ਭਾਰਤ ਦਾ ਦਰੁਸਤ ਫੈਸਲਾ

Correct Decision

ਭਾਰਤ ਸਰਕਾਰ ਨੇ ਹਮਾਸ-ਇਜ਼ਰਾਈਲ ਜੰਗ ਦੌਰਾਨ ਦੁੱਖ ਸਹਿ ਰਹੀ ਫਲਸਤੀਨੀ ਜਨਤਾ ਲਈ 38 ਟਨ ਤੋਂ ਵੱਧ ਦੀ ਰਾਹਤ ਸਮੱਗਰੀ ਭੇਜੀ ਹੈ। ਗਾਜ਼ਾ ’ਚ ਇਜ਼ਰਾਈਲੀ ਹਮਲੇ ਕਾਰਨ ਫਸਲਤੀਨੀ ਲੋਕ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਭਾਰਤ ਸਰਕਾਰ ਦਾ ਫੈਸਲਾ ਮਾਨਵ ਹਿਤੈਸ਼ੀ ਤੇ ਸਰਬੱਤ ਦਾ ਭਲਾ ਸਿਧਾਂਤ ’ਤੇ ਆਧਾਰਿਤ ਹੈ। ਭਾਵੇਂ ਜੰਗ ਦੇ ਪਹਿਲੇ ਦਿਨ ਹੀ ਭਾਰਤ ਸਰਕਾਰ ਨੇ ਇਜ਼ਰਾਈਲ ਦੀ ਹਮਾਇਤ ਕੀਤੀ ਸੀ ਪਰ ਮਾਨਵਤਾ ਦੇ ਨਜ਼ਰੀਏ ਤੋਂ ਫਲਸਤੀਨੀ ਜਨਤਾ ਦੀ ਭਲਾਈ ਜਾਇਜ਼ ਤੇ ਲਾਜ਼ਮੀ ਹੈ।

ਦਰਅਸਲ ਹਮਾਸ ਤੇ ਫਲਸਤੀਨੀਆਂ ਨੂੰ ਇੱਕ ਕਰਕੇ ਨਹੀਂ ਵੇਖਿਆ ਜਾ ਸਕਦਾ। ਹਮਾਸ ਦੀ ਕਾਰਵਾਈ ਲਈ ਆਮ ਫਲਸਤੀਨੀ ਨਾਗਰਿਕਾਂ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਜੰਗ ਦੇ ਦੌਰਾਨ ਆਮ ਜਨਤਾ ਕਿਸੇ ਦੀ ਵੀ ਦੁਸ਼ਮਣ ਨਹੀਂ ਹੁੰਦੀ। ਜੰਗ ਹਥਿਆਰਬੰਦ ਧਿਰਾਂ ਦੀ ਹੰੁਦੀ ਹੈ। ਜਨਤਾ ਕੋਲ ਨਾ ਤਾਂ ਹਥਿਆਰ ਹੁੰਦੇ ਹਨ ਤੇ ਨਾ ਹੀ ਜਨਤਾ ਕਿਸੇ ’ਤੇ ਹਮਲੇ ਕਰਦੀ ਹੈ। ਬਹਾਦਰ ਸਿਪਾਹੀ ਵੀ ਕਿਸੇ ਨਿਰਦੋਸ਼, ਨਿਹੱਥੇ ’ਤੇ ਹਮਲਾ ਨਹੀਂ ਕਰਦਾ। ਜਿੱਥੋਂ ਤੱਕ ਭਾਰਤੀ ਸੰਸਕ੍ਰਿਤੀ ਦਾ ਸਬੰਧ ਹੈ ਦੁਸ਼ਮਣ ਫੌਜ ਦੇ ਬੇਵੱਸ ਹੋਏ ਜਖ਼ਮੀ ਦੀ ਮੱਦਦ ਦੀ ਰਵਾਇਤ ਰਹੀ ਹੈ। ਚੰਗੀ ਗੱਲ ਹੈ ਕਿ ਭਾਰਤ ਨੇ ਆਪਣੀ ਵਿਰਾਸਤ ਨੂੰ ਸੰਭਾਲਿਆ ਹੈ।

ਅਮਰੀਕਾ ਨੇ ਵੀ ਇਸ ਗੱਲ ਦੀ ਹਮਾਇਤ ਕੀਤੀ ਸੀ ਕਿ ਇਜ਼ਰਾਈਲ ’ਤੇ ਹੋਏ ਹਮਾਸੀ ਹਮਲਿਆਂ ਲਈ ਫਲਸਤੀਨੀਆਂ ਨੂੰ ਕਸੂਰਵਾਰ ਨਹੀਂ ਮੰਨਿਆ ਜਾ ਸਕਦਾ। ਫਿਰ ਜੇਕਰ ਗਾਜ਼ਾਵਾਸੀ ਨਿਰਦੋਸ਼ ਹਨ ਤਾਂ ਉਹਨਾਂ ਦੀ ਮੱਦਦ ਕਰਨਾ ਵੀ ਸਭ ਦਾ ਇਨਸਾਨੀ ਫਰਜ਼ ਹੈ। ਦੁਖੀ ਫਲਸਤੀਨੀਆਂ ਦੀ ਮੱਦਦ ਲਈ ਅੱਗੇ ਆਉਣਾ ਜ਼ਰੂਰੀ ਹੈ। ਭਾਰਤ ਸਰਕਾਰ ਨੇ ਆਪਣੇ ਅਕਸ ਨੂੰ ਮਜ਼ਬੂਤ ਕੀਤਾ ਹੈ ਕਿ ਅੱਤਵਾਦ ਦੀ ਹਮਾਇਤ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਭਾਰਤ ਨੇ ਫਲਸਤੀਨ ਤੇ ਇਜ਼ਰਾਈਲ ਪ੍ਰਤੀ ਆਪਣੀ ਨਿਰਪੱਖਤਾ ਵਾਲੀ ਪੁਰਾਣੀ ਕੂਟਨੀਤੀ ਨੂੰ ਦੁਹਰਾਇਆ ਹੈ।

ਹਰਿਆਣਾ ’ਚ 372 ਤੇ ਸਰਸਾ ’ਚ 66 ਆਈਓ ਮੁਅੱਤਲ

ਪਿਛਲੇ ਲੰਮੇ ਸਮੇਂ ਤੋਂ ਇਜ਼ਰਾਈਲ ਤੇ ਫਲਸਤੀਨ ਨਾਲ ਭਾਰਤ ਦੇ ਬਰਾਬਰ ਸਬੰਧ ਰਹੇ ਹਨ। ਅਮਰੀਕਾ ਨਾਲ ਨੇੜਤਾ ਦੇ ਬਾਵਜ਼ੂਦ ਭਾਰਤ ਨੇ ਫਲਸਤੀਨ ਨਾਲ ਆਪਣੇ ਸਬੰਧ ਕਾਇਮ ਰੱਖੇ। ਹਮਾਸ-ਇਜ਼ਰਾਈਲ ਜੰਗ ਦੀ ਸ਼ੁਰੂਆਤ ਹਮਾਸ ਦੇ ਹਮਲਿਆਂ ਨਾਲ ਹੋਈ ਇਸ ਲਈ ਭਾਰਤ ਵੱਲੋਂ ਇਜ਼ਰਾਈਲ ਦੀ ਹਮਾਇਤ ਕਾਰਨ ਵਾਜ਼ਿਬ ਹੀ ਸੀ ਜਿਸ ਨਾਲ ਇੱਕ ਵਾਰ ਤਾਂ ਇੱਕ ਸੰਦੇਸ਼ ਗਿਆ ਸੀ ਕਿ ਭਾਰਤ ਨੇ ਫਲਸਤੀਨ ਤੋਂ ਆਪਣੀ ਦੂਰੀ ਬਣਾ ਲਈ ਹੈ ਪਰ ਭਾਰਤ ਸਰਕਾਰ ਨੇ ਕੂਟਨੀਤਿਕ ਮੌਕਾ ਸੰਭਾਲਦਿਆਂ ਫਲਸਤੀਨੀਆਂ ਦੀ ਮੱਦਦ ਕਰਕੇ ਆਪਣੀ ਨਿਰਪੱਖਤਾ ਦਾ ਸਬੂਤ ਦੇ ਦਿੱਤਾ ਹੈ।