Seechewal Model: ਅੱਠਾਂ ਪਿੰਡਾਂ ਦਾ ਪਾਣੀ ਸੋਧਿਆ ਜਾਵੇਗਾ : ਸੀਚੇਵਾਲ
Seechewal Model: ਲੁਧਿਆਣਾ (ਜਸਵੀਰ ਸਿੰਘ ਗਹਿਲ)। ਬੁੱਢੇ ਦਰਿਆ ਨੂੰ ਮੁੜ ਪਵਿੱਤਰ ਬਣਾਉਣ ਦੀ ਸ਼ੁਰੂ ਕੀਤੀ ਗਈ ਕਾਰ ਸੇਵਾ ਦੌਰਾਨ ਜਿਹੜੇ ਅੱਠ ਪਿੰਡਾਂ ਦਾ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਪੈ ਰਿਹਾ ਸੀ, ਉਸਨੂੰ ਰੋਕਣ ਲਈ ਤਿੰਨ ਪਿੰਡਾਂ ਵਿੱਚ ਸੀਚੇਵਾਲ ਮਾਡਲ ਤਹਿਤ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਇਹਨਾਂ ਪਿੰਡਾਂ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਪਿੰਡ ਭੂਖੜੀ ਖੁਰਦ ਵਿੱਚ ਸੀਚੇਵਾਲ ਮਾਡਲ ਤਹਿਤ ਬਣਾਏ ਜਾ ਰਹੇ ਤਿੰਨ ਖੂਹਾਂ ਦੇ ਨਿਰਮਾਣ ਦਾ ਕੰਮ 70 ਫੀਸਦੀ ਮੁਕੰਮਲ ਹੋ ਚੁੱਕਾ ਹੈ।ਇਸ ਤਰ੍ਹਾਂ ਲੱਖੋਵਾਲ ਪਿੰਡ ਵਿੱਚ ਵੀ ਕੰਮ ਮੁਕੰਮਲ ਹੋਣ ਦੇ ਨੇੜੇ ਹੈ।
ਸੀਚੇਵਾਲ ਨੇ ਦੱਸਿਆ ਕਿ ਭੂਖੜੀ ਖੁਰਦ ਵਿੱਚ ਛੱਪੜ ਨੂੰ ਸਾਫ ਕਰਨਾ ਹੀ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸ ਪਿੰਡ ਦਾ ਛੱਪੜ ਬਿਲਕੁਲ ਬੁੱਢੇ ਦਰਿਆ ਦੇ ਕਿਨਾਰੇ ’ਤੇ ਹੈ। ਇਸ ਛੱਪੜ ਵਿੱਚ ਡੇਅਰੀਆਂ ਦਾ ਪੈ ਰਿਹਾ ਗੋਹਾ ਕੱਢਣ ਲਈ ਹੀ ਲੱਗਭਗ ਇੱਕ ਹਫਤੇ ਦਾ ਸਮਾਂ ਲੱਗ ਗਿਆ। ਉਨ੍ਹਾਂ ਦੱਸਿਆ ਕਿ ਲਗਾਤਾਰ ਦੋ ਮਸ਼ੀਨਾਂ ਗੋਹਾ ਕੱਢਣ ਲਈ ਦਿਨ-ਰਾਤ ਚੱਲਦੀਆਂ ਰਹੀਆਂ ਤਾਂ ਜਾ ਕੇ ਇਸ ਗੋਹੇ ਨੂੰ ਕੱਢਿਆ ਜਾ ਸਕਿਆ।
Seechewal Model
ਹੁਣ ਸੀਚੇਵਾਲ ਮਾਡਲ ਤਹਿਤ ਬਣ ਰਹੇ ਖੂਹਾਂ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ ਤੇ ਜਲਦੀ ਹੀ ਇਸ ਪਿੰਡ ਦਾ ਗੰਦਾ ਪਾਣੀ ਸੋਧਕੇ ਖੇਤੀ ਨੂੰ ਲੱਗਦਾ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਇੱਕ ਵੱਖਰੀ ਟੀਮ ਪਿੰਡ ਲੱਖੋਵਾਲ ਵਿੱਚ ਸੀਚੇਵਾਲ ਮਾਡਲ ਤਹਿਤ ਛੱਪੜ ਦਾ ਨਿਰਮਾਣ ਕਰਨ ਵਿੱਚ ਲੱਗੀ ਹੋਈ ਹੈ। ਪਿੰਡ ਬੁੱਢੇਵਾਲ ਵਿੱਚ ਛੱਪੜ ਦੀ ਖੁਦਾਈ ਕਰਕੇ ਨਿਰਮਾਣ ਦਾ ਕਾਰਜ ਚੱਲ ਰਿਹਾ ਹੈ।ਜ਼ਿਕਰਯੋਗ ਹੈ ਕਿ ਬੁੱਢੇ ਦਰਿਆ ਦੀ ਚੱਲ ਰਹੀ ਕਾਰਸੇਵਾ ਦੌਰਾਨ ਚਾਰ ਥਾਵਾਂ ’ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਗੁਰਦੁਆਰਾ ਗਊਘਾਟ ਨੇੜੇ ਪੰਪਿੰਗ ਸਟੇਸ਼ਨ ਅਤੇ ਜਮਾਲਪੁਰ ਰੋਡ ’ਤੇ 225 ਐੱਮਐੱਲਡੀ ਟਰੀਟਮੈਂਟ ਪਲਾਂਟ ਦੇ ਨੇੜੇ ਦੋ ਕਰੇਨਾਂ ਬੁੱਢੇ ਦਰਿਆ ਵਿੱਚੋਂ ਗਾਰ ਕੱਢਣ ਲਈ ਲੱਗੀਆਂ ਹੋਈਆਂ ਹਨ। ਦਰਿਆ ਵਿੱਚ 8 ਤੋਂ 10 ਫੁੱਟ ਤੱਕ ਗਾਰ ਜੰਮਣ ਨਾਲ ਪਾਣੀ ਦਾ ਵਹਾਅ ਉਲਟ ਦਿਸ਼ਾ ਵੱਲ ਜਾ ਰਿਹਾ ਸੀ। ਇਹ ਦੋਵੇਂ ਕਰੇਨਾਂ ਚੱਲਣ ਨਾਲ ਦਰਿਆ ਵਿੱਚ ਵੱਡੇ ਪੱਧਰ ’ਤੇ ਗਾਰ ਕੱਢੀ ਗਈ ਹੈ, ਜਿਸ ਨਾਲ ਦਰਿਆ ਦਾ ਵਹਾਅ ਠੀਕ ਦਿਸ਼ਾ ਵੱਲ ਚੱਲਣ ਲੱਗ ਗਿਆ ਹੈ। ਇਸੇ ਤਰ੍ਹਾਂ ਜ਼ਮਾਲਪੁਰ ਰੋਡ ’ਤੇ ਹੀ ਬਣਾਏ ਜਾ ਰਹੇ ਇਸ਼ਨਾਨ ਘਾਟ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ਼ਨਾਨ ਘਾਟ ਹੋਰ ਬਣਾਉਣ ਵਾਸਤੇ ਵੀ ਪੱਥਰ ਮੰਗਵਾਇਆ ਗਿਆ ਹੈ।
ਬੁੱਢੇ ਦਰਿਆ ਦੇ ਉਪਰੀ ਹਿੱਸੇ ਦੇ ਜਿਹੜੇ ਅੱਠ ਪਿੰਡਾਂ ਦਾ ਗੰਦਾ ਪਾਣੀ ਦਰਿਆ ਵਿੱਚ ਪੈ ਰਿਹਾ ਹੈ, ਉਸਨੂੰ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਤਹਿਤ ਚਾਰ ਪਿੰਡਾਂ ਨੂੰ 6000 ਲੀਟਰ ਵਾਲੇ ਵੈਕਿਊਮ ਟੈਂਕਰ ਦੇਣ ਵਾਸਤੇ 15 ਲੱਖ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਹ ਵੈਕਿਊਮ ਟੈਂਕਰ ਡੇਅਰੀਆਂ ਵਿੱਚੋਂ ਦਰਿਆ ਵਿੱਚ ਪੈ ਰਹੇ ਮਲ ਮੂਤਰ ਨੂੰ ਚੁੱਕ ਕੇ ਖੇਤਾਂ ਤੱਕ ਪਹੰੁਚਣ ਲਈ ਵਰਤੇ ਜਾਣਗੇ। ਇਸੇ ਤਰ੍ਹਾਂ ਪੀਣ ਵਾਲੇ ਪਾਣੀ ਦੇ 5000 ਲੀਟਰ ਵਾਲੇ ਨਵੇਂ ਟੈਂਕਰਾਂ ਲਈ ਦੋ ਪਿੰਡਾਂ ਨੂੰ 7 ਲੱਖ 31 ਹਜ਼ਾਰ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।