ਕੋਰੋਨਾ ਅਤੇ ਗੈਰ-ਜ਼ਿੰਮੇਵਾਰ ਸਿਆਸਤ

ਕੋਰੋਨਾ ਅਤੇ ਗੈਰ-ਜ਼ਿੰਮੇਵਾਰ ਸਿਆਸਤ

ਬਿਹਾਰ ‘ਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਤੇਜ਼ ਹੋ ਗਿਆ ਹੈ ਚੋਣਾਂ ਦੇ ਐਲਾਨ ਵੇਲੇ ਜਿਸ ਤਰ੍ਹਾਂ ਚੋਣਾਂ ਪੜਾਅਵਾਰ ਕਰਵਾਉਣ ਤੇ ਕੋਰੋਨਾ ਨਿਯਮਾਂ ਦੇ ਪਾਲਣ ਦੀ ਗੱਲ ਕੀਤੀ ਗਈ ਸੀ ਉਹ ਸਭ ਗੱਲਾਂ ਹਵਾ ਹੋ ਗਈਆਂ ਹਨ ਬਿਹਾਰ ‘ਚ ਹੋ ਰਹੀਆਂ ਚੋਣ ਰੈਲੀਆਂ ਨੂੰ ਵੇਖ ਕੇ ਲੱਗਦਾ ਹੀ ਨਹੀਂ ਕਿ ਦੇਸ਼ ਅੰਦਰ ਕੋਰੋਨਾ ਮਹਾਂਮਾਰੀ ਦਾ ਦੌਰ ਹੈ ਇੱਕ ਵੀ ਸਿਆਸੀ ਪਾਰਟੀ ਅਜਿਹੀ ਨਜ਼ਰ ਨਹੀਂ ਆ ਰਹੀ ਹੈ ਜਿਸ ਨੇ ਨਿਯਮਾਂ ਦੀਆਂ ਧੱਜੀਆਂ ਨਾ ਉੱਡਾਈਆਂ ਹੋਣ  ਜਨਤਾ ਦਲ (ਯੂ) ਦੇ ਆਗੂ ਚੰਦਰਿਕਾ ਰਾਏ, ਭਾਜਪਾ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ, ਰਾਸ਼ਟਰੀ ਜਨਤਾ ਦਲ ਦੇ ਤੇਜੱਸਵੀ ਯਾਦਵ, ਭਾਜਪਾ ਦੇ ਸੂਬਾ ਪ੍ਰਧਾਨ ਸੰਜੈ ਜਾਇਸਵਾਲ, ਜਨ ਅਧਿਕਾਰ ਪਾਰਟੀ ਦੇ ਆਗੂ ਪੱਪੂ ਯਾਦਵ ਭਾਰੀ ਭੀੜ ਵਾਲੀਆਂ ਰੈਲੀਆਂ ਕੱਢ ਰਹੇ ਹਨ

ਹੈਰਾਨੀ ਤਾਂ ਇਸ ਗੱਲ ਦੀ ਇਹ ਤਸਵੀਰਾਂ ਲਗਭਗ ਸਾਰੀਆਂ ਪਾਰਟੀਆਂ ਦੇ ਵੱਡੇ ਆਗੂਆਂ ਵੱਲੋਂ ਆਪਣੇ ਟਵਿੱਟਰ ਹੈਂਡਲ ਜਾਂ ਫੇਸਬੁੱਕ ਪੇਜ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ ਪਾਰਟੀਆਂ ‘ਤੇ ਕੋਈ ਦੋਸ਼ ਨਹੀਂ ਲਾ ਰਿਹਾ ਸਗੋਂ ਖੁਦ ਹੀ ਪਾਰਟੀਆਂ ਇਸ ਦੀ ਪੁਸ਼ਟੀ ਕਰ ਰਹੀਆਂ ਹਨ

ਇਸ ਮਾਹੌਲ ਨੂੰ ਵੇਖ ਕੇ ਲੱਗਦਾ ਹੈ ਕਿ ਨਿਯਮ ਸਿਰਫ ਆਮ ਦਿਨਾਂ ਦੇ ਆਮ ਲੋਕਾਂ ਲਈ ਹਨ ਸੱਤਾ ਪ੍ਰਾਪਤੀ ਲਈ ਨਾ ਤਾਂ ਕਿਸੇ ਨਿਯਮ ਦੀ ਪ੍ਰਵਾਹ ਹੈ ਤੇ ਨਾ ਹੀ ਕਿਸੇ ਨੂੰ ਕੋਈ ਰੋਕਣ ਵਾਲਾ ਹੈ ਖਾਸਕਰ ਜਦੋਂ ਸੱਤਾਧਾਰੀ ਆਗੂ ਹੀ ਨਿਯਮ ਦੀਆਂ ਧੱਜੀਆਂ ਉਡਾਉਣਗੇ ਤਾਂ ਦੂਜੀਆਂ ਪਾਰਟੀਆਂ ਨੂੰ ਕੌਣ ਰੋਕੇਗਾ ਆਮ ਦਿਨਾਂ ‘ਚ ਪੁਲਿਸ ਆਮ ਲੋਕਾਂ ਦੇ ਚਲਾਨ ਆਮ ਕੱਟਦੀ ਹੈ ਪਰ ਸਿਆਸੀ ਅਖਾੜੇ ‘ਚ ਸਭ ਕੁਝ ਖੁੱਲ੍ਹਾ ਹੈ ਕੋਈ ਵੀ ਸਿਆਸੀ ਆਗੂ ਇਸ ਗੈਰ-ਕਾਨੂੰਨੀ ਵਰਤਾਰੇ (ਘਟਨਾਵਾਂ) ਖਿਲਾਫ ਬੋਲਣ ਲਈ ਵੀ ਹਿੰਮਤ ਨਹੀਂ ਕਰ ਰਿਹਾ ਹੈ ਵੋਟ ਨੇ ਸਭ ਨਿਯਮ ਭੁਲਾ ਦਿੱਤੇ ਹਨ ਇਹ ਸਭ ਕੁਝ ਉਦੋਂ ਹੋ ਰਿਹਾ ਹੈ

ਜਦੋਂ ਦੇਸ਼ ਦੇ ਸਿਹਤ ਮੰਤਰੀ ਹਰਸ਼ਵਰਧਨ ਨੇ ਦੇਸ਼ ਅੰਦਰ ਕੋਰੋਨਾ ਦੇ ਸਮਾਜਿਕ ਫੈਲਾਅ (ਕਮਿਊਨਿਟੀ ਟਰਾਂਸਮਿਸ਼ਨ) ਨੂੰ ਸਵੀਕਾਰ ਕਰ ਲਿਆ ਹੈ ਦੂਜੇ ਪਾਸੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀਆਂ ‘ਚ ਕੋਰੋਨਾ ਦੀ ਦੂਜੀ ਲਹਿਰ ਉਠ ਸਕਦੀ ਹੈ ਭਾਵੇਂ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਰੀਜ਼ਾਂ ‘ਚ ਗਿਰਾਵਟ ਆ ਰਹੀ ਹੈ ਪਰ ਸਮਾਜਿਕ ਫੈਲਾਅ ਚਿੰਤਾਜਨਕ ਹੈ ਬਿਹਾਰ ਚੋਣਾਂ ‘ਚ ਪ੍ਰਧਾਨ ਮੰਤਰੀ ਦੇ ਕੋਰੋਨਾ ਖਿਲਾਫ ਲੋਕ (ਜਨ) ਅੰਦੋਲਨ, ‘ਜਬ ਤੱਕ ਦਵਾਈ ਨਹੀਂ, ਤਬ ਤਕ Îਿਢਲਾਈ ਨਹੀਂ’ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਕੀ ਮੀਡੀਆ ‘ਚ ਆਈਆਂ ਇਨ੍ਹਾਂ ਤਸਵੀਰਾਂ ਬਾਰੇ ਦੇਸ਼ ਦਾ ਸਿਹਤ ਵਿਭਾਗ ਕੋਈ ਕਦਮ ਚੁੱਕੇਗਾ ਬਿਹਾਰ ਵਰਗੇ ਗਰੀਬ ਸੂਬੇ ‘ਚ ਕੋਰੋਨਾ ਨਿਯਮ ਦੀਆਂ ਧੱਜੀਆਂ ਉਡਣੀਆਂ ਹੋਰ ਵੀ ਖਤਰਨਾਕ ਹਨ ਜਿੱਥੇ ਸਿਹਤ ਢਾਂਚਾ ਮਜ਼ਬੂਤ ਨਹੀਂ ਹੈ ਕੇਂਦਰ ਤੇ ਸੂਬਾ ਸਰਕਾਰ ਦੋਵਾਂ ਨੂੰ ਇਸ ਮਾਮਲੇ ‘ਚ ਕਾਨੂੰਨ ਲਾਗੂ ਕਰਵਾਉਣ ਲਈ ਦਲੇਰੀ ਤੇ ਨਿਰਪੱਖਤਾ ਨਾਲ ਕੰਮ ਕਰਨਾ ਪਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.