ਬਿਨਾਂ ਟੈਂਡਰ ਪ੍ਰਕ੍ਰਿਆ ਮੰਤਰੀਆਂ ਦੇ ਇਸ਼ਾਰੇ ‘ਤੇ ਪਿਛਲੇ 1 ਮਹੀਨੇ ‘ਚ ਖ਼ਰਚ ਹੋਏ 2 ਕਰੋੜ ਤੋਂ ਜਿਆਦਾ | Chandigarh News
- ਵਿਜੇ ਇੰਦਰ ਸਿੰਗਲਾ ਦੇ ਇਸ਼ਾਰੇ ‘ਤੇ ਤੋੜੀ ਕੰਧ , ਹੁਣ ਹੋਰ ਮੰਤਰੀ ਵੀ ਮੰਗ ਰਹੇ ਹਨ ਇਜਾਜ਼ਤ
- ਬਦਲ ਚੁੱਕਾ ਐ ਕਈ ਮੰਤਰੀਆਂ ਦੇ ਦਫ਼ਤਰਾਂ ਦਾ ਨਕਸ਼ਾ, ਕਈਆਂ ਦੇ ਦਫ਼ਤਰ ਹੋਣਗੇ ਅਜੇ ਤਿਆਰ
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਕੰਗਾਲ ਖਜਾਨੇ ਦਾ ਤਰਕ ਦਿੰਦੇ ਹੋਏ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਬਜ਼ੁਰਗਾ ਦੀ ਪੈਨਸ਼ਨ ਰੋਕਣ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ‘ਚ ਕੈਬਨਿਟ ਮੰਤਰੀ ਕਰੋੜਾ ਰੁਪਏ ਖ਼ਰਚ ਕੇ ਆਪਣੇ ਦਫ਼ਤਰਾਂ ਨੂੰ ਆਲੀਸ਼ਾਨ ਅਤੇ ਕੋਠੀਆਂ ਨੂੰ ਸ਼ਾਹੀ ਠਾਠ ਦੇਣ ਵਿੱਚ ਲਗੇ ਹੋਏ ਹਨ। (Chandigarh News)
ਪਿਛਲੇ ਇੱਕ ਮਹੀਨੇ ਵਿੱਚ ਪੰਜਾਬ ਸਰਕਾਰ ਦਾ ਪੀ.ਡਬਲੂ.ਡੀ. ਵਿਭਾਗ 2 ਕਰੋੜ ਰੁਪਏ ਤੋਂ ਜਿਆਦਾ ਦਾ ਖ਼ਰਚ ਕਰ ਚੁੱਕਾ ਹੈ। ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਇਹ ਖ਼ਰਚ ਕੀਤੇ ਗਏ 2 ਕਰੋੜ ਰੁਪਏ ਦੇ ਕੰਮਾਂ ਵਿੱਚੋਂ ਇੱਕ ਵੀ ਕੰਮ ਦਾ ਟੈਂਡਰ ਜਾਰੀ ਨਹੀਂ ਕੀਤਾ ਗਿਆ ਹੈ। ਇਹ ਸਾਰਾ ਸ਼ਾਹੀ ਠਾਠ ਦੇਣ ਦਾ ਕੰਮ ਬਿਨਾਂ ਟੈਂਡਰ ਪ੍ਰੀਕਿਆ ਦੇ ਕਾਰਨ ਗੈਰ ਕਾਨੂੰਨੀ ਢੰਗ ਨਾਲ ਚੱਲ ਰਿਹਾ ਹੈ, ਜਿਸ ‘ਤੇ ਸਰਕਾਰੀ ਪੈਸਾ ਪਾਣੀ ਦੀ ਤਰਾਂ ਬਹਾਇਆ ਜਾ ਰਿਹਾ ਹੈ। (Chandigarh News)
ਜਾਣਕਾਰੀ ਅਨੁਸਾਰ ਬੀਤੇ ਮਹੀਨੇ ਬਣਾਏ ਗਏ ਨਵੇਂ 9 ਮੰਤਰੀਆਂ ਨੂੰ ਚੰਡੀਗੜ ਵਿਖੇ ਸਰਕਾਰੀ ਕੋਠੀ ਅਤੇ ਦਫ਼ਤਰ ਅਲਾਟ ਕਰਨ ਤੋਂ ਬਾਅਦ ਜ਼ਿਆਦਾਤਰ ਕੈਬਨਿਟ ਮੰਤਰੀ ਆਪਣੇ ਦਫ਼ਤਰਾਂ ਵਿੱਚ ਇਸ ਕਰਕੇ ਨਹੀਂ ਆ ਰਹੇ ਹਨ, ਕਿਉਂਕਿ ਉਨਾਂ ਨੂੰ ਦਫ਼ਤਰ ਹੀ ਪਸੰਦ ਨਹੀਂ ਆਏ ਹਨ। ਜਿਸ ਦੇ ਚਲਦੇ ਕੈਬਨਿਟ ਮੰਤਰੀਆਂ ਵਲੋਂ ਆਪਣੇ ਦਫ਼ਤਰਾਂ ਨੂੰ ਆਲੀਸ਼ਾਨ ਬਣਾਉਣ ਦੇ ਨਾਲ ਹੀ ਸਰਕਾਰੀ ਕੋਠੀਆਂ ਨੂੰ ਸ਼ਾਹੀ ਠਾਠ ਦੀ ਤਰ੍ਹਾਂ ਬਣਾਉਣ ਲਈ ਆਦੇਸ਼ ਦੇ ਦਿੱਤੇ ਗਏ ਹਨ। (Chandigarh News)