ਕੋਵਿਡ ਨਾਲ ਨਜਿੱਠਣਗੀਆਂ 77 ਨਵੀਆਂ ਏਐਲਐਸ ਅਤੇ ਬੀਐਲਐਸ ਐਂਬੂਲੈਂਸਾਂ

100 ਹੋਰ ਐਂਬੂਲੈਂਸਾਂ ਦੀ ਖਰੀਦ ਪ੍ਰਕਿਰਿਆ ਅਧੀਨ

ਚੰਡੀਗੜ, (ਅਸ਼ਵਨੀ ਚਾਵਲਾ)। ਕੋਵਿਡ ਮਹਾਂਮਾਰੀ ਦੇ ਮੁਸਕਲ ਸਮੇਂ ਦੌਰਾਨ ਮਰੀਜਾਂ ਨੂੰ ਤੁਰੰਤ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ, 77 ਨਵੀਆਂ ਐਂਬੂਲੈਂਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਦਿੱਤੀ। ਸਿਹਤ ਮੰਤਰੀ ਨੇ ਮੁਹਾਲੀ ਤੋਂ 15 ਬੇਸਿਕ ਲਾਈਫ਼ ਸਪੋਰਟ (ਬੀਐਲਐਸ) ਐਂਬੂਲੈਂਸਾਂ ਨੂੰ ਹਰੀ ਝੰਡੀ ਦੇਣ ਉਪਰੰਤ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਐਂਬੂਲੈਂਸਾਂ ਦੀ ਘਾਟ ਨੂੰ ਪੂਰਾ ਕਰਨ ਲਈ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 100 ਹੋਰ ਐਂਬੂਲੈਂਸਾਂ ਖਰੀਦਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਉਨਾਂ ਕਿਹਾ ਕਿ ਪਹਿਲੇ ਪੜਾਅ ਵਿੱਚ 77 ਐਂਬੂਲੈਂਸਾਂ ਦਾ ਆਰਡਰ ਦਿੱਤਾ ਗਿਆ ਹੈ, ਜਿਹਨਾਂ ਵਿੱਚੋਂ ਪਹਿਲਾਂ ਹੀ 17 ਐਡਵਾਂਸ ਲਾਈਫ ਸਪੋਰਟ (ਏ.ਐੱਲ.ਐੱਸ.) ਐਂਬੂਲੈਂਸਾਂ ਦਿੱਤੀਆਂ ਜਾ ਚੁੱਕੀਆਂ ਹਨ। ਇਹ ਏਐਲਐਸ ਐਂਬੂਲੈਂਸਾਂ ਸੁਰੱਖਿਆ ਯੰਤਰ ਜਿਵੇਂ ਵੈਂਟੀਲੇਟਰਸ, ਡਿਫਾਈਬ੍ਰਿਲੇਟਰਸ, ਮਲਟੀ-ਪੈਰਾ ਪੇਸ਼ੈਂਟ ਮੋਨੀਟਰ, ਸੱਕਸ਼ਨ ਮਸੀਨ, ਨੇਬੁਲਾਈਜਰਜ ਨਾਲ ਪੂਰੀ ਤਰਾਂ ਲੈਸ ਹਨ। ਅੱਜ ਤੋਂ 60 ਬੀਐਲਐਸ ਐਂਬੂਲੈਂਸਾਂ ਦੀ ਡਿਲੀਵਰੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਪਹਿਲੀਆਂ 15 ਐਂਬੂਲੈਂਸਾਂ ਕਾਰਜ ਵਿਚ ਲਗਾ ਦਿੱਤੀਆਂ ਗਈਆਂ ਹਨ ਅਤੇ ਬਾਕੀ ਅਗਸਤ 2020 ਦੇ ਅੰਤ ਤਕ ਉਪਲਬਧ ਕਰਵਾ ਦਿੱਤੀਆਂ ਜਾਣਗੀਆਂ।

ਕੋਵਿਡ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਇਹ ਐਂਬੂਲੈਂਸਾਂ ਕਾਫੀ ਮਹੱਤਵਪੂਰਨ ਸਾਬਿਤ ਹੋ ਰਹੀਆਂ ਹਨ ਕਿਉਂਜੋ ਇਹਨਾਂ ਜ਼ਰੀਏ ਗੰਭੀਰ ਮਰੀਜਾਂ ਨੂੰ ਸਮੇਂ ਸਿਰ ਲੋੜੀਂਦੀਆਂ ਸਿਹਤ ਸੰਸਥਾਵਾਂ ਵਿਚ ਪਹੁੰਚਾਇਆ ਜਾ ਰਿਹਾ ਹੈ। ਐਮਰਜੈਂਸੀ ਐਂਬੂਲੈਂਸਾਂ ਸਹਿਰੀ ਖੇਤਰਾਂ ਵਿੱਚ 20 ਮਿੰਟ ਅਤੇ ਪੇਂਡੂ ਖੇਤਰਾਂ ਵਿੱਚ 30 ਮਿੰਟਾਂ ਦੇ ਅੰਦਰ ਅੰਦਰ ਮਿਥੇ ਸਥਾਨ ‘ਤੇ ਪਹੁੰਚ ਜਾਂਦੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ