RG Kar Case: ਕੋਲਕਾਤਾ (ਏਜੰਸੀ)। ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਆਰਜੀ ਕਾਰ ਮਾਮਲੇ ’ਚ ਸੋਮਵਾਰ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਅਦਾਲਤ ਨੇ ਦੁਪਹਿਰ 2.45 ਵਜੇ ਆਪਣਾ ਫੈਸਲਾ ਸੁਣਾਇਆ ਤੇ ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਪਹਿਲਾਂ ਫੈਸਲਾ ਸ਼ਾਮ 5.30 ਵਜੇ ਤੋਂ ਬਾਅਦ ਸੁਣਾਇਆ ਜਾਣਾ ਸੀ, ਪਰ ਮੁਲਜ਼ਮਾਂ ਤੇ ਹੋਰਾਂ ਦੇ ਅੰਤਿਮ ਬਿਆਨ ਸੁਣਨ ਤੋਂ ਬਾਅਦ, ਅਦਾਲਤ ਨੇ ਫੈਸਲਾ ਦੁਪਹਿਰ 2.45 ਵਜੇ ਤੱਕ ਸੁਰੱਖਿਅਤ ਰੱਖ ਲਿਆ।
ਇਹ ਖਬਰ ਵੀ ਪੜ੍ਹੋ : Health News: ਸਰਦੀਆਂ ’ਚ ਖਾਓ ਇਨ੍ਹਾਂ ਬੀਜ਼ਾਂ ਨੂੰ, ਸਰੀਰ ਤੇ ਸਕਿੱਨ ਰਹਿਣਗੇ ਗਰਮ
ਇਸ ਤੋਂ ਪਹਿਲਾਂ, ਸੰਜੇ ਰਾਏ ਨੂੰ ਕੋਲਕਾਤਾ ਦੀ ਇੱਕ ਅਦਾਲਤ ਨੇ ਸਰਕਾਰੀ ਆਰਜੀ ਕਾਰ ਮੈਡੀਕਲ ਕਾਲਜ ਤੇ ਹਸਪਤਾਲ ’ਚ ਇੱਕ ਮਹਿਲਾ ਇੰਟਰਨ ਡਾਕਟਰ ਨਾਲ ਜਬਰ-ਜਨਾਹ ਤੇ ਕਤਲ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਸੀ। ਜਿਨ੍ਹਾਂ ਧਾਰਾਵਾਂ ਤਹਿਤ ਰਾਏ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਨ੍ਹਾਂ ਦੇ ਤਹਿਤ ਉਸ ਨੂੰ ਘੱਟੋ-ਘੱਟ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ, ਜਦੋਂ ਕਿ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਮੌਤ ਹੋ ਸਕਦੀ ਹੈ। ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਸੰਜੇ ਰਾਏ ਨੇ ਅਦਾਲਤ ਨੂੰ ਦੱਸਿਆ ਕਿ ਮੈਨੂੰ ਫਸਾਇਆ ਜਾ ਰਿਹਾ ਹੈ, ਮੈਂ ਕੋਈ ਅਪਰਾਧ ਨਹੀਂ ਕੀਤਾ ਹੈ। ਇਸ ’ਤੇ ਸੀਬੀਆਈ ਨੇ ਕਿਹਾ ਕਿ ਇਹ ਇੱਕ ਘਿਨਾਉਣਾ ਅਪਰਾਧ ਹੈ। ਇਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। RG Kar Case
ਸੀਬੀਆਈ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਅਸੀਂ ਸਮਾਜ ’ਚ ਲੋਕਾਂ ਦਾ ਵਿਸ਼ਵਾਸ ਬਣਾਈ ਰੱਖਣ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਬੇਨਤੀ ਕਰਦੇ ਹਾਂ। ਇਸ ਮਾਮਲੇ ’ਚ, ਪੀੜਤ ਦੇ ਮਾਪਿਆਂ ਨੇ ਦੋਸ਼ੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਆਪਣੀ ਦਲੀਲ ’ਚ ਸੰਜੇ ਰਾਏ ਦੇ ਵਕੀਲ ਨੇ ਕਿਹਾ ਕਿ ਦੋਸ਼ੀ ਨੂੰ ਮੌਤ ਦੀ ਸਜ਼ਾ ਦੀ ਬਜਾਏ ਕੋਈ ਹੋਰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਭਾਵੇਂ ਇਹ ਦੁਰਲੱਭ ਤੋਂ ਦੁਰਲੱਭ ਮਾਮਲਾ ਹੈ, ਫਿਰ ਵੀ ਸੁਧਾਰ ਦੀ ਗੁੰਜਾਇਸ਼ ਹੋਣੀ ਚਾਹੀਦੀ ਹੈ। ਅਦਾਲਤ ਨੂੰ ਇਹ ਦਿਖਾਉਣਾ ਪਵੇਗਾ ਕਿ ਦੋਸ਼ੀ ਸੁਧਾਰ ਜਾਂ ਪੁਨਰਵਾਸ ਦੇ ਯੋਗ ਕਿਉਂ ਨਹੀਂ ਹੈ। ਸਰਕਾਰੀ ਵਕੀਲ ਨੂੰ ਸਬੂਤ ਤੇ ਕਾਰਨ ਪੇਸ਼ ਕਰਨੇ ਚਾਹੀਦੇ ਹਨ ਕਿ ਵਿਅਕਤੀ ਕਿਉਂ ਸੁਧਾਰਯੋਗ ਨਹੀਂ ਹੈ ਤੇ ਉਸ ਨੂੰ ਸਮਾਜ ਤੋਂ ਪੂਰੀ ਤਰ੍ਹਾਂ ਖਤਮ ਕਰ ਦੇਣਾ ਚਾਹੀਦਾ ਹੈ।
ਕੀ ਹੈ ਮਾਮਲਾ? | RG Kar Case
ਸਿਆਲਦਾਹ ਅਦਾਲਤ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਨਿਰਬਾਨ ਦਾਸ ਨੇ ਸ਼ਨਿੱਚਰਵਾਰ ਨੂੰ ਸੰਜੇ ਰਾਏ ਨੂੰ ਪਿਛਲੇ ਸਾਲ 9 ਅਗਸਤ ਨੂੰ ਹਸਪਤਾਲ ’ਚ ਪੋਸਟ ਗ੍ਰੈਜੂਏਟ ਟਰੇਨੀ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੇ ਕਤਲ ਦਾ ਦੋਸ਼ੀ ਠਹਿਰਾਇਆ। ਇਸ ਘਿਨਾਉਣੇ ਅਪਰਾਧ ਨੇ ਦੇਸ਼ ਭਰ ’ਚ ਗੁੱਸਾ ਪੈਦਾ ਕਰ ਦਿੱਤਾ ਤੇ ਲੰਬੇ ਸਮੇਂ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਹੇ।