤ ਫਾਇਦਾ ਹੁੰਦਾ ਹੈ।